ਜਲੰਧਰ (ਚੋਪੜਾ)–2022 ਦੀਆਂ ਵਿਧਾਨ ਸਭਾ ਚੋਣਾਂ ’ਚ ਆਮ ਆਦਮੀ ਪਾਰਟੀ ਦੀ ਚੱਲੀ ਹਨੇਰੀ ਵਿਚਾਲੇ ਵੀ ਜਲੰਧਰ ਦੇ 9 ਵਿਧਾਨ ਸਭਾ ਹਲਕਿਆਂ ’ਚੋਂ 5 ਸੀਟਾਂ ਜਿੱਤਣ ਵਾਲੀ ਕਾਂਗਰਸ 14 ਮਹੀਨਿਆਂ ਬਾਅਦ ਹੋਈ ਲੋਕ ਸਭਾ ਦੀ ਜ਼ਿਮਨੀ ਚੋਣ ’ਚ ਚਾਰੋਂ ਖਾਨੇ ਚਿੱਤ ਹੋ ਕੇ ਰਹਿ ਗਈ ਹੈ। ਕਾਂਗਰਸੀ ਆਗੂਆਂ ਦਾ ਓਵਰ ਕਾਨਫੀਡੈਂਸ ਹੀ ਪਾਰਟੀ ਨੂੰ ਲੈ ਡੁੱਬਿਆ, ਜਦਕਿ ‘ਆਪ’ ਨੇ ਜ਼ਮੀਨੀ ਪੱਧਰ ’ਤੇ ਜਿਥੇ ਕਾਂਗਰਸ ਅਤੇ ਹੋਰਨਾਂ ਪਾਰਟੀਆਂ ਵਿਚ ਘੁਸਪੈਠ ਕਰ ਕੇ ਉਨ੍ਹਾਂ ਦੇ ਆਗੂਆਂ ਨੂੰ ਪਾਰਟੀ ’ਚ ਸ਼ਾਮਲ ਕੀਤਾ, ਉਥੇ ਹੀ ਚੋਣ ਪ੍ਰਚਾਰ ਨੂੰ ਬਹੁਤ ਸਹਿਜ ਢੰਗ ਨਾਲ ਲੈ ਕੇ ਜਿੱਤ ਹਾਸਲ ਕਰਨ ’ਚ ਸਫ਼ਲਤਾ ਪ੍ਰਾਪਤ ਕੀਤੀ। ਜਲੰਧਰ ਦੇ ਵੋਟਰਾਂ ਨੇ ਸਾਰੇ 9 ਵਿਧਾਨ ਸਭਾ ਹਲਕਿਆਂ ’ਚ ਕਾਂਗਰਸੀ ਉਮੀਦਵਾਰ ਨੂੰ ਸਮਰਥਨ ਤਾਂ ਦਿੱਤਾ ਪਰ ਕਿਸੇ ਵੀ ਹਲਕੇ ਵਿਚੋਂ ਕਾਂਗਰਸ ਬੜ੍ਹਤ ਨਹੀਂ ਲੈ ਸਕੀ।
ਇਹ ਖ਼ਬਰ ਵੀ ਪੜ੍ਹੋ : ਜਲੰਧਰ ਜ਼ਿਮਨੀ ਚੋਣ : ਵਿਧਾਨ ਸਭਾ ਹਲਕਾ ਮੁਤਾਬਕ ਜਾਣੋ ਕਿਸ ਪਾਰਟੀ ਨੂੰ ਪਈਆਂ ਕਿੰਨੀਆਂ ਵੋਟਾਂ
ਜਲੰਧਰ ਲੋਕ ਸਭਾ ਹਲਕੇ ਦੇ ਕੈਂਟ ਇਲਾਕੇ ’ਚ ਵਿਧਾਇਕ ਪਰਗਟ ਸਿੰਘ, ਫਿਲੌਰ ਵਿਧਾਨ ਸਭਾ ਹਲਕੇ ਦੇ ਵਿਧਾਇਕ ਚੌਧਰੀ ਵਿਕਰਮਜੀਤ ਸਿੰਘ, ਸ਼ਾਹਕੋਟ ਹਲਕੇ ਦੇ ਵਿਧਾਇਕ ਅਤੇ ਜ਼ਿਲ੍ਹਾ ਕਾਂਗਰਸ ਦਿਹਾਤੀ ਦੇ ਪ੍ਰਧਾਨ ਲਾਡੀ ਸ਼ੇਰੋਵਾਲੀਆ, ਆਦਮਪੁਰ ਵਿਧਾਨ ਸਭਾ ਹਲਕੇ ਦੇ ਵਿਧਾਇਕ ਸੁਖਵਿੰਦਰ ਸਿੰਘ ਕੋਟਲੀ ਅਤੇ ਨਾਰਥ ਵਿਧਾਨ ਸਭਾ ਹਲਕੇ ਦੇ ਵਿਧਾਇਕ ਬਾਵਾ ਹੈਨਰੀ ਆਪਣੇ-ਆਪਣੇ ਹਲਕਿਆਂ ਵਿਚ ਆਮ ਆਦਮੀ ਪਾਰਟੀ ਤੋਂ ਪਿੱਛੜ ਗਏ ਹਨ, ਜਦਕਿ ਸੈਂਟਰਲ ਵਿਧਾਨ ਸਭਾ ਹਲਕੇ ਦੇ ਸਾਬਕਾ ਵਿਧਾਇਕ ਅਤੇ ਜ਼ਿਲ੍ਹਾ ਕਾਂਗਰਸ ਸ਼ਹਿਰੀ ਦੇ ਪ੍ਰਧਾਨ ਰਾਜਿੰਦਰ ਬੇਰੀ, ਕਰਤਾਰਪੁਰ ਵਿਧਾਨ ਸਭਾ ਹਲਕੇ ਦੇ ਸਾਬਕਾ ਵਿਧਾਇਕ ਸੁਰਿੰਦਰ ਚੌਧਰੀ, ਨਕੋਦਰ ਵਿਧਾਨ ਸਭਾ ਹਲਕੇ ਦੇ ਇੰਚਾਰਜ ਡਾ. ਨਵਜੋਤ ਦਾਹੀਆ ਵੀ ਕੋਈ ਕ੍ਰਿਸ਼ਮਾ ਨਹੀਂ ਕਰ ਸਕੇ, ਜਦਕਿ ਵੈਸਟ ਹਲਕੇ ਤੋਂ ਵਿਧਾਨ ਸਭਾ ਦੀ ਚੋਣ ਹਾਰ ਚੁੱਕੇ ਸੁਸ਼ੀਲ ਕੁਮਾਰ ਰਿੰਕੂ ਨੂੰ ਆਮ ਆਦਮੀ ਪਾਰਟੀ ਵਿਚ ਸ਼ਾਮਲ ਕਰ ਕੇ ਉਨ੍ਹਾਂ ਨੂੰ ਟਿਕਟ ਦੇਣ ਨਾਲ ਹਲਕਾ ਲੀਡਰਸ਼ਿਪ ਵਿਹੂਣਾ ਹੋ ਕੇ ਰਹਿ ਗਿਆ ਸੀ।
ਇਹ ਖ਼ਬਰ ਵੀ ਪੜ੍ਹੋ : ਮੰਤਰੀ ਕੁਲਦੀਪ ਧਾਲੀਵਾਲ ਦੇ ਦਾਅਵੇ ’ਤੇ ਲੱਗੀ ਮੋਹਰ, ਆਦਮਪੁਰ ’ਚ ਵੀ ਫਿਰਿਆ ਝਾੜੂ
ਜ਼ਿਮਨੀ ਚੋਣ ਵਿਚ ਕਾਂਗਰਸ ਦਾ ਸਭ ਤੋਂ ਬੁਰਾ ਹਾਲ ਸੈਂਟਰਲ ਅਤੇ ਨਾਰਥ ਵਿਧਾਨ ਸਭਾ ਹਲਕੇ ਵਿਚ ਦੇਖਣ ਨੂੰ ਮਿਲਿਆ, ਜਿਥੇ ਕਾਂਗਰਸ ਨੂੰ ਤੀਜੇ ਸਥਾਨ ’ਤੇ ਸਬਰ ਕਰਨਾ ਪਿਆ ਹੈ। ਭਾਜਪਾ ਇਨ੍ਹਾਂ ਦੋਵਾਂ ਹਲਕਿਆਂ ’ਚ ਪਹਿਲੇ ਸਥਾਨ ’ਤੇ ਰਹੀ, ਜਦਕਿ ਆਮ ਆਦਮੀ ਪਾਰਟੀ ਦੂਜੇ ਨੰਬਰ ’ਤੇ। ਹੁਣ ਕਾਂਗਰਸ ਨੂੰ ਆਪਣੀ ਸਿਆਸੀ ਰਣਨੀਤੀ ਅਤੇ ਸੰਗਠਨ ’ਤੇ ਧਿਆਨ ਕੇਂਦਰਿਤ ਕਰਨਾ ਹੋਵੇਗਾ ਕਿ ਆਖਿਰ ਕੀ ਕਾਰਨ ਹੈ ਕਿ 5 ਵਿਧਾਨ ਸਭਾ ਹਲਕਿਆਂ ਵਿਚ ਕਾਂਗਰਸ ਦੇ ਵਿਧਾਇਕ ਹੋਣ ਦੇ ਬਾਵਜੂਦ ਵੋਟਰਾਂ ਨੂੰ ਪੋਲਿੰਗ ਕੇਂਦਰਾਂ ਤੱਕ ਲਿਆਉਣ ’ਚ ਕਾਂਗਰਸੀ ਸਫ਼ਲ ਨਹੀਂ ਹੋ ਸਕੇ।
ਇਹ ਖ਼ਬਰ ਵੀ ਪੜ੍ਹੋ : ਸੰਸਦ ਮੈਂਬਰ ਰਾਘਵ ਚੱਢਾ ਤੇ ਬਾਲੀਵੁੱਡ ਅਦਾਕਾਰਾ ਪਰਿਣੀਤੀ ਚੋਪੜਾ ਦੀ ਹੋਈ ਮੰਗਣੀ, ਸਾਹਮਣੇ ਆਈਆਂ ਤਸਵੀਰਾਂ
ਵੈਸਟ ਵਿਧਾਨ ਸਭਾ ਹਲਕੇ ਦੀ ਕਮਾਨ ਸੰਭਾਲਣ ਵਾਲੇ ਰਾਜਾ ਵੜਿੰਗ ਨੂੰ ਵੀ ਮੂੰਹ ਦੀ ਖਾਣੀ ਪਈ
ਵੈਸਟ ਵਿਧਾਨ ਸਭਾ ਹਲਕੇ ਦੇ ਇੰਚਾਰਜ ਅਤੇ ਸਾਬਕਾ ਵਿਧਾਇਕ ਸੁਸ਼ੀਲ ਕੁਮਾਰ ਰਿੰਕੂ ਦੇ ‘ਆਪ’ ਵਿਚ ਸ਼ਾਮਲ ਹੋ ਕੇ ਜ਼ਿਮਨੀ ਚੋਣ ਲਈ ਉਮੀਦਵਾਰ ਬਣਨ ਤੋਂ ਬਾਅਦ ਖਾਲੀ ਹੋ ਚੁੱਕੇ ਹਲਕੇ ਦੀ ਕਮਾਨ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਨੇ ਸੰਭਾਲ ਲਈ ਸੀ। ਰਾਜਾ ਵੜਿੰਗ ਨੇ ਦਾਅਵਾ ਕੀਤਾ ਸੀ ਕਿ ਉਹ ਇਸ ਹਲਕੇ ਤੋਂ ਕਾਂਗਰਸ ਨੂੰ ਵੱਡੀ ਲੀਡ ਦਿਵਾਉਣਗੇ, ਜਿਸ ਕਾਰਨ ਉਨ੍ਹਾਂ ਪੰਜਾਬ ਭਰ ਤੋਂ ਆਏ ਕਾਂਗਰਸੀਆਂ ਦੇ ਇਕ ਵੱਡੇ ਧੜੇ ਨੂੰ ਇਸ ਹਲਕੇ ਵਿਚ ਚੋਣ ਪ੍ਰਚਾਰ ’ਤੇ ਲਾਈ ਰੱਖਿਆ। ਇਸ ਤੋਂ ਇਲਾਵਾ ਜਲੰਧਰ ਲੋਕ ਸਭਾ ਹਲਕੇ ਦੇ ਚੋਣ ਇੰਚਾਰਜ ਅਤੇ ਵਿਧਾਇਕ ਰਾਣਾ ਗੁਰਜੀਤ ਸਿੰਘ ਤੋਂ ਇਲਾਵਾ ਸਾਬਕਾ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ, ਅੰਮ੍ਰਿਤਸਰ ਦੇ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ, ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਵਿਧਾਨ ਸਭਾ ਵਿਚ ਵਿਰੋਧੀ ਧਿਰ ਆਗੂ ਪ੍ਰਤਾਪ ਸਿੰਘ ਬਾਜਵਾ, ਸਾਬਕਾ ਸੂਬਾ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ, ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਉਪ ਆਗੂ ਡਾ. ਰਾਜ ਕੁਮਾਰ ਚੱਬੇਵਾਲ ਨੇ ਵੀ ਰਾਜਾ ਵੜਿੰਗ ਨਾਲ ਸਹਿਯੋਗ ਕਰਦਿਆਂ ਸੁਸ਼ੀਲ ਰਿੰਕੂ ਨਾਲ ਸਬੰਧਤ ਵੈਸਟ ਹਲਕੇ ਦੇ ਕਿਲੇ ਨੂੰ ਜਿੱਤਣ ਵਿਚ ਪੂਰਾ ਸਹਿਯੋਗ ਦਿੱਤਾ ਪਰ ਉਥੋਂ ਦੇ ਵੋਟਰਾਂ ਨੇ ਸੁਸ਼ੀਲ ਰਿੰਕੂ ’ਤੇ ਆਪਣਾ ਭਰੋਸਾ ਜਤਾਇਆ, ਉਥੇ ਹੀ ਰਾਜਾ ਵੜਿੰਗ ਅਤੇ ਹੋਰਨਾਂ ਕਾਂਗਰਸੀਆਂ ਨੂੰ ਬੁਰੀ ਤਰ੍ਹਾਂ ਨਕਾਰ ਦਿੱਤਾ। ਰਾਜਾ ਵੜਿੰਗ ਦੇ ਸਾਰੇ ਦਾਅਵੇ ਖੋਖਲੇ ਸਾਬਿਤ ਹੋ ਕੇ ਰਹਿ ਗਏ ਅਤੇ ‘ਆਪ’ ਇਸ ਹਲਕੇ ਤੋਂ ਵੱਡੀ ਲੀਡ ਹਾਸਲ ਕਰਨ ਵਿਚ ਸਫ਼ਲ ਸਾਬਿਤ ਹੋਈ।
GT ਰੋਡ 'ਤੇ ਵਾਪਰਿਆ ਹਾਦਸਾ, ਪੁਲ ਤੋਂ ਹੇਠਾਂ ਡਿੱਗਾ ਕੱਚ ਦੀਆਂ ਬੋਤਲਾਂ ਨਾਲ ਭਰਿਆ ਟਰੱਕ
NEXT STORY