ਜਲੰਧਰ (ਖੁਰਾਣਾ)-ਜਿਮਖਾਨਾ ਕਲੱਬ ਦੀਆਂ ਚੋਣਾਂ ਵਿਚ ਪਿਛਲੇ ਕਈ ਸਾਲਾਂ ਤੋਂ ਦਮਦਾਰ ਪ੍ਰਦਰਸ਼ਨ ਕਰਨ ਵਾਲਾ ਪ੍ਰੋਗਰੈਸਿਵ ਗਰੁੱਪ ਇਸ ਵਾਰ ਬੁਰੀ ਤਰ੍ਹਾਂ ਪੱਛੜਦਾ ਨਜ਼ਰ ਆ ਰਿਹਾ ਹੈ। ਸਾਰੀ ਚੋਣ ਰਣਨੀਤੀ ਬਣਾਉਣ ਅਤੇ ਉਮੀਦਵਾਰਾਂ ਨੂੰ ਜਿਤਾਉਣ ਦਾ ਦਾਅਵਾ ਕਰਨ ਵਾਲੇ ਕਈ ਕਿੰਗ-ਮੇਕਰ ਇਸ ਵਾਰ ਅਚੀਵਰਜ਼ ਗਰੁੱਪ ਦੇ ਸਾਹਮਣੇ ਖੜ੍ਹੇ ਹੋਣ ਤੱਕ ਦਾ ਹੌਸਲਾ ਨਹੀਂ ਜੁਟਾ ਪਾ ਰਹੇ। ਹਾਲਾਤ ਇਥੋਂ ਤੱਕ ਪਹੁੰਚ ਗਏ ਕਿ ਪਹਿਲਾਂ ਚੋਣ ਮੈਦਾਨ ਤੋਂ ਹਟਣ ਦਾ ਐਲਾਨ, ਫਿਰ ਅਚਾਨਕ ਐਕਟਿਵ ਹੋਣ ਦੀ ਕੋਸ਼ਿਸ਼ ਅਤੇ ਹੁਣ ਦੁਬਾਰਾ ਸੰਨਾਟਾ, ਪ੍ਰੋਗਰੈਸਿਵ ਦੀ ਰਾਜਨੀਤੀ 'ਤੇ ਕਲੱਬ ਮੈਂਬਰਾਂ ਵਿਚ ਖ਼ੂਬ ਚਟਕਾਰੇ ਲਏ ਜਾ ਰਹੇ ਹਨ। ਆਮ ਚਰਚਾ ਰਹੀ ਕਿ ਜਿਮਖਾਨਾ ਕਲੱਬ ਚੋਣਾਂ ਵਿਚ ਥੋੜ੍ਹੀ ਜਿਹੀ ਗਰਮੀ ਦਿਖਾਉਣ ਵਾਲਾ ਪ੍ਰੋਗਰੈਸਿਵ ਗਰੁੱਪ ਇਕ ਵਾਰ ਫਿਰ ਠੰਢਾ ਹੋ ਕੇ ਬੈਠ ਗਿਆ ਹੈ।
ਇਹ ਵੀ ਪੜ੍ਹੋ: ਜਲੰਧਰ 'ਚ ਹੋਏ ਡਬਲ ਮਰਡਰ ਦੇ ਮਾਮਲੇ 'ਚ ਇਕ ਹੋਰ ਹੈਰਾਨ ਕਰਦਾ ਖ਼ੁਲਾਸਾ! ਮੁਲਜ਼ਮ ਨੇ ਬੱਸ ਸਟੈਂਡ 'ਤੇ...
ਜ਼ਿਕਰਯੋਗ ਹੈ ਕਿ ਕੁਝ ਹਫ਼ਤੇ ਪਹਿਲਾਂ ਅਚੀਵਰਜ਼ ਗਰੁੱਪ ਨੇ ਸੈਕਟਰੀ ਅਹੁਦੇ ਲਈ ਅਮਿਤ ਕੁਕਰੇਜਾ, ਵਾਈਸ ਪ੍ਰੈਜ਼ੀਡੈਂਟ ਲਈ ਧੀਰਜ ਸੇਠ, ਜੁਆਇੰਟ ਸੈਕਟਰੀ ਲਈ ਹਰਪ੍ਰੀਤ ਸਿੰਘ ਗੋਲਡੀ ਅਤੇ ਕੈਸ਼ੀਅਰ ਅਹੁਦੇ ਲਈ ਸੌਰਭ ਖੁੱਲਰ ਨੂੰ ਮੈਦਾਨ ਵਿਚ ਉਤਾਰਿਆ ਸੀ। ਇਸ ਤੋਂ ਬਾਅਦ ਪ੍ਰੋਗਰੈਸਿਵ ਗਰੁੱਪ ਨਾਲ ਜੁੜੇ ਕੁਝ ਫਾਊਂਡਰ ਮੈਂਬਰਾਂ ਨੇ ਆਪਸ ਵਿਚ ਸਲਾਹ-ਮਸ਼ਵਰਾ ਕਰਕੇ ਇਨ੍ਹਾਂ ਚਾਰਾਂ ਉਮੀਦਵਾਰਾਂ ਨੂੰ ਸਮਰਥਨ ਦੇਣ ਅਤੇ ਖ਼ੁਦ ਚੋਣ ਮੈਦਾਨ ਵਿਚੋਂ ਹਟਣ ਦਾ ਐਲਾਨ ਕਰ ਦਿੱਤਾ। ਪ੍ਰੋਗਰੈਸਿਵ ਦੇ ਇਸ ਕਦਮ ਨਾਲ ਕਲੱਬ ਮੈਂਬਰਾਂ ਵਿਚ ਖ਼ਾਸਾ ਰੋਸ ਪੈਦਾ ਹੋਇਆ। ਮੈਂਬਰਾਂ ਦਾ ਸਵਾਲ ਸੀ ਕਿ ਕਲੱਬ ਦੀਆਂ ਚੋਣਾਂ ਲੋਕਤੰਤਰਿਕ ਤਰੀਕੇ ਨਾਲ ਹੋਣੀਆਂ ਚਾਹੀਦੀਆਂ ਹਨ। ਜੇਕਰ ਦੋਵੇਂ ਗਰੁੱਪ ਆਪਸ ਵਿਚ ਬੈਠ ਕੇ ਉਮੀਦਵਾਰ ਤੈਅ ਕਰਕੇ ਮੈਂਬਰਾਂ 'ਤੇ ਠੋਸ ਦੇਣਗੇ ਤਾਂ ਫਿਰ ਚੋਣਾਂ ਦੀ ਲੋੜ ਹੀ ਕੀ ਰਹਿ ਜਾਂਦੀ ਹੈ?
ਮੈਂਬਰਾਂ ਦੇ ਵਧਦੇ ਰੋਸ ਨੂੰ ਭਾਂਪਦਿਆਂ ਦੋ ਦਿਨ ਪਹਿਲਾਂ ਪ੍ਰੋਗਰੈਸਿਵ ਗਰੁੱਪ ਫਿਰ ਐਕਟਿਵ ਹੋਇਆ। ਫਾਊਂਡਰ ਮੈਂਬਰਾਂ ਦੀ ਇਕ ਅਹਿਮ ਮੀਟਿੰਗ ਪੱਪੂ ਖੋਸਲਾ ਦੇ ਘਰ ਹੋਈ, ਜਿਸ ਵਿਚ ਇਕ ਦਰਜਨ ਤੋਂ ਵੱਧ ਫਾਊਂਡਰ ਮੈਂਬਰ ਸ਼ਾਮਲ ਹੋਏ। ਮੀਟਿੰਗ ਵਿਚ ਵੱਡੇ-ਵੱਡੇ ਦਾਅਵੇ ਹੋਏ, ਇਕ-ਦੂਜੇ ਨੂੰ ਚੋਣ ਮੈਦਾਨ ਵਿਚ ਉਤਰਨ ਲਈ ਮਨਾਇਆ ਗਿਆ ਅਤੇ ਮਾਹੌਲ ਅਜਿਹਾ ਬਣਾਇਆ ਗਿਆ ਕਿ ਜਿਵੇਂ ਕਲੱਬ ਦੀ ਪੂਰੀ ਚੋਣ ਤਸਵੀਰ ਹੀ ਬਦਲਣ ਵਾਲੀ ਹੋਵੇ, ਸਰਕਾਰ ਪਲਟਣ ਜਾ ਰਹੀ ਹੋਵੇ। ਪਰ ਮੀਟਿੰਗ ਨੂੰ 2 ਦਿਨ ਬੀਤ ਜਾਣ ਤੋਂ ਬਾਅਦ ਵੀ ਜ਼ਮੀਨ 'ਤੇ ਕੋਈ ਖ਼ਾਸ ਹਲਚਲ ਵਿਖਾਈ ਨਹੀਂ ਦਿੱਤੀ। ਨਾ ਉਮੀਦਵਾਰਾਂ ਦਾ ਐਲਾਨ ਹੋਇਆ, ਨਾ ਕੋਈ ਬਾਕਾਇਦਾ ਗਰੁੱਪ ਸਾਹਮਣੇ ਆਇਆ ਅਤੇ ਨਾ ਹੀ ਚੋਣ ਰਣਨੀਤੀ ਸਪੱਸ਼ਟ ਹੋਈ। ਅਜਿਹੇ ਵਿਚ ਪ੍ਰੋਗਰੈਸਿਵ ਨਾਲ ਜੁੜੇ ਕਥਿਤ ‘ਕਿੰਗ-ਮੇਕਰ’ ਫਿਰ ਠੰਢੇ ਪੈਂਦੇ ਨਜ਼ਰ ਆ ਰਹੇ ਹਨ। ਕਲੱਬ ਸਰਕਲ ਵਿਚ ਹੁਣ ਇਹੋ ਚਰਚਾ ਹੈ ਕਿ ਦਾਅਵੇ ਤਾਂ ਵੱਡੇ-ਵੱਡੇ ਸਨ, ਪਰ ਮੈਦਾਨ ਵਿਚ ਉਤਰਨ ਦੀ ਵਾਰੀ ਆਈ ਤਾਂ ਸਾਰੇ ਠੁੱਸ ਹੋ ਕੇ ਬੈਠ ਗਏ।
ਇਹ ਵੀ ਪੜ੍ਹੋ: ਭਿਆਨਕ ਸੜਕ ਹਾਦਸੇ 'ਚ ਪੰਜਾਬ ਪੁਲਸ ਦੇ ਮੁਲਾਜ਼ਮ ਦੀ ਮੌਤ, ਕਾਰ ਦੇ ਉੱਡੇ ਪਰਖੱਚੇ
ਅਚੀਵਰਜ਼ ਦੇ ਉਮੀਦਵਾਰਾਂ ਵਿਚ ਫੇਰਬਦਲ ਦੀਆਂ ਚਰਚਾਵਾਂ ਨੇ ਮਚਾਈ ਹਲਚਲ
ਇਸੇ ਦੌਰਾਨ ਕਲੱਬ ਚੋਣਾਂ ਵਿਚ ਉਸ ਸਮੇਂ ਨਵਾਂ ਮੋੜ ਆਉਂਦਾ ਵਿਖਾਈ ਦਿੱਤਾ, ਜਦੋਂ ਅੰਦਰਖਾਤੇ ਪ੍ਰੋਗਰੈਸਿਵ ਅਤੇ ਅਚੀਵਰਜ਼ ਵਿਚਕਾਰ ਕਿਸੇ ਸੰਭਾਵੀ ਸਮਝੌਤੇ ਦੀਆਂ ਚਰਚਾਵਾਂ ਜ਼ੋਰ ਫੜਨ ਲੱਗੀਆਂ। ਕਲੱਬ ਸਰਕਲ ਵਿਚ ਚਰਚਾ ਚੱਲੀ ਕਿ ਅਚੀਵਰਜ਼ ਵੱਲੋਂ ਐਲਾਨੇ ਕੁਝ ਉਮੀਦਵਾਰਾਂ ਵਿਚ ਫੇਰਬਦਲ ਕੀਤਾ ਜਾ ਸਕਦਾ ਹੈ। ਸਭ ਤੋਂ ਵੱਧ ਚਰਚਾ ਜੁਆਇੰਟ ਸੈਕਟਰੀ ਅਹੁਦੇ ਨੂੰ ਲੈ ਕੇ ਰਹੀ। ਕਿਹਾ ਜਾਣ ਲੱਗਾ ਕਿ ਹਰਪ੍ਰੀਤ ਸਿੰਘ ਗੋਲਡੀ ਦੀ ਥਾਂ ਅਨੂ ਮਾਟਾ ਨੂੰ ਐਡਜਸਟ ਕੀਤਾ ਜਾ ਸਕਦਾ ਹੈ, ਜਦਕਿ ਗੋਲਡੀ ਅਤੇ ਜਗਜੀਤ ਸਿੰਘ ਕੰਬੋਜ ਨੂੰ ਐਗਜ਼ੀਕਿਊਟਿਵ ਵਿਚ ਥਾਂ ਦਿੱਤੀ ਜਾ ਸਕਦੀ ਹੈ। ਅਜਿਹੀ ਸਥਿਤੀ ਵਿਚ ਐੱਮ. ਬੀ. ਬਾਲੀ ਅਤੇ ਜੁਬਿਨ ਸ਼ਿੰਗਾਰੀ ਨੂੰ ਐਗਜ਼ੀਕਿਊਟਿਵ ਟੀਮ ਤੋਂ ਹਟਾਏ ਜਾਣ ਦੀ ਵੀ ਚਰਚਾ ਰਹੀ। ਹਾਲਾਂਕਿ ਇਨ੍ਹਾਂ ਚਰਚਾਵਾਂ ਵਿਚ ਫਿਲਹਾਲ ਕੋਈ ਠੋਸ ਦਮ ਨਜ਼ਰ ਨਹੀਂ ਆਇਆ, ਪਰ ਕਲੱਬ ਵਿਚ ਇਸ ਨੂੰ ਲੈ ਕੇ ਖ਼ੂਬ ਗਰਮਾ-ਗਰਮੀ ਰਹੀ ਅਤੇ ਮੈਂਬਰ ਵੀ ਇਸ ਪੂਰੇ ਘਟਨਾਕ੍ਰਮ ’ਤੇ ਜੰਮ ਕੇ ਚਟਕਾਰੇ ਲੈਂਦੇ ਦਿਖਾਈ ਦਿੱਤੇ।
ਇਹ ਵੀ ਪੜ੍ਹੋ: ਜਲੰਧਰ 'ਚ ਹੋਏ ਡਬਲ ਮਰਡਰ ਦੇ ਮਾਮਲੇ 'ਚ ਵੱਡੇ ਖ਼ੁਲਾਸੇ! CCTV ਨੇ ਖੋਲ੍ਹਿਆ ਰਾਜ਼
ਸਿਰਫ਼ ਦਲਜੀਤ ਛਾਬੜਾ ਹੀ ਫੜ ਸਕਦੇ ਹਨ ਪ੍ਰੋਗਰੈਸਿਵ ਦਾ ਝੰਡਾ
ਇਨ੍ਹਾਂ ਤਮਾਮ ਉਥਲ-ਪੁਥਲ ਵਿਚਾਲੇ ਪ੍ਰੋਗਰੈਸਿਵ ਗਰੁੱਪ ਦਾ ਝੰਡਾ ਹੁਣ ਸਾਬਕਾ ਸੈਕਟਰੀ ਐਡਵੋਕੇਟ ਦਲਜੀਤ ਸਿੰਘ ਛਾਬੜਾ ਫੜਦੇ ਨਜ਼ਰ ਆ ਰਹੇ ਹਨ। ਕਲੱਬ ਮੈਂਬਰਾਂ ਵਿਚ ਚਰਚਾ ਹੈ ਕਿ ਜਿੱਥੇ ਪ੍ਰੋਗਰੈਸਿਵ ਦੇ ਕਈ ਪੁਰਾਣੇ ਰਣਨੀਤੀਕਾਰ ਫਿਲਹਾਲ ਸ਼ਾਂਤ ਬੈਠੇ ਹਨ, ਉੱਥੇ ਹੀ ਛਾਬੜਾ ਨੇ ਸਾਫ਼ ਕਰ ਦਿੱਤਾ ਹੈ ਕਿ ਪ੍ਰੋਗਰੈਸਿਵ ਗਰੁੱਪ ਖ਼ਤਮ ਨਹੀਂ ਹੋਇਆ ਹੈ। ਦਲਜੀਤ ਸਿੰਘ ਛਾਬੜਾ ਦਾ ਕਹਿਣਾ ਹੈ ਕਿ ਪ੍ਰੋਗਰੈਸਿਵ ਗਰੁੱਪ ਪਹਿਲਾਂ ਵੀ ਚੋਣਾਂ ਵਿਚ ਪ੍ਰੋਫਾਰਮ ਕਰਦਾ ਰਿਹਾ ਹੈ, ਅੱਜ ਵੀ ਕਾਇਮ ਹੈ ਅਤੇ ਆਉਣ ਵਾਲੇ ਸਮੇਂ ਵਿਚ ਵੀ ਚੋਣ ਮੈਦਾਨ ਵਿਚ ਦਿਖਾਈ ਦੇਵੇਗਾ। ਉਨ੍ਹਾਂ ਦਾ ਸਪੱਸ਼ਟ ਕਹਿਣਾ ਹੈ ਕਿ ਕੋਈ ਵਿਅਕਤੀ ਪ੍ਰੋਗਰੈਸਿਵ ਵੱਲੋਂ ਚੋਣ ਨਾ ਲੜਨ, ਮੈਦਾਨ ਤੋਂ ਹਟਣ ਜਾਂ ਕਿਸੇ ਨੂੰ ਸਮਰਥਨ ਦੇਣ ਦਾ ਐਲਾਨ ਕਰਦਾ ਹੈ, ਤਾਂ ਵੀ ਉਹ ਪ੍ਰੋਗਰੈਸਿਵ ਦੇ ਬੈਨਰ ਹੇਠ ਚੋਣ ਮੈਦਾਨ ਵਿਚ ਉਤਰਨਗੇ। ਉਮੀਦਵਾਰਾਂ ਨੂੰ ਲੈ ਕੇ ਉਨ੍ਹਾਂ ਦਾ ਕਹਿਣਾ ਹੈ ਕਿ ਪਹਿਲਾਂ ਚੋਣ ਸ਼ਡਿਊਲ ਜਾਰੀ ਹੋਣ ਦਿੱਤਾ ਜਾਵੇ। ਇਸ ਤੋਂ ਬਾਅਦ ਅਚੀਵਰਜ਼ ਗਰੁੱਪ ਆਪਣੇ ਉਮੀਦਵਾਰ ਐਲਾਨੇਗਾ ਅਤੇ ਉਸ ਤੋਂ ਤੁਰੰਤ ਬਾਅਦ ਪ੍ਰੋਗਰੈਸਿਵ ਵੀ ਉਨ੍ਹਾਂ ਦੇ ਮੁਕਾਬਲੇ ਆਪਣੇ ਉਮੀਦਵਾਰ ਮੈਦਾਨ ਵਿਚ ਉਤਾਰੇਗਾ।
ਇਹ ਵੀ ਪੜ੍ਹੋ: ਸੁਖਬੀਰ ਬਾਦਲ 'ਤੇ ਹੋਏ ਹਮਲੇ ਨੂੰ ਲੈ ਕੇ ਕੀ ਬੋਲੇ ਰਵਨੀਤ ਬਿੱਟੂ
ਕਲੱਬ ਸਰਕਲ ਵਿਚ ਚੱਲ ਰਹੀਆਂ ਚਰਚਾਵਾਂ ਅਨੁਸਾਰ ਦਲਜੀਤ ਸਿੰਘ ਛਾਬੜਾ ਖ਼ੁਦ ਚੋਣ ਲੜਨ ਦਾ ਮਨ ਬਣਾ ਚੁੱਕੇ ਹਨ ਅਤੇ ਨਾਲ ਹੀ ਵਿਜੇ ਸਹਿਦੇਵ, ਪ੍ਰੋ. ਵਿਪਨ ਝਾਂਜੀ, ਮੇਜਰ ਕੋਛੜ ਅਤੇ ਅਨੂ ਮਾਟਾ ਜਿਹੇ ਨਾਵਾਂ ਨੂੰ ਵੀ ਆਪਣੇ ਧੜੇ ਵਿਚੋਂ ਮੈਦਾਨ ਵਿਚ ਉਤਾਰਨ ਦੀ ਚਰਚਾ ਹੈ। ਇਸ ਤੋਂ ਇਲਾਵਾ ਕੁਝ ਨਵੇਂ ਐਗਜ਼ੀਕਿਊਟਿਵ ਉਮੀਦਵਾਰ ਵੀ ਉਨ੍ਹਾਂ ਦੇ ਧੜੇ ਨਾਲ ਜੁੜ ਸਕਦੇ ਹਨ। ਫਿਲਹਾਲ ਜਿਮਖਾਨਾ ਕਲੱਬ ਦਾ ਚੋਣ ਮਾਹੌਲ ਪੂਰੀ ਤਰ੍ਹਾਂ ਗਰਮਾ ਚੁੱਕਾ ਹੈ। ਪ੍ਰੋਗਰੈਸਿਵ ਦੇ ਵੱਡੇ-ਵੱਡੇ ਦਾਅਵਿਆਂ ਦੇ ਬਾਵਜੂਦ ਹੁਣ ਅਸਲੀ ਪ੍ਰੀਖਿਆ ਮੈਦਾਨ ਵਿਚ ਉਤਰਨ ਦੀ ਹੈ। ਦੇਖਣਾ ਇਹ ਹੋਵੇਗਾ ਕਿ ਪ੍ਰੋਗਰੈਸਿਵ ਵਾਕਈ ਮੁਕਾਬਲੇ ਵਿਚ ਉਤਰਦਾ ਹੈ ਜਾਂ ਫਿਰ ਇਕ ਵਾਰ ਫਿਰ ਰਣਨੀਤੀ, ਮੀਟਿੰਗ ਅਤੇ ਦਾਅਵਿਆਂ ਤੱਕ ਹੀ ਸੀਮਤ ਰਹਿ ਜਾਂਦਾ ਹੈ। ਆਉਣ ਵਾਲਾ ਸਮਾਂ ਹੀ ਦੱਸੇਗਾ ਕਿ ਜਿਮਖਾਨਾ ਕਲੱਬ ਦੀ ਚੋਣ ਕਿਹੜੇ ਗਰੁੱਪਾਂ ਅਤੇ ਕਿਹੜੇ ਉਮੀਦਵਾਰਾਂ ਵਿਚਕਾਰ ਹੁੰਦੀ ਹੈ। ਫਿਲਹਾਲ ਚੋਣ ਚਰਚਾਵਾਂ ਦਾ ਬਾਜ਼ਾਰ ਗਰਮ ਹੈ ਅਤੇ 23 ਦੀ ਬਜਾਏ 30 ਅਗਸਤ ਨੂੰ ਚੋਣਾਂ ਹੋਣ ਦੀਆਂ ਸੰਭਾਵਨਾਵਾਂ ਮਜ਼ਬੂਤ ਹੁੰਦੀਆਂ ਜਾ ਰਹੀਆਂ ਹਨ।
4060 ਦੇ ਕਰੀਬ ਮੈਂਬਰ ਕਰਨਗੇ ਵੋਟਿੰਗ
ਕਲੱਬ ਦੀਆਂ ਆਗਾਮੀ ਚੋਣਾਂ ਨੂੰ ਲੈ ਕੇ ਕਲੱਬ ਮੈਂਬਰਾਂ ਵਿਚ ਸਰਗਰਮੀਆਂ ਤੇਜ਼ ਹੋ ਗਈਆਂ ਹਨ। ਡਰਾਫਟ ਇਲੈਕਟੋਰਲ ਰੋਲ ਜਾਰੀ ਹੋਣ ਤੋਂ ਬਾਅਦ ਵੱਡੀ ਗਿਣਤੀ ਵਿਚ ਕਲੱਬ ਮੈਂਬਰਾਂ ਨੇ ਆਪਣੇ ਬਕਾਏ ਜਮ੍ਹਾ ਕਰਵਾ ਦਿੱਤੇ ਹਨ। ਇਸ ਕਾਰਨ ਕਲੱਬ ਨੂੰ ਵੀ ਬਕਾਇਆ ਰਾਸ਼ੀ ਦੇ ਰੂਪ ਵਿਚ ਕਾਫ਼ੀ ਰਕਮ ਪ੍ਰਾਪਤ ਹੋਈ ਹੈ ਅਤੇ ਹੁਣ 4060 ਦੇ ਕਰੀਬ ਮੈਂਬਰ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰ ਸਕਣਗੇ।
ਡਰਾਫਟ ਵੋਟਰ ਲਿਸਟ ਵਿਚ 4,683 ਮੈਂਬਰਾਂ ਦੇ ਨਾਂ ਸ਼ਾਮਲ ਕੀਤੇ ਗਏ ਸਨ, ਪਰ ਇਨ੍ਹਾਂ ਵਿਚੋਂ 2,000 ਤੋਂ ਵੱਧ ਮੈਂਬਰਾਂ ਦੇ ਖਾਤੇ ਵਿਚ ਕਿਸੇ ਨਾ ਕਿਸੇ ਤਰ੍ਹਾਂ ਦਾ ਬਕਾਇਆ ਦਰਜ ਸੀ। ਕਲੱਬ ਮੈਨੇਜਮੈਂਟ ਵੱਲੋਂ ਡਿਊਜ਼ ਕਲੀਅਰ ਕਰਨ ਲਈ 13 ਅਗਸਤ ਤੱਕ ਦਾ ਸਮਾਂ ਦਿੱਤਾ ਗਿਆ ਸੀ। ਵੀਰਵਾਰ ਰਾਤੀਂ ਲਗਭਗ 10 ਵਜੇ ਤੱਕ ਕਲੱਬ ਸਟਾਫ਼ ਨੇ ਮੈਂਬਰਾਂ ਤੋਂ ਬਕਾਇਆ ਰਾਸ਼ੀ ਪ੍ਰਾਪਤ ਕੀਤੀ, ਜਦਕਿ ਇਸ ਤੋਂ ਬਾਅਦ ਰਾਤ 12 ਵਜੇ ਤੱਕ ਜਿਹੜੇ ਮੈਂਬਰਾਂ ਨੇ ਆਨਲਾਈਨ ਆਪਣੇ ਡਿਊਜ਼ ਜਮ੍ਹਾ ਕਰਵਾਏ, ਉਨ੍ਹਾਂ ਨੂੰ ਵੀ ਫਾਈਨਲ ਵੋਟਰ ਰੋਲ ਵਿਚ ਸ਼ਾਮਲ ਕੀਤਾ ਜਾਵੇਗਾ। ਕਲੱਬ ਮੈਨੇਜਮੈਂਟ ਵੱਲੋਂ ਹੁਣ ਫਾਈਨਲ ਇਲੈਕਟੋਰਲ ਰੋਲ ਤਿਆਰ ਕੀਤਾ ਜਾ ਰਿਹਾ ਹੈ। ਜਾਣਕਾਰੀ ਅਨੁਸਾਰ 14 ਅਗਸਤ ਨੂੰ ਸਵੇਰੇ 10 ਵਜੇ ਫਾਈਨਲ ਵੋਟਰ ਲਿਸਟ ਕਲੱਬ ਦੇ ਨੋਟਿਸ ਬੋਰਡ ’ਤੇ ਡਿਸਪਲੇਅ ਕਰ ਦਿੱਤੀ ਜਾਵੇਗੀ। ਇਸ ਤੋਂ ਬਾਅਦ ਇਹ ਸਪੱਸ਼ਟ ਹੋ ਜਾਵੇਗਾ ਕਿ ਇਸ ਵਾਰ ਅਸਲ ਵਿਚ ਕਿੰਨੇ ਮੈਂਬਰ ਚੋਣਾਂ ਵਿਚ ਆਪਣੀ ਵੋਟ ਦੀ ਵਰਤੋਂ ਕਰ ਸਕਣਗੇ।
ਇਹ ਵੀ ਪੜ੍ਹੋ: ਜਲੰਧਰ ਕਰ 'ਤਾ ਸੀਲ! ਐਕਸ਼ਨ ਮੋਡ 'ਚ CP ਸਤਿੰਦਰ ਸਿੰਘ, ਜਾਰੀ ਕੀਤੇ ਦਿਸ਼ਾ-ਨਿਰਦੇਸ਼
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਜ਼ਿਲ੍ਹਾ ਪੱਧਰੀ ਸੇਫ ਸਕੂਲ ਵਾਹਨ ਟੀਮ ਵਲੋਂ ਸਕੂਲੀ ਵੈਨਾਂ ਦੀ ਚੈਕਿੰਗ, 6 ਵਾਹਨਾਂ ਦੇ ਚਲਾਨ
NEXT STORY