ਚੰਡੀਗੜ੍ਹ/ ਪੱਟੀ : ਭਾਜਪਾ 'ਚ ਸ਼ਾਮਲ ਹੋਣ ਤੋਂ ਬਾਅਦ ਸੁਨੀਲ ਜਾਖੜ ਦੇ ਕਾਂਗਰਸ ਪਾਰਟੀ ਨੂੰ ਲੈ ਕੇ ਰਵੱਈਏ 'ਤੇ ਹਰਮਿੰਦਰ ਗਿੱਲ ਦਾ ਦਰਦ ਛਲਕਿਆ ਹੈ। ਪੱਟੀ ਤੋਂ ਸਾਬਕਾ ਕਾਂਗਰਸੀ ਵਿਧਾਇਕ ਹਰਮਿੰਦਰ ਗਿੱਲ ਨੇ ਸੋਸ਼ਲ ਮੀਡੀਆ 'ਤੇ ਇਕ ਪੋਸਟ ਸਾਂਝੀ ਕਰਦਿਆਂ ਕਿਹਾ ਕਿ ਮੈਂ ਵੀ ਜਾਖੜ ਸਾਬ੍ਹ ਨੂੰ ਸੀ. ਐੱਮ. ਬਣਾਉਣ ਲਈ ਵੋਟ ਦਿੱਤੀ ਸੀ। ਉਹ ਵੱਖਰੀ ਗੱਲ ਹੈ ਕਿ ਜਾਖੜ ਸੀ. ਐੱਮ. ਨਹੀਂ ਬਣ ਸਕੇ। ਹੁਣ ਜਾਖੜ ਕਾਂਗਰਸ ਨੂੰ ਇਹ ਸਰਾਪ ਨਾ ਦੇਣ ਕਿ ਪੰਜਾਬ 'ਚ ਕਾਂਗਰਸ ਸੱਤਾ 'ਚ ਨਹੀਂ ਆ ਸਕਦੀ। ਦੱਸਣਯੋਗ ਹੈ ਕਿ ਭਾਜਪਾ 'ਚ ਸ਼ਾਮਲ ਹੋਣ ਮਗਰੋਂ ਜਾਖੜ ਕਾਂਗਰਸ ਖ਼ਿਲਾਫ਼ ਸਮੇਂ-ਸਮੇਂ 'ਤੇ ਆਪਣੀ ਭੜਾਸ ਕੱਢਦੇ ਰਹਿੰਦੇ ਹਨ। ਇਸੇ ਗੱਲ ਤੋਂ ਖ਼ਫ਼ਾ ਹੋਏ ਹਰਮਿੰਦਰ ਗਿੱਲ ਨੇ ਸੋਸ਼ਲ ਮੀਡੀਆ 'ਤੇ ਇਕ ਲੰਮੀ ਪੋਸਟ ਲਿਖ ਕੇ ਜਾਖੜ ਨੂੰ ਨਿਸ਼ਾਨੇ 'ਤੇ ਲਿਆ ਹੈ ਅਤੇ ਕਾਂਗਰਸ ਪਾਰਟੀ ਖ਼ਿਲਾਫ਼ ਨਾ ਬੋਲਣ ਦੀ ਅਪੀਲ ਕੀਤੀ ਹੈ।
ਇਹ ਵੀ ਪੜ੍ਹੋ: ਭਾਜਪਾ ਆਗੂ ਆਰ. ਪੀ. ਸਿੰਘ ਦੇ ਵਿਵਾਦਤ ਬਿਆਨ 'ਤੇ ਐਡਵੋਕੇਟ ਧਾਮੀ ਦੀ ਤਿੱਖੀ ਪ੍ਰਤੀਕਿਰਿਆ
ਹਰਮਿੰਦਰ ਗਿੱਲ ਨੇ ਜਾਖੜ ਨੂੰ ਸੰਬੋਧਨ ਹੁੰਦਿਆਂ ਕਿਹਾ ਕਿ ਤੁਹਾਡੀ ਲਿਆਕਤ ਅਤੇ ਸੁਚੱਜੀ ਬੋਲਬਾਣੀ ਕਰਕੇ ਮੇਰੇ ਮਨ ਵਿੱਚ ਤੁਹਾਡੇ ਪ੍ਰਤੀ ਸਦਾ ਸਤਿਕਾਰ ਰਿਹਾ ਹੈ। ਕਾਂਗਰਸ ਛੱਡਣ ਤੋਂ ਬਾਅਦ ਤੁਹਾਡੇ ਵਲੋਂ BJP ਦੇ ਸੋਹਲੇ ਗਾਉਣੇ ਸਮਝ ਆਉਂਦੇ ਹਨ ਪਰ ਵਾਰ-ਵਾਰ ਇਹ ਕਹਿਣਾ ਕਿ ਕਾਂਗਰਸ ਹੁਣ ਪੰਜਾਬ ਵਿੱਚ ਸੱਤਾ ਹਾਸਿਲ ਨਹੀਂ ਕਰ ਸਕਦੀ-ਅਜੇਹੇ ਸਰਾਪ ਤੁਹਾਡੇ ਮੂੰਹੋਂ ਸੋਭਾ ਨਹੀ ਦਿੰਦੇ।
ਇਹ ਵੀ ਪੜ੍ਹੋ: ਸ੍ਰੀ ਦਰਬਾਰ ਸਾਹਿਬ ਦੀਆਂ ਸਰਾਵਾਂ ’ਤੇ ਕੇਂਦਰ ਸਰਕਾਰ ਨੇ ਲਾਇਆ GST, ਸ਼੍ਰੋਮਣੀ ਕਮੇਟੀ ਨੇ ਕੀਤਾ ਵਿਰੋਧ
ਅੱਗੇ ਲਿਖਦਿਆਂ ਗਿੱਲ ਨੇ ਕਿਹਾ ਕਿ ਮੈਨੂੰ ਯਾਦ ਹੈ ਗਿਆਨੀ ਜ਼ੈਲ ਸਿੰਘ ਦੇ ਪੋਤਰੇ ਇੰਦਰਜੀਤ ਸਿੰਘ ਨੇ BJP 'ਚ ਸ਼ਾਮਿਲ ਹੋਣ ਸਮੇਂ ਕਿਹਾ ਸੀ ਕਿ ਕਾਂਗਰਸ ਨੇ ਸਾਨੂੰ ਸਤਿਕਾਰ ਨਹੀਂ ਦਿਤਾ। ਵਾਹ ਜੀ ਵਾਹ, ਜਿਸ ਪਰਿਵਾਰ ਵਿਚੋਂ ਗਿਆਨੀ ਜ਼ੈਲ ਸਿੰਘ ਨੂੰ ਕਾਂਗਰਸ ਨੇ ਪੰਜਾਬ ਦਾ ਮੁੱਖ ਮੰਤਰੀ, ਫੇਰ ਦੇਸ਼ ਦਾ ਗ੍ਰਹਿ ਮੰਤਰੀ ਅਤੇ ਫੇਰ ਸਭ ਤੋਂ ਵੱਡਾ ਅਹੁਦਾ ਦੇਸ਼ ਦਾ ਰਾਸ਼ਟਰਪਤੀ ਬਣਾਇਆ ਹੋਵੇ, ਅਜਿਹੇ ਪਰਿਵਾਰ ਨੂੰ ਅਜਿਹੀਆਂ ਗੱਲਾਂ ਕਰਨੀਆਂ ਸੋਭਦੀਆਂ ਨਹੀਂ।
ਇਹ ਵੀ ਪੜ੍ਹੋ : ‘ਮਾਨ ਸਰਕਾਰ’ ਨੇ ਹੁਣ ਤਕ ਦੇ ਕਾਰਜਕਾਲ ਦੌਰਾਨ ਸਹੇੜੇ ਇਹ ਵੱਡੇ ਵਿਵਾਦ
ਜਾਖੜ ਸਾਹਿਬ ਤੁਹਾਡੇ ਪਰਿਵਾਰ ਵਿਚੋਂ ਵੀ ਤੁਹਾਡੇ ਸਤਿਕਾਰਯੋਗ ਪਿਤਾ ਸ੍ਰੀ ਬਲਰਾਮ ਜਾਖੜ ਜੀ ਤਿੰਨ ਵਾਰ ਕਾਂਗਰਸ ਟਿਕਟ 'ਤੇ ਮੈਂਬਰ ਪਾਰਲੀਮੈਂਟ ਬਣੇ, longest ever ਲੋਕ ਸਭਾ ਦੇ ਸਪੀਕਰ ਰਹੇ, ਦੇਸ਼ ਦੇ ਖੇਤੀ-ਬਾੜੀ ਮੰਤਰੀ ਰਹੇ, ਆਂਧਰਾ ਪ੍ਰਦੇਸ਼ ਤੇ ਮੱਧ ਪ੍ਰਦੇਸ਼ ਦੇ ਗਵਰਨਰ ਰਹੇ, ਤੁਹਾਡੇ ਵੱਡੇ ਭਰਾ ਸ੍ਰੀ ਸੱਜਣ ਕੁਮਾਰ ਜਾਖੜ ਪੰਜਾਬ ਦੇ ਮੰਤਰੀ ਰਹੇ, ਤੁਸੀਂ ਤਿੰਨ ਵਾਰ ਵਿਧਾਇਕ, ਇੱਕ ਵਾਰ MP, ਵਿਰੋਧੀ ਧਿਰ ਦੇ ਲੀਡਰ, ਪੰਜਾਬ ਕਾਂਗਰਸ ਦੇ ਪ੍ਰਧਾਨ ਰਹੇ। ਹੋ ਸਕਦਾ ਕਿਤੇ ਕੋਈ ਗੱਲ ਰਹਿ ਗਈ ਹੋਵੇ, ਮੈਂ ਵੀ ਤਾਂ ਉਹਨਾਂ 42 ਵਿਚੋਂ ਇੱਕ ਸੀ ਜਿਸ ਨੇ ਤੁਹਾਨੂੰ ਮੁੱਖ ਮੰਤਰੀ ਬਣਾਉਣ ਵਾਸਤੇ ਵੋਟ ਪਾਈ ਸੀ। ਖ਼ੈਰ ਕਿਸੇ ਕਾਰਨ ਕਰਕੇ ਗੱਲ ਸਿਰੇ ਨਾ ਚੜ੍ਹੀ, ਹੁਣ ਆਪਣੀ ਪਿਤਰੀ ਪਾਰਟੀ ਨੂੰ ਸਰਾਪ ਤਾਂ ਨਾ ਦੇਵੋ ?ਤੁਹਾਨੂੰ ਤੁਹਾਡਾ ਰਸਤਾ, ਤੁਹਾਡੀ ਨਵੀਂ ਪਾਰਟੀ ਮੁਬਾਰਕ ਪਰ ਆਪਣੀ ਮਾਂ ਪਾਰਟੀ ਨੂੰ ਬੁਰਾ ਭਲਾ ਨਾ ਬੋਲਿਆ ਕਰੋ। ਹੁਣ ਵੇਖਣਾ ਇਹ ਹੋਵੇਗਾ ਕਿ ਸਾਬਕਾ ਵਿਧਾਇਕ ਹਰਮਿੰਦਰ ਗਿੱਲ ਦੇ ਇਸ ਬਿਆਨ 'ਤੇ ਸੁਨੀਲ ਜਾਖੜ ਦੀ ਪ੍ਰਤੀਕਿਰਿਆ ਕੀ ਹੋਵੇਗੀ। ਫ਼ਿਲਹਾਲ ਜਾਖੜ ਦੀ ਕੋਈ ਪ੍ਰਤੀਕਿਰਿਆ ਸਾਹਮਣੇ ਨਹੀਂ ਆਈ ਹੈ।
ਨੋਟ ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦੱਸੋ
ਮਾਮਲਾ ਭੋਗਪੁਰ ਖੰਡ ਮਿੱਲ ’ਚ ਲੱਗੀ ਅੱਗ ਦਾ, ਗੰਨਾ ਕਿਸਾਨਾਂ ਦੀ ਵਧੀ ਚਿੰਤਾ
NEXT STORY