ਮੋਹਾਲੀ (ਪਰਦੀਪ) : ਕੋਰੋਨਾ ਨੂੰ ਮਾਤ ਦੇਣ ਲਈ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੇ ਮਿਸ਼ਨ ਫ਼ਤਹਿ-02 ਅਧੀਨ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਜ਼ਿਲ੍ਹਾ ਹਸਪਤਾਲ, ਐੱਸ. ਏ. ਐੱਸ. ਨਗਰ ਵਿਖੇ ਕੋਵਿਡ ਫਾਸਟ ਟੈਸਟਿੰਗ ਮਸ਼ੀਨ (ਐਬਟ ਆਈ ਡੀ ਨਾਓ ਮਸ਼ੀਨ) ਲੋਕਾਂ ਨੂੰ ਸਮਰਪਿਤ ਕੀਤੀ, ਜਿਸ ਨਾਲ ਪਾਜ਼ੇਟਿਵ ਮਰੀਜ਼ ਦੀ ਰਿਪੋਰਟ 05 ਮਿੰਟ ਅਤੇ ਨੈਗੇਟਿਵ ਮਰੀਜ਼ ਦੀ ਰਿਪੋਰਟ 15 ਮਿੰਟ ਵਿੱਚ ਆ ਜਾਂਦੀ ਹੈ। ਇਹ ਮਸ਼ੀਨ ਦਿਨ ਵਿੱਚ 30 ਟੈਸਟ ਕਰ ਸਕਦੀ ਹੈ। ਇਸ ਬਾਰੇ ਹੋਣ ਜਾਣਕਾਰੀ ਦਿੰਦਿਆਂ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਸਿੱਧੂ ਨੇ ਕਿਹਾ ਕਿ ਕਈ ਵਾਰ ਕੋਰੋਨਾ ਮਰੀਜ਼ ਨੂੰ ਐਨੀ ਗੰਭੀਰ ਹਾਲਤ ਵਿੱਚ ਹਸਪਤਾਲ ਲਿਆਂਦਾ ਜਾਂਦਾ ਹੈ ਕਿ ਉਸ ਨੂੰ ਲੈ ਕੇ ਆਉਣ ਵਾਲਿਆਂ ਨੂੰ ਵੀ ਕੋਰੋਨਾ ਹੋਣ ਦਾ ਖ਼ਦਸ਼ਾ ਬਣਿਆ ਰਹਿੰਦਾ ਹੈ, ਉਨ੍ਹਾਂ ਸਬੰਧੀ ਇਹ ਮਸ਼ੀਨ ਬਹੁਤ ਸਹਾਈ ਹੋਵੇਗੀ। ਇਹ ਮਸ਼ੀਨ ਪੋਰਟੇਬਲ ਹੈ ਤੇ ਇਸ ਨੂੰ ਪਿੰਡਾਂ ਵਿੱਚ ਵੀ ਟੈਸਟਿੰਗ ਲਈ ਲੈਕੇ ਜਾਇਆ ਜਾ ਸਕਦਾ ਹੈ। ਮਾਈਕਰੋ ਕਨਟੇਨਮੈਂਟ ਜ਼ੋਨਾਂ ਵਿੱਚ ਵੀ ਟੈਸਟਿੰਗ ਸਬੰਧੀ ਇਹ ਮਸ਼ੀਨ ਬਹੁਤ ਸਹਾਈ ਸਿੱਧ ਹੋਵੇਗੀ। ਬਲਬੀਰ ਸਿੰਘ ਸਿੱਧੂ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਹੁਣ ਤੱਕ 48 ਲੱਖ ਲੋਕਾਂ ਦੇ ਵੈਕਸੀਨ ਲਾਈ ਜਾ ਚੁੱਕੀ ਹੈ। ਪੰਜਾਬ ਸਰਕਾਰ ਨੂੰ ਕੇਂਦਰ ਸਰਕਾਰ ਵੱਲੋਂ ਕੋਟੇ ਦੇ ਆਧਾਰ ਉਤੇ ਵੈਕਸੀਨ ਮਿਲਦੀ ਹੈ ਅਤੇ ਵੱਧ ਤੋਂ ਵੱਧ ਲੋਕਾਂ ਨੂੰ ਵੈਕਸੀਨ ਲਾਉਣ ਲਈ ਪੰਜਾਬ ਸਰਕਾਰ ਵੱਲੋਂ ਆਪਣੇ ਕੋਟੇ ਤੋਂ ਵੱਖਰੀ ਵੈਕਸੀਨ ਖ਼ਰੀਦੀ ਜਾਂਦੀ ਹੈ।
ਇਹ ਵੀ ਪੜ੍ਹੋ : ਹਸਪਤਾਲਾਂ ’ਚ ਕੋਵਿਡ ਮਰੀਜ਼ਾਂ ਤੋਂ ਜ਼ਿਆਦਾ ਵਸੂਲੀ ਕਰਨ ਦੇ ਮਾਮਲੇ ’ਚ ਮੁੱਖ ਮੰਤਰੀ ਨੇ ਸੂਬਾ ਪੱਧਰੀ ਕਮੇਟੀ ਗਠਿਤ
ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਜਿਹੜੀ ਵੈਕਸੀਨ ਲੋਕਾਂ ਨੂੰ ਲਾਈ ਜਾ ਰਹੀ ਹੈ, ਉਹ ਤੈਅ ਮਾਪਦੰਡਾਂ ਮੁਤਾਬਕ ਬਾਕਾਇਦਾ ਅਪਰੂਡ ਵੈਕਸੀਨ ਹੀ ਲਾਈ ਜਾ ਰਹੀ ਹੈ। ਪੰਜਾਬ ਸਰਕਾਰ ਨੇ ਕੋਰੋਨਾ ਦੀ ਪਹਿਲੀ ਲਹਿਰ ਦਾ ਡਟ ਕੇ ਮੁਕਾਬਲਾ ਕੀਤਾ ਅਤੇ ਹੁਣ ਵੀ ਕੋਰੋਨਾ ਖ਼ਿਲਾਫ਼ ਡਟ ਕੇ ਲੜਾਈ ਲੜੀ ਜਾ ਰਹੀ ਹੈ। ਸਿਹਤ ਮੰਤਰੀ ਨੇ ਕਿਹਾ ਕਿ ਕਈ ਵਾਰ ਲੋਕ ਵੀ ਲਾਪ੍ਰਵਾਹੀ ਵਰਤ ਜਾਂਦੇ ਹਨ ਤੇ ਹਾਲੇ ਵੀ ਕਈ ਲੋਕ ਟੈਸਟ ਕਰਵਾਉਣ ਤੇ ਵੈਕਸੀਨ ਲਗਵਾਉਣ ਤੋਂ ਝਿਜਕ ਰਹੇ ਹਨ, ਜਿਸ ਕਾਰਨ ਉਹ ਇਸ ਬਿਮਾਰੀ ਦੀ ਲਪੇਟ ਵਿੱਚ ਆ ਜਾਂਦੇ ਹਨ ਤੇ ਕਈ ਵਾਰ ਹਾਲਤ ਜ਼ਿਆਦਾ ਗੰਭੀਰ ਹੋਣ ਕਾਰਨ ਮੌਤ ਵੀ ਹੋ ਜਾਂਦੀ ਹੈ।
ਸਿਹਤ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਕੋਰੋਨਾ ਦੇ ਇਲਾਜ ਲਈ ਵੱਧ ਪੈਸੇ ਵਸੂਲਣ ਵਾਲੇ ਹਸਪਤਾਲਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਲੋਕਾਂ ਦੀ ਲੁੱਟ ਕਰਨ ਵਾਲੇ ਕਿਸੇ ਵੀ ਹਸਪਤਾਲ ਨੂੰ ਬਖ਼ਸ਼ਿਆ ਨਹੀਂ ਜਾਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪੰਜਾਬ ਵਿੱਚ ਸਿਹਤ ਸਹੂਲਤਾਂ ਬਿਹਤਰ ਬਨਾਉਣ ਲਈ ਲਗਾਤਾਰ ਉਪਰਾਲੇ ਕੀਤੇ ਗਏ ਹਨ। ਸ਼ੁਰੂਆਤ ਵਿੱਚ ਜਿੱਥੇ ਰੋਜ਼ਾਨਾ 300 ਟੈਸਟ ਕੀਤੇ ਜਾ ਰਹੇ ਸਨ, ਉਥੇ ਹੁਣ ਰੋਜ਼ਾਨਾ ਹਜ਼ਾਰਾਂ ਟੈਸਟ ਕੀਤੇ ਜਾ ਰਹੇ ਹਨ। ਪੰਜਾਬ ਸਰਕਾਰ ਨੇ ਵੱਡੀ ਗਿਣਤੀ ਸਿਹਤ ਸੰਸਥਾਵਾਂ ਬਣਾਈਆਂ ਹਨ ਤੇ ਨਾਲ ਹੀ ਵੱਡੇ ਪੱਧਰ ਉਤੇ ਚੰਗੀਆਂ ਤਨਖਾਹਾਂ ਨਾਲ ਡਾਕਟਰਾਂ ਦੀ ਭਰਤੀ ਕੀਤੀ ਹੈ।
ਇਹ ਵੀ ਪੜ੍ਹੋ : 1 ਜੂਨ ਤੋਂ ਟੀਕਾਕਰਨ ਦੀ ਪਹਿਲੀ ਸੂਚੀ ’ਚ ਇਹ ਮੈਂਬਰ ਹੋਣਗੇ ਸ਼ਾਮਲ, ਕੈਪਟਨ ਨੇ ਕੀਤਾ ਐਲਾਨ
ਨੋਟ — ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ
ਨੌਜਵਾਨ ਦੀ ਸ਼ੱਕੀ ਹਾਲਾਤ ’ਚ ਮੌਤ, ਦਰਖੱਤ ਨਾਲ ਲਟਕੀ ਮਿਲੀ ਲਾਸ਼
NEXT STORY