ਪਾਤੜਾਂ, (ਮਾਨ)- ਗਾਂਧੀ ਜਯੰਤੀ ਮੌਕੇ ਦੇਸ਼ ਭਰ 'ਚ ਗੰਦਗੀ ਸਾਫ਼ ਕਰਨ ਦੇ ਕੀਤੇ ਗਏ ਉਪਰਾਲਿਆਂ ਦੀ ਫੂਕ ਸਥਾਨਕ ਡਵੀਜ਼ਨ ਦੇ ਪਿੰਡ ਚਿੱਚੜਵਾਲਾ ਦੇ ਸਰਕਾਰੀ ਹਾਈ ਸਕੂਲ ਦੀ ਚਾਰਦੀਵਾਰੀ ਅੰਦਰ ਹੀ ਪਿੰਡ ਦੇ ਕੁਝ ਲੋਕਾਂ ਵੱਲੋਂ ਰੂੜੀਆਂ ਸੁੱਟ ਕੇ ਲਾਏ ਗਏ ਢੇਰ ਕੱਢ ਰਹੇ ਹਨ। ਸਕੂਲ 'ਚ ਪਈ ਗੰਦਗੀ ਕਾਰਨ ਫੈਲ ਰਹੀ ਬਦਬੂ ਕਰ ਕੇ ਵਿਦਿਆਰਥੀਆਂ ਨੂੰ ਭਾਰੀ ਪ੍ਰੇਸ਼ਾਨ ਹੋਣਾ ਪੈ ਰਿਹਾ ਹੈ। ਸਕੂਲ ਦੀ ਜਗ੍ਹਾ 'ਤੇ ਕੀਤੇ ਕਬਜ਼ੇ ਦੇ ਵਿਰੋਧ 'ਚ ਪਿੰਡ ਦੀ ਪੰਚਾਇਤ ਤੇ ਸਕੂਲ ਮੈਨੇਜਮੈਂਟ ਕਮੇਟੀ ਨੇ ਮੋਰਚਾ ਖੋਲ੍ਹਦਿਆਂ ਉੱਚ ਅਧਿਕਾਰੀਆਂ ਤੋਂ ਇਸ ਮਾਮਲੇ 'ਚ ਤੁਰੰਤ ਦਖਲ ਦੋਣ ਦੀ ਮੰਗ ਕੀਤੀ ਹੈ। ਪਿੰਡ ਚਿੱਚੜਵਾਲਾ ਦੇ ਸਰਪੰਚ ਬਲਕਾਰਾ ਰਾਮ, ਸਕੂਲ ਮੈਨੇਜਮੈਂਟ ਕਮੇਟੀ ਦੇ ਚੇਅਰਮੈਨ ਬਿੱਲਾ ਰਾਮ, ਪੰਚ ਬੰਸਾ ਰਾਮ, ਭਜਨ ਰਾਮ, ਗੋਰਖੀ ਰਾਮ, ਕਾਲਾ ਰਾਮ, ਦਲਜੀਤ ਸਿੰਘ, ਪ੍ਰਵੀਨ ਰਾਮ ਅਤੇ ਮਾਲਕ ਰਾਮ ਨੇ ਦੱਸਿਆ ਹੈ ਕਿ ਪਿੰਡ ਦੇ ਕੁਝ ਵਿਅਕਤੀਆਂ ਨੇ ਸਕੂਲ ਦੀ ਚਾਰਦੀਵਾਰੀ ਦੇ ਅੰਦਰ ਅਤੇ ਬਾਹਰ ਰੂੜੀਆਂ ਲਾ ਕੇ ਨਾਜਾਇਜ਼ ਕਬਜ਼ਾ ਕੀਤਾ ਹੋਇਆ ਹੈ। ਇਸ ਨੂੰ ਚੁਕਵਾਉਣ ਲਈ ਪਿੰਡ ਦੀ ਪੰਚਾਇਤ ਤੇ ਮੋਹਤਬਰ ਵਿਅਕਤੀਆਂ ਨੇ ਪੁਲਸ ਅਧਿਕਾਰੀਆਂ ਤੱਕ ਵੀ ਪਹੁੰਚ ਕੀਤੀ ਪਰ ਪੁਲਸ ਵੱਲੋਂ ਅਜੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਗਈ।
ਸਕੂਲ ਕਮੇਟੀ ਤੇ ਪੰਚਾਇਤ ਨੇ ਉੱਚ ਅਧਿਕਾਰੀਆਂ ਨੂੰ ਅਪੀਲ ਕੀਤੀ ਕਿ ਸਕੂਲ ਦੇ ਅੰਦਰ ਤੇ ਬਾਹਰ ਲੱਗੀਆਂ ਰੂੜੀਆਂ ਤੇ ਗੰਦਗੀ ਦੇ ਢੇਰ ਜਲਦੀ ਤੋਂ ਜਲਦੀ ਚੁਕਵਾ ਕੇ ਰੂੜੀਆਂ ਲਾਉਣ ਵਾਲੇ ਕਥਿਤ ਦੋਸ਼ੀਆਂ ਖ਼ਿਲਾਫ਼ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ।
ਸ਼ਾਹੀ ਸ਼ਹਿਰ 'ਚ ਦਿਨ ਢਲਦੇ ਹੀ ਸੜਕਾਂ 'ਤੇ ਪਸਰ ਜਾਂਦੈ ਹਨੇਰਾ
NEXT STORY