ਹੁਸ਼ਿਆਰਪੁਰ, (ਘੁੰਮਣ)- ਸਿਹਤ ਵਿਭਾਗ ਪੰਜਾਬ ਦੇ ਹੁਕਮਾਂ ਅਤੇ ਸਿਵਲ ਸਰਜਨ ਹੁਸ਼ਿਆਰਪੁਰ ਡਾ. ਨਰਿੰਦਰ ਕੌਰ ਦੇ ਦਿਸ਼ਾ-ਨਿਰਦੇਸ਼ਾਂ ਅਧੀਨ ਜ਼ਿਲਾ ਅਫਸਰ ਫੂਡ ਅਤੇ ਸੇਫਟੀ ਡਾ. ਸਵਰਨ ਸਿੰਘ ਅਤੇ ਫੂਡ ਸੇਫਟੀ ਅਫਸਰ ਰਮਨ ਵਿਰਦੀ ਵੱਲੋਂ ਹੁਸ਼ਿਆਰਪੁਰ ਸ਼ਹਿਰੀ ਖੇਤਰ ਵਿਖੇ ਸਬਜ਼ੀ ਮੰਡੀ ਅਤੇ ਫਰੂਟ ਮੰਡੀ ਵਿਖੇ ਛਾਪੇਮਾਰੀ ਕੀਤੀ ਗਈ। ਇਸ ਦੌਰਾਨ ਅੰਬ, ਕੇਲੇ ਅਤੇ ਹੋਰਨਾਂ ਮੌਸਮੀ ਫਲਾਂ ਦੀ ਗੁਣਵੱਤਾ ਸਬੰਧੀ ਜਾਂਚ ਕੀਤੀ ਗਈ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡਾ. ਸਵਰਨ ਸਿੰਘ ਨੇ ਦੱਸਿਆ ਕਿ ਫਲਾਂ ਦੇ ਗੋਦਾਮਾਂ ਵਿਚ ਸਟੋਰ ਕਰ ਕੇ ਰੱਖੇ ਗਏ ਫਲਾਂ ਦੀ ਜਾਂਚ ਕੀਤੀ ਗਈ ਅਤੇ ਜਾਂਚ ਦੌਰਾਨ ਫਲਾਂ 'ਚ ਸ਼ੱਕੀ ਪਾਊਡਰ ਪਾਇਆ ਗਿਆ, ਜਿਸ ਨਾਲ ਫਲਾਂ ਨੂੰ ਪਕਾਇਆ ਜਾ ਰਿਹਾ ਸੀ। ਉਨ੍ਹਾਂ ਕਿਹਾ ਕਿ ਮੌਕੇ 'ਤੇ ਇਨ੍ਹਾਂ ਫਲਾਂ ਦੇ ਸੈਂਪਲ ਲਏ ਗਏ ਅਤੇ ਉਨ੍ਹਾਂ ਨੂੰ ਅਗਲੇਰੀ ਜਾਂਚ ਲਈ ਲੈਬੋਰਟਰੀ ਵਿਖੇ ਭੇਜ ਦਿੱਤਾ ਗਿਆ ਹੈ ਤੇ ਰਿਪੋਰਟ ਆਉਣ 'ਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਇਸ ਮੌਕੇ ਉਨ੍ਹਾਂ ਜ਼ਿਲਾ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਸਬਜ਼ੀਆਂ ਅਤੇ ਫਲਾਂ ਦੀ ਖਰੀਦੋ-ਫਰੋਖ਼ਤ ਕਰਨ ਵੇਲੇ ਖਾਧ ਪਦਾਰਥਾਂ ਦੀ ਕਵਾਲਿਟੀ ਦਾ ਖਾਸ ਖਿਆਲ ਰੱਖਿਆ ਜਾਵੇ। ਗਲੇ-ਸੜੇ ਫਲਾਂ/ਸਬਜ਼ੀਆਂ ਦੀ ਖਰੀਦ ਤੋਂ ਪ੍ਰਹੇਜ਼ ਕੀਤਾ ਜਾਵੇ ਤਾਂ ਜੋ ਬਦਲਦੇ ਮੌਸਮ ਵਿਚ ਇਨ੍ਹਾਂ ਦੇ ਸੇਵਨ ਕਾਰਨ ਪੇਟ ਦੀਆਂ ਹੋਣ ਵਾਲੀਆਂ ਬੀਮਾਰੀਆਂ ਤੋਂ ਬਚਾਅ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਖਾਧ ਪਦਾਰਥਾਂ ਸਬੰਧੀ ਕਿਸੇ ਕਿਸਮ ਦੀ ਕੋਈ ਸ਼ਿਕਾਇਤ ਪਾਏ ਜਾਣ 'ਤੇ ਇਸ ਦੀ ਸੂਚਨਾ ਦਫਤਰ ਸਿਵਲ ਸਰਜਨ ਵਿਖੇ ਕੀਤੀ ਜਾ ਸਕਦੀ ਹੈ। ਛਾਪੇਮਾਰੀ ਦੌਰਾਨ ਟੀਮ ਵਿਚ ਨਸੀਬ, ਅਸ਼ੋਕ ਵੀ ਹਾਜ਼ਰ ਸਨ।
ਨਾਜਾਇਜ਼ ਕਬਜ਼ਿਆਂ ਨੂੰ ਹਟਾਉਣ 'ਚ ਨਗਰ ਕੌਂਸਲ ਹੋ ਰਹੀ ਨਾਕਾਮ
NEXT STORY