ਚੰਡੀਗੜ੍ਹ : ਜੇਕਰ ਤੁਸੀਂ ਚੰਡੀਗੜ੍ਹ 'ਚ ਐਂਟਰ ਕਰ ਰਹੇ ਹੋ ਤਾਂ ਜ਼ਰਾ ਸਾਵਧਾਨ ਰਹਿਣ ਦੀ ਲੋੜ ਹੈ ਕਿਉਂਕਿ ਹਾਈਕੋਰਟ ਦੇ ਹੁਕਮਾਂ ਤੋਂ ਬਾਅਦ ਚੰਡੀਗੜ੍ਹ 'ਚ ਮੋਟੇ ਚਲਾਨ ਕੱਟੇ ਜਾ ਰਹੇ ਹਨ। ਜੇਕਰ ਕਿਸੇ ਦੀ ਗੱਡੀ 'ਤੇ ਪ੍ਰੈੱਸ, ਪੁਲਸ, ਆਰਮੀ ਜਾਂ ਕੋਈ ਹੋਰ ਵੀ. ਆਈ. ਪੀ. ਸਟਿੱਕਰ ਲੱਗਾ ਹੋਇਆ ਹੈ ਤਾਂ ਚੰਡੀਗੜ੍ਹ 'ਚ ਵੜਦੇ ਹੀ ਟ੍ਰੈਫਿਕ ਪੁਲਸ ਵਲੋਂ ਮੋਟਾ ਚਲਾਨ ਕੱਟ ਦਿੱਤਾ ਜਾਵੇਗਾ। ਸ਼ਨੀਵਾਰ ਨੂੰ ਵੀ ਵੱਖ-ਵੱਖ ਥਾਵਾਂ 'ਤੇ ਨਾਕੇ ਲਾ ਕੇ ਟ੍ਰੈਫਿਕ ਪੁਲਸ ਨੇ ਪ੍ਰੈੱਸ, ਐਡਵੋਕੇਟ, ਆਰਮੀ ਤੇ ਵਿਧਾਇਕ ਲਿਖੇ ਨਿਜੀ ਵਾਹਨਾਂ ਦੇ ਚਲਾਨ ਕੱਟੇ ਅਤੇ ਮੌਕੇ 'ਤੇ ਹੀ ਇਹ ਸਟਿੱਕਰ ਵੀ ਉਤਰਵਾਏ।
ਟ੍ਰੈਫਿਕ ਪੁਲਸ ਵਲੋਂ ਪਹਿਲੀ ਵਾਰ 500 ਰੁਪਏ ਦਾ ਚਲਾਨ ਕੱਟਿਆ ਜਾ ਰਿਹਾ ਹੈ ਅਤੇ ਜੇਕਰ ਉਹੀ ਵਿਅਕਤੀ ਦੂਜੀ ਵਾਰ ਸਟਿੱਕਰ ਲੱਗੇ ਵਾਹਨ ਸਮੇਤ ਫੜ੍ਹਿਆ ਜਾਂਦਾ ਹੈ ਤਾਂ ਉਸ ਦਾ ਇਕ ਹਜ਼ਾਰ ਰੁਪਏ ਦਾ ਚਲਾਨ ਕੱਟਿਆ ਜਾਵੇਗਾ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡੀ. ਐੱਸ. ਪੀ. ਚਰਨਜੀਤ ਸਿੰਘ ਨੇ ਦੱਸਿਆ ਕਿ ਚੰਡੀਗੜ੍ਹ ਪੁਲਸ ਵਲੋਂ ਕੱਟੇ ਗਏ ਚਲਾਨਾਂ ਦਾ ਵੇਰਵਾ ਹਾਈਕੋਰਟ 'ਚ ਅਗਲੀ ਸੁਣਵਾਈ ਦੌਰਾਨ ਪੇਸ਼ ਕੀਤਾ ਜਾਵੇਗਾ।
ਦੱਸ ਦੇਈਏ ਕਿ ਚੰਡੀਗੜ੍ਹ ਤੇ ਆਸ-ਪਾਸ ਦੇ ਇਲਾਕਿਆਂ 'ਚ ਵੀ. ਆਈ. ਪੀ. ਕਲਚਰ 'ਤੇ ਵੱਡਾ ਵਾਰ ਕਰਦਿਆਂ ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਗੱਡੀਆਂ ਤੋਂ ਵੀ. ਆਈ. ਪੀ. ਅਹੁਦਿਆਂ ਵਾਲੇ ਸਟਿੱਕਰ ਹਟਾਉਣ ਦੇ ਹੁਕਮ ਜਾਰੀ ਕੀਤੇ ਸਨ ਅਤੇ 72 ਘੰਟਿਆਂ ਦੀ ਮੋਹਲਤ ਦਿੰਦੇ ਹੋਏ ਚੰਡੀਗੜ੍ਹ ਪੁਲਸ ਨੂੰ ਸਖਤ ਕਾਰਵਾਈ ਦੇ ਨਿਰਦੇਸ਼ ਦਿੱਤੇ ਸਨ। ਇਹ ਵੀ ਦੱਸਣਯੋਗ ਹੈ ਕਿ ਸਿਰਫ ਐਂਬੂਲੈਂਸ ਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੂੰ ਇਸ ਮਾਮਲੇ 'ਚ ਰਾਹਤ ਦਿੱਤੀ ਗਈ ਹੈ।
ਫਿਰੋਜ਼ਪੁਰ: ਬੀ.ਐੱਸ.ਐੱਫ. ਨੇ ਸਰਹੱਦ ਤੋਂ 5 ਕਰੋੜ ਦੀ ਹੈਰੋਇਨ ਕੀਤੀ ਬਰਾਮਦ
NEXT STORY