ਚੰਡੀਗੜ੍ਹ : ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਵੱਲੋਂ ਵਿੱਤੀ ਬੇਨਿਯਮੀਆਂ ਦੇ ਦੋਸ਼ ਤਹਿਤ ਵਿਭਾਗ ਦੇ ਵਧੀਕ ਰਜਿਸਟਰਾਰ (ਆਈ) ਮੁੱਖ ਦਫਤਰ ਹਰਿੰਦਰ ਸਿੰਘ ਸਿੱਧੂ ਨੂੰ ਮੁਅੱਤਲ ਕੀਤਾ ਗਿਆ ਹੈ। ਸਰਕਾਰੀ ਬੁਲਾਰੇ ਵੱਲੋਂ ਇਥੇ ਜਾਰੀ ਪ੍ਰੈਸ ਬਿਆਨ 'ਚ ਕਿਹਾ ਗਿਆ ਕਿ ਪੰਜਾਬ ਰਾਜ ਖੇਤੀਬਾੜੀ ਵਿਕਾਸ ਬੈਂਕ ਦੇ ਪੂਰਵਲੇ ਪ੍ਰਬੰਧਕੀ ਨਿਰਦੇਸ਼ਕ ਹਰਿੰਦਰ ਸਿੰਘ ਸਿੱਧੂ ਵੱਲੋਂ ਸਾਲ 2016-17 ਤੇ 2017-18 ਦੌਰਾਨ ਬਿਨਾਂ ਟੈਂਡਰ ਅਤੇ ਪ੍ਰਵਾਨਗੀ ਤੋਂ 45 ਲੱਖ ਰੁਪਏ ਦੇ ਕੰਮ ਕਰਵਾਉਣ ਦੀਆਂ ਗੰਭੀਰ ਊਣਤਾਈਆਂ ਕੀਤੀਆਂ ਗਈਆਂ। ਸਹਿਕਾਰਤਾ ਮੰਤਰੀ ਦੇ ਹੁਕਮਾਂ 'ਤੇ ਵਧੀਕ ਮੁੱਖ ਸਕੱਤਰ (ਸਹਿਕਾਰਤਾ) ਵੱਲੋਂ ਹਰਿੰਦਰ ਸਿੰਘ ਸਿੱਧੂ ਨੂੰ ਤੁਰੰਤ ਪ੍ਰਭਾਵ ਨਾਲ ਮੁਅੱਤਲ ਕਰਨ ਦੇ ਨਿਰਦੇਸ਼ ਜਾਰੀ ਕਰ ਦਿੱਤੇ ਹਨ।
ਸਰਕਾਰੀ ਬੁਲਾਰੇ ਨੇ ਦੱਸਿਆ ਕਿ ਬਿਨਾਂ ਕਿਸੇ ਲੋੜੀਂਦੀ ਕਾਰਵਾਈ ਦੇ ਬੈਂਕ ਦੀ ਰੈਨੋਵੇਸ਼ਨ ਸ਼ੁਰੂ ਕਰਵਾ ਦਿੱਤੀ ਗਈ। ਨਿਯਮਾਂ ਨੂੰ ਛਿੱਕੇ ਟੰਗ ਕੇ ਕੀਤੀ ਬਿਲਡਿੰਗ ਰਿਪੇਅਰ ਨਾਲ ਅਦਾਰੇ ਨੂੰ ਲੱਖਾਂ ਰੁਪਿਆਂ ਦਾ ਨੁਕਸਾਨ ਹੋਇਆ। ਜ਼ਿਕਰਯੋਗ ਹੈ ਕਿ ਬੈਂਕ ਦੇ ਜਨਰਲ ਬਰਾਂਚ ਦੇ ਤੱਤਕਾਲੀ ਮੈਨੇਜਰ ਵਿਨੋਦ ਕੁਮਾਰ ਨੂੰ ਪਹਿਲਾਂ ਹੀ ਮੁਅੱਤਲ ਕੀਤਾ ਜਾ ਚੁੱਕਾ ਹੈ ਅਤੇ ਬਿਲਡਿੰਗ ਰਿਪੇਅਰ ਸਬ ਕਮੇਟੀ ਦੇ ਦੂਜੇ ਮੈਂਬਰਾਨ ਜਨਰਲ ਮੈਨੇਜਰ (ਵਿੱਤ) ਗੁਰਪਿੰਦਰ ਸਿੰਘ, ਉਪ ਜਨਰਲ ਮੈਨੇਜਰ ਬਲਬੀਰ ਸਿੰਘ ਤੇ ਸਹਾਇਕ ਜਨਰਲ ਮੈਨੇਜਰ ਜਗਦੀਸ਼ ਸਿੰਘ ਨੇਗੀ ਖਿਲਾਫ ਜਾਂਚ ਜਾਰੀ ਹੈ।
ਸਾਬਕਾ DGP ਦੀ ਅੱਤਵਾਦੀਆਂ ਤੋਂ ਜਾਨ ਬਚਾਉਣ ਵਾਲੇ ਸਾਬਕਾ ਇੰਸਪੈਕਟਰ ਨੇ ਮੰਗੀ ਬੇਟੇ ਲਈ ਨੌਕਰੀ
NEXT STORY