ਜਲਾਲਾਬਾਦ (ਸੇਤੀਆ) : ਨੈਸ਼ਨਲ ਹੈਲਥ ਪ੍ਰੋਟੈਕਸ਼ਨ ਸਕੀਮ ਦਾ ਲਾਭ ਹਰ ਵਰਗ ਤੱਕ ਪਹੁੰਚਾਉਣ ਦੇ ਮਕਸਦ ਨਾਲ ਡਿਪਟੀ ਕਮਿਸ਼ਨਰ ਈਸ਼ਾ ਕਾਲੀਆ ਨੇ ਜ਼ਿਲੇ ਦੇ ਸਮੂਹ ਸੀਨੀਅਰ ਮੈਡੀਕਲ ਅਫਸਰਾਂ ਅਤੇ ਬੀ.ਡੀ.ਪੀ.ਓ ਨਾਲ ਬੈਠਕ ਕੀਤੀ। ਇਸ ਮੌਕੇ ਉਨ੍ਹਾਂ ਕਿਹਾ ਕਿ ਇਸ ਸਕੀਮ ਦੇ ਤਹਿਤ ਪਿਛੜੇ ਅਤੇ ਕਮਜ਼ੋਰ ਵਰਗ ਨਾਲ ਸਬੰਧਤ ਲਾਭਪਾਤਰੀਆਂ ਦੇ ਪ੍ਰਤੀ ਪਰਿਵਾਰ 5 ਲੱਖ ਰੁਪਏ ਸਾਲਾਨਾ ਸਿਹਤ ਬੀਮੇ ਦੀ ਸੁਵਿਧਾ ਦਿੱਤੀ ਜਾਵੇਗੀ। ਇਸ ਮਿਸ਼ਨ ਨੂੰ ਪੰਚਾਇਤ ਵਿਭਾਗ ਅਤੇ ਸਿਹਤ ਵਿਭਾਗ ਦੁਆਰਾ ਸੰਯੁਕਤ ਤੌਰ 'ਤੇ ਲਾਗੂ ਕੀਤਾ ਜਾਵੇਗਾ।
ਬੈਠਕ ਦੌਰਾਨ ਡਿਪਟੀ ਕਮਿਸ਼ਨਰ ਨੇ ਅਧਿਕਾਰੀਆਂ ਨੂੰ ਆਦੇਸ਼ ਦਿੰਦਿਆਂ ਕਿਹਾ ਕਿ ਜ਼ਿਲੇ ਦੇ ਸਾਰੇ ਯੋਗ ਲਾਭਪਾਤਰੀਆ ਨੂੰ ਇਸ ਮਿਸ਼ਨ ਦੇ ਤਹਿਤ ਮਿਲਣ ਵਾਲੀ ਸੁਵਿਧਾਵਾ ਦੇ ਘੇਰੇ ਵਿਚ ਲਿਆਉਣਾ ਯਕੀਨੀ ਬਣਾਇਆ ਜਾਵੇ। ਉਨ੍ਹਾਂ ਕਿਹਾ ਕਿ ਕਿਸੇ ਵੀ ਸਕੀਮ ਦੀ ਕਾਮਯਾਬੀ ਲਈ ਅਧਿਕਾਰੀਆਂ ਦਾ ਆਪਸੀ ਤਾਲਮੇਲ ਹੋਣਾ ਬਹੁਤ ਜ਼ਰੂਰੀ ਹੈ। ਇਸ ਮਿਸ਼ਨ ਤਹਿਤ ਪੰਚਾਇਤ ਅਤੇ ਸਿਹਤ ਵਿਭਾਗ ਆਪਸ ਵਿਚ ਮਿਲ ਕੇ ਕੰਮ ਕਰਨਗੇ। ਉਨ੍ਹਾਂ ਨੇ ਸਮੂਹ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਇਸ ਮਿਸ਼ਨ ਦੇ ਤਹਿਤ ਵਿਭਿੰਨ ਕਾਰਜਾ ਸਬੰਧੀ ਜੋ ਵੀ ਸਮਾਂ ਸੀਮਾਂ ਤਹਿ ਕੀਤੀ ਗਈ ਹੈ ਉਹ ਕੰਮ ਉਸ ਸਮੇਂ ਤੱਕ ਮੁਕੰਮਲ ਹੋ ਜਾਣੇ ਚਾਹੀਦੇ ਹਨ।
ਸਿਵਲ ਸਰਜਨ ਡਾ. ਸੁਰਿੰਦਰ ਕੁਮਾਰ ਨੇ ਕਿਹਾ ਕਿ 30 ਅਪ੍ਰੈਲ ਨੂੰ ਨੈਸ਼ਨਲ ਹੈਲਥ ਪ੍ਰੋਟੈਕਸ਼ਨ ਸਕੀਮ ਦੇ ਤਹਿਤ ਆਊਸ਼ਮਾਨ ਭਾਰਤ ਦਿਵਸ ਮਨਾਇਆ ਜਾ ਰਿਹਾ ਹੈ। ਇਸ ਦਿਨ ਪੰਚਾਇਤ ਘਰਾਂ ਵਿਚ ਗ੍ਰਾਮ ਸਭਾ ਕਰਵਾਈਆਂ ਜਾਣਗੀਆਂ। ਜਿਸ ਵਿਚ ਪਿੰਡ ਦੇ ਲੋਕਾਂ ਨੂੰ ਇਕੱਠਾ ਕਰਕੇ ਸਕੀਮ ਤਹਿਤ ਚੁਣੇ ਗਏ ਯੋਗ ਲਾਭਪਾਤਰੀਆਂ ਦੇ ਫਾਰਮ ਭਰੇ ਜਾਣਗੇ ਅਤੇ ਜੋ ਇਸ ਦਿਨ ਫਾਰਮ ਭਰਨ ਤੋਂ ਵਾਂਝੇ ਰਹਿਣ ਜਾਣਗੇ ਉਨ੍ਹਾਂ ਦੇ 2 ਮਈ ਨੂੰ ਘਰ ਜਾ ਕੇ ਫਾਰਮ ਮੁਕੰਮਲ ਕੀਤੇ ਜਾਣਗੇ ਤਾਂ ਜੋ ਕੋਈ ਵੀ ਯੋਗ ਲਾਭਪਾਤਰੀ ਇਸ ਸਕੀਮ ਦਾ ਲਾਹਾ ਲੈਣ ਤੋ ਵਾਂਝਾ ਨਾ ਰਹਿ ਸਕੇ।
ਇਸ ਮੌਕੇ ਸਹਾਇਕ ਕਮਿਸ਼ਨਰ (ਜਨਰਲ) ਜਗਦੀਪ ਸਹਿਗਲ, ਸੀਨੀਅਰ ਮੈਡੀਕਲ ਅਫਸਰ ਫਾਜ਼ਿਲਕਾ ਡਾ. ਰਾਜੇਸ਼ ਸ਼ਰਮਾ ਤੋਂ ਇਲਾਵਾ ਹੋਰ ਡਾਕਟਰੀ ਸਟਾਫ ਤੇ ਪੰਚਾਇਤ ਵਿਭਾਗ ਦੇ ਅਧਿਕਾਰੀ ਹਾਜ਼ਰ ਸਨ।
ਨਸ਼ੇ ਕਰਨ ਤੋਂ ਰੋਕਣ 'ਤੇ ਕੀਤੀ ਕੁੱਟਮਾਰ, ਮਾਮਲਾ ਦਰਜ
NEXT STORY