ਚੰਡੀਗੜ (ਅਸ਼ਵਨੀ)-ਕੇਂਦਰੀ ਫੂਡ ਪ੍ਰੋਸੈਸਿੰਗ ਇੰਡਸਟਰੀਜ਼ ਮੰਤਰੀ ਹਰਸਿਮਰਤ ਬਾਦਲ ਨੇ ਅੱਜ ਪੰਜਾਬ ਦੀ ਕਾਂਗਰਸ ਸਰਕਾਰ ਨੂੰ ਇਸ ਵਲੋਂ ਜ਼ੋਰ-ਸ਼ੋਰ ਨਾਲ ਪ੍ਰਚਾਰੀ ਸਿਹਤ ਬੀਮਾ ਸਕੀਮ ਲਾਗੂ ਨਾ ਕਰਨ ਲਈ ਸਖ਼ਤ ਆਲੋਚਨਾ ਕੀਤੀ ਹੈ। ਇਸ ਤੋਂ ਪਹਿਲਾਂ ਕਾਂਗਰਸ ਸਰਕਾਰ ਨੇ ਕੇਂਦਰ ਸਰਕਾਰ ਵਲੋਂ ਸ਼ੁਰੂ ਕੀਤੀ ਪ੍ਰਧਾਨ ਮੰਤਰੀ ਜਨ ਅਰੋਗਿਆ ਯੋਜਨਾ (ਪੀ. ਐੱਮ. ਜੇ. ਏ. ਵਾਈ.) ਨੂੰ ਇਹ ਕਹਿੰਦਿਆਂ ਅਪਣਾਉਣ ਤੋਂ ਇਨਕਾਰ ਕਰ ਦਿੱਤਾ ਸੀ ਕਿ ਇਹ ਕੇਂਦਰੀ ਬੀਮਾ ਸਕੀਮ ਦੀ ਥਾਂ ਆਪਣੀ ਅਖੌਤੀ ਸਰਬੱਤ ਸਿਹਤ ਬੀਮਾ ਯੋਜਨਾ ਨੂੰ ਲਾਗੂ ਕਰੇਗੀ। ਇਕ ਪ੍ਰੈੱਸ ਬਿਆਨ ਜਾਰੀ ਕਰਦਿਆਂ ਹਰਸਿਮਰਤ ਬਾਦਲ ਨੇ ਕਿਹਾ ਕਿ ਇਕ ਜੁਲਾਈ 2019 ਤੋਂ ਸੂਬਾਈ ਸਿਹਤ ਬੀਮਾ ਯੋਜਨਾ ਲਾਗੂ ਕਰਨ ਦਾ ਝੂਠਾ ਲਾਰਾ ਲਾ ਕੇ ਲੋਕਾਂ ਨੂੰ ਠੱਗਣ ਲਈ ਪੰਜਾਬ ਦੇ ਸਿਹਤ ਮੰਤਰੀ ਨੂੰ ਪੰਜਾਬ ਦੇ ਲੋਕਾਂ ਕੋਲੋਂ ਮੁਆਫੀ ਮੰਗਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਝੂਠੇ ਵਾਅਦੇ ਕਰਨਾ ਅਤੇ ਉਨ੍ਹਾਂ ਤੋਂ ਮੁੱਕਰ ਜਾਣਾ ਕੈ. ਅਮਰਿੰਦਰ ਸਿੰਘ ਸਰਕਾਰ ਦਾ ਮੁੱਖ ਲੱਛਣ ਬਣ ਚੁੱਕਿਆ ਹੈ। ਉਹ ਕਦੇ ਆਪਣੀ ਕਹੀ ਗੱਲ ਪੂਰੀ ਨਹੀਂ ਕਰਦੇ। ਪੰਜਾਬੀਆਂ ਨੂੰ ਹੁਣ ਇਨ੍ਹਾਂ ਕਾਂਗਰਸੀ ਮੰਤਰੀਆਂ ਉੱਤੇ ਹੋਰ ਭਰੋਸਾ ਨਹੀਂ ਕਰਨਾ ਚਾਹੀਦਾ।
ਹਰਸਿਮਰਤ ਨੇ ਦੱਸਿਆ ਕਿ ਜਦੋਂ ਪੀ. ਐੱਮ. ਜੇ. ਏ. ਵਾਈ. ਅਤੇ ਆਯੂਸ਼ਮਾਨ ਭਾਰਤ ਦੇ ਨਾਂ ਨਾਲ ਜਾਣੀ ਜਾਂਦੀ ਕੇਂਦਰ ਦੀ ਸਿਹਤ ਬੀਮਾ ਯੋਜਨਾ ਨੂੰ ਪੂਰੇ ਭਾਰਤ ਵਿਚ ਲਾਗੂ ਕੀਤਾ ਗਿਆ ਸੀ ਤਾਂ ਕਾਂਗਰਸ ਸਰਕਾਰ ਨੇ ਇਸ ਨੂੰ ਪੰਜਾਬ ਵਿਚ ਲਾਗੂ ਕਰਨ ਤੋਂ ਇਨਕਾਰ ਕਰ ਦਿੱਤਾ ਸੀ। ਸਰਕਾਰ ਦੀ ਦਲੀਲ ਇਹ ਸੀ ਕਿ ਇਹ ਆਪਣੀ ਇਸ ਤੋਂ ਵੀ ਵੱਡੇ ਦਾਇਰੇ ਵਾਲੀ ਸਿਹਤ ਬੀਮਾ ਯੋਜਨਾ ਨੂੰ ਲਾਗੂ ਕਰੇਗੀ ਪਰ ਉਹ ਦਿਨ ਕਦੇ ਨਹੀਂ ਆਇਆ। ਪਿਛਲੇ 2 ਸਾਲ ਤੋਂ ਕਾਂਗਰਸ ਸਰਕਾਰ ਦੇ ਮੰਤਰੀ ਝੂਠੇ ਵਾਅਦੇ ਕਰਕੇ ਲੋਕਾਂ ਨੂੰ ਮੂਰਖ ਬਣਾਉਂਦੇ ਆ ਰਹੇ ਹਨ। ਝੂਠੇ ਵਾਅਦਿਆਂ ਦੇ ਇਸ ਹੱਥਕੰਡੇ ਨੂੰ ਕਾਂਗਰਸ ਪਾਰਟੀ ਨੇ 2017 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਵੀ ਰੱਜ ਕੇ ਇਸਤੇਮਾਲ ਕੀਤਾ ਸੀ।
ਭਾਰਤ ਨੂੰ ਤਬਾਹੀ ਵੱਲ ਲਿਜਾ ਰਿਹੈ ‘ਨਦੀਆਂ ਦਾ ਜਲ ਪ੍ਰਦੂਸ਼ਣ’
NEXT STORY