ਜਲੰਧਰ (ਅਨਿਲ ਪਾਹਵਾ) : ਜਲੰਧਰ ਲੋਕ ਸਭਾ ਉਪ-ਚੋਣ ਵਿਚ ਸਾਹਮਣੇ ਆਏ ਨਤੀਜੇ ਕਾਫ਼ੀ ਹੈਰਾਨੀਜਨਕ ਰਹੇ। ਆਮ ਆਦਮੀ ਪਾਰਟੀ ਨੇ ਇਸ ਸੀਟ ਤੋਂ ਕਾਂਗਰਸ, ਅਕਾਲੀ ਦਲ ਤੇ ਭਾਜਪਾ ਦਾ ਸੂਪੜਾ ਸਾਫ਼ ਕਰ ਦਿੱਤਾ। ਇਸ ਚੋਣ ਵਿਚ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੇ ਵੱਲੋਂ ਪੂਰੀ ਤਾਕਤ ਲਾਈ ਹੋਈ ਸੀ ਪਰ ਕੁਝ ਅਜਿਹੇ ਵੀ ਲੋਕ ਸਨ, ਜੋ ਪਾਰਟੀ ਵੱਲੋਂ ਅਹਿਮ ਅਹੁਦੇ ’ਤੇ ਸੁਸ਼ੋਭਿਤ ਹੋਣ ਦੇ ਬਾਵਜੂਦ ਪ੍ਰਚਾਰ ਲਈ ਨਹੀਂ ਆਏ। ਖਾਸ ਤੌਰ ’ਤੇ ਜਲੰਧਰ ਤੋਂ ਰਾਜ ਸਭਾ ਮੈਂਬਰ ਹਰਭਜਨ ਸਿੰਘ, ਜੋ ਪੇਸ਼ੇ ਤੋਂ ਕ੍ਰਿਕਟਰ ਵੀ ਰਹੇ ਹਨ।
ਇਹ ਵੀ ਪੜ੍ਹੋ : 2022 ’ਚ ‘ਆਪ’ ਦੀ ਹਨੇਰੀ ਵਿਚਾਲੇ 5 ਵਿਧਾਨ ਸਭਾ ਹਲਕੇ ਜਿੱਤਣ ਵਾਲੀ ਕਾਂਗਰਸ ਜ਼ਿਮਨੀ ਚੋਣ ’ਚ
ਜਲੰਧਰ ਵਿਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੁਸ਼ੀਲ ਰਿੰਕੂ ਦੇ ਪ੍ਰਚਾਰ ਲਈ ‘ਆਪ’ ਮੁਖੀ ਅਰਵਿੰਦ ਕੇਜਰੀਵਾਲ ਤੋਂ ਲੈ ਕੇ ਸੀ. ਐੱਮ. ਭਗਵੰਤ ਮਾਨ ਅਤੇ ਕਈ ਵੱਡੇ ਨੇਤਾ, ਮੰਤਰੀ ਤੇ ਵਿਧਾਇਕ ਮੈਦਾਨ ਵਿਚ ਜੁਟੇ ਰਹੇ ਪਰ ਹਰਭਜਨ ਸਿੰਘ ਕਿਤੇ ਨਜ਼ਰ ਨਹੀਂ ਆਏ। ਹਰਭਜਨ ਜਲੰਧਰ ਦੇ ਵਾਸੀ ਹਨ ਪਰ ਅੱਜਕੱਲ ਉਹ ਮੁੰਬਈ ਵਿਚ ਰਹਿ ਰਹੇ ਹਨ। ਜਦੋਂ ਪਾਰਟੀ ਨੂੰ ਉਨ੍ਹਾਂ ਦੀ ਲੋੜ ਪਈ ਤਾਂ ਉਹ ਮੈਦਾਨ ਵਿਚ ਨਹੀਂ ਉਤਰੇ। ਬੇਸ਼ੱਕ ਪਾਰਟੀ ਚੰਗੇ ਮਾਰਜਨ ਨਾਲ ਜਿੱਤ ਗਈ ਪਰ ਪਾਰਟੀ ਵੱਲੋਂ ਦਿੱਤੇ ਗਏ ਬਿਹਤਰ ਮਾਣ-ਸਨਮਾਨ ਦੇ ਬਾਵਜੂਦ ਹਰਭਜਨ ਸਿੰਘ ਨੇ ਪਾਰਟੀ ਲਈ ਕੰਮ ਕਰਨਾ ਜ਼ਰੂਰੀ ਨਹੀਂ ਸਮਝਿਆ। ਪੰਜਾਬ ਤੋਂ ਅਸ਼ੋਕ ਮਿੱਤਲ ਤੇ ਸੰਜੀਵ ਅਰੋੜਾ ਵੀ ਰਾਜ ਸਭਾ ਮੈਂਬਰ ਹਨ ਅਤੇ ਇਨ੍ਹਾਂ ਲੋਕਾਂ ਨੇ ਪਾਰਟੀ ਉਮੀਦਵਾਰ ਨੂੰ ਜਿਤਾਉਣ ਲਈ ਆਪਣੇ ਵੱਲੋਂ ਹਰ ਸੰਭਵ ਕੋਸ਼ਿਸ਼ ਕੀਤੀ ਪਰ ਹਰਭਜਨ ਸਿੰਘ ਦਾ ਇੰਝ ਗਾਇਬ ਰਹਿਣਾ ਆਮ ਆਦਮੀ ਪਾਰਟੀ ਦੇ ਵਰਕਰਾਂ ਨੂੰ ਕਾਫ਼ੀ ਪ੍ਰੇਸ਼ਾਨ ਕਰਨ ਵਾਲਾ ਰਿਹਾ। ਅਜਿਹੀ ਸਥਿਤੀ ’ਚ ਪਾਰਟੀ ਦੇ ਕਈ ਲੋਕ ਤਾਂ ਇਹ ਵੀ ਸਵਾਲ ਖਡ਼੍ਹਾ ਕਰ ਰਹੇ ਹਨ ਕਿ ਕਿਤੇ ਹਰਭਜਨ ਸਿੰਘ ਕਿਸੇ ਦੂਜੇ ਖੇਮੇ ਦੇ ਸਮਰਥਕ ਤਾਂ ਨਹੀਂ ਹਨ।
ਇਹ ਵੀ ਪੜ੍ਹੋ : ਜਲੰਧਰ ਜ਼ਿਮਨੀ ਚੋਣ ’ਚ ਜਾਣੋ ‘ਆਮ ਆਦਮੀ ਪਾਰਟੀ’ ਦੀ ਜਿੱਤ ਦੇ 10 ਵੱਡੇ ਕਾਰਨ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਚੋਣ ਨਤੀਜੇ ਤੋਂ ਬਾਅਦ ਕਾਂਗਰਸ ’ਚ ਛਿੜੀ ਨਵੀਂ ਚਰਚਾ: ਇਸ ਫ਼ੈਸਲੇ ਕਾਰਨ ਢਹਿ-ਢੇਰੀ ਹੋਇਆ ਜਲੰਧਰ ਦਾ 'ਕਿਲ੍ਹਾ'
NEXT STORY