ਅੰਮ੍ਰਿਤਸਰ, (ਸਰਬਜੀਤ)- ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਅਤੇ ਜਨਰਲ ਸਕੱਤਰ ਜਗਦੀਪ ਸਿੰਘ ਕਾਹਲੋਂ ਨੇ ਕਿਹਾ ਕਿ ਪੰਥ ਦੇ ਇਤਿਹਾਸਕ ਦਿਹਾੜੇ ਮਨਾਉਣ ਲਈ ਦਿੱਲੀ ਦੀਆਂ ਸਮੂਹ ਸਿੰਘ ਸਭਾਵਾਂ ਨੇ ਹਮੇਸ਼ਾਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਵਡਮੁੱਲਾ ਸਹਿਯੋਗ ਦਿੱਤਾ ਹੈ।
ਸਿੰਘ ਸਭਾਵਾਂ ਦੇ ਪ੍ਰਤੀਨਿਧੀਆਂ ਨਾਲ ਆਯੋਜਿਤ ਇਕ ਵਿਸ਼ਾਲ ਮੀਟਿੰਗ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਕਾਲਕਾ ਅਤੇ ਕਾਹਲੋਂ ਨੇ ਕਿਹਾ ਕਿ ਪਿਛਲੇ ਸਮੇਂ ਦੌਰਾਨ ਦਿੱਲੀ ਗੁਰਦੁਆਰਾ ਕਮੇਟੀ ਨੇ ਸੰਗਤ ਦੇ ਸਹਿਯੋਗ ਨਾਲ ਗੁਰੂ ਤੇਗ ਬਹਾਦੁਰ ਜੀ ਦਾ 350ਵਾਂ ਸ਼ਹੀਦੀ ਦਿਹਾੜਾ ਮਨਾਇਆ, ਜਿਸਦੇ ਪ੍ਰੋਗਰਾਮ ਸਾਰਾ ਸਾਲ ਚੱਲਣਗੇ ਅਤੇ ਨਵੰਬਰ 2026 ਵਿੱਚ ਇਸਦਾ ਸਮਾਪਨ ਹੋਵੇਗਾ। ਉਨ੍ਹਾਂ ਕਿਹਾ ਕਿ ਇਸ ਮੌਕੇ ਸੰਗਤ ਲਈ ਗੁਰੂ ਗ੍ਰੰਥ ਸਾਹਿਬ ਜੀ ਦੇ ਸਹਿਜ ਪਾਠ ਦਾ ਪ੍ਰੋਗਰਾਮ ਰੱਖਿਆ ਗਿਆ, ਜਿਸ ਵਿੱਚ ਸਿੰਘ ਸਭਾਵਾਂ ਨੇ ਵੱਡਾ ਸਹਿਯੋਗ ਦਿੱਤਾ। ਲੜੀਵਾਰ ਪਾਠਾਂ ਦਾ ਭੋਗ 25 ਨਵੰਬਰ 2025 ਨੂੰ ਲਾਲ ਕਿਲ੍ਹੇ ‘ਤੇ ਪਾਇਆ ਗਿਆ, ਜਿਸ ਵਿੱਚ ਲੱਖਾਂ ਸੰਗਤਾਂ ਨੇ ਹਿੱਸਾ ਲਿਆ। ਉਨ੍ਹਾਂ ਕਿਹਾ ਕਿ ਇਸੇ ਤਰ੍ਹਾਂ ਹੋਰ ਇਤਿਹਾਸਕ ਦਿਹਾੜੇ ਵੀ ਸੰਗਤ ਦੇ ਸਹਿਯੋਗ ਨਾਲ ਦਿੱਲੀ ਗੁਰਦੁਆਰਾ ਕਮੇਟੀ ਵੱਲੋਂ ਮਨਾਏ ਗਏ, ਜਿਨ੍ਹਾਂ ਵਿੱਚ ਸਿੰਘ ਸਭਾਵਾਂ ਦਾ ਵੱਡਾ ਯੋਗਦਾਨ ਰਿਹਾ।
ਉਨ੍ਹਾਂ ਕਿਹਾ ਕਿ ਹਰ ਬੱਚੇ ਨੂੰ ਗੁਰਸਿੱਖੀ ਜੀਵਨ ਜਾਚ ਨਾਲ ਜੋੜਣ ਦੀ ਦਿੱਲੀ ਗੁਰਦੁਆਰਾ ਕਮੇਟੀ ਦੀ ਮੁਹਿੰਮ ਨੂੰ ਸਫਲ ਬਣਾਉਣ ਵਿੱਚ ਸਿੰਘ ਸਭਾਵਾਂ ਦਾ ਹਮੇਸ਼ਾਂ ਮਹੱਤਵਪੂਰਨ ਯੋਗਦਾਨ ਰਿਹਾ ਹੈ। ਉਨ੍ਹਾਂ ਆਸ ਜਤਾਈ ਕਿ ਆਉਣ ਵਾਲੀ ਵਿਸਾਖੀ ਦੇ ਇਤਿਹਾਸਕ ਮੌਕੇ ‘ਤੇ ਕਮੇਟੀ ਵੱਲੋਂ ਕਰਵਾਏ ਜਾਣ ਵਾਲੇ ਅੰਮ੍ਰਿਤ ਸੰਚਾਰ ਸਮਾਗਮ ਲਈ ਵੀ ਸਾਰੀਆਂ ਸਿੰਘ ਸਭਾਵਾਂ ਵੱਧ-ਚੜ੍ਹ ਕੇ ਸਹਿਯੋਗ ਦੇਣਗੀਆਂ ਅਤੇ ਅਸੀਂ ਰਿਕਾਰਡ ਗਿਣਤੀ ਵਿੱਚ ਸੰਗਤ ਨੂੰ ਗੁਰੂ ਵਾਲਾ ਬਣਾਉਣ ਵਿੱਚ ਕਾਮਯਾਬ ਹੋਵਾਂਗੇ। ਇਸੇ ਤਰ੍ਹਾਂ ਫਤਿਹ ਦਿਵਸ ਸਬੰਧੀ ਵੀ ਵਿਚਾਰ-ਵਟਾਂਦਰਾ ਕੀਤਾ ਗਿਆ।
ਇਸ ਮੌਕੇ ਕਮੇਟੀ ਦੇ ਸੀਨੀਅਰ ਉਪ ਪ੍ਰਧਾਨ ਹਰਵਿੰਦਰ ਸਿੰਘ ਕੇ.ਪੀ., ਉਪ ਪ੍ਰਧਾਨ ਆਤਮਾ ਸਿੰਘ ਲੁਬਾਣਾ, ਧਰਮ ਪ੍ਰਚਾਰ ਕਮੇਟੀ ਦੇ ਮੁਖੀ ਜਸਪ੍ਰੀਤ ਸਿੰਘ ਕਰਮਸਰ, ਸੀਨੀਅਰ ਮੈਂਬਰ ਐੱਮ.ਪੀ.ਐੱਸ. ਚੱਢਾ ਸਮੇਤ ਹੋਰ ਗਣਮਾਨਯ ਹਸਤੀਆਂ ਹਾਜ਼ਰ ਸਨ।
ਇਜ਼ਰਾਈਲ-ਈਰਾਨ ਯੁੱਧ 'ਚ PM ਮੋਦੀ ਦੀ ਐਂਟਰੀ ! ਬਹਿਰੀਨ ਦੇ ਕਿੰਗ ਤੇ ਸਾਊਦੀ ਦੇ ਕ੍ਰਾਊਨ ਪ੍ਰਿੰਸ ਨੂੰ ਲਾਇਆ ਫੋਨ
NEXT STORY