ਚੰਡੀਗੜ੍ਹ (ਸ਼ੀਨਾ) : ਮਾਨਸੂਨ ਦੀ ਆਮਦ ਤੋਂ ਬਾਅਦ ਚੰਡੀਗੜ੍ਹ ਅਤੇ ਟ੍ਰਾਈਸਿਟੀ ’ਚ ਮੌਸਮ ਦਾ ਮਿਜ਼ਾਜ ਲਗਾਤਾਰ ਬਦਲ ਰਿਹਾ ਹੈ। ਸ਼ਨੀਵਾਰ ਨੂੰ ਦਿਨ ਭਰ ਅਸਮਾਨ ’ਤੇ ਕਾਲੇ ਬੱਦਲ ਛਾਏ ਰਹੇ ਅਤੇ ਰੁਕ-ਰੁਕ ਕੇ ਹਲਕੀਆਂ ਫੁਹਾਰਾਂ ਪੈਂਦੀਆਂ ਰਹੀਆਂ। ਭਾਵੇਂ ਸ਼ਹਿਰ ’ਚ ਸਿਰਫ਼ 0.4 ਮਿਲੀਮੀਟਰ ਮੀਂਹ ਹੀ ਦਰਜ ਕੀਤਾ ਗਿਆ ਪਰ ਮੌਸਮ ਵਿਭਾਗ ਨੇ 6 ਤੋਂ 8 ਜੁਲਾਈ ਤੱਕ ਪੰਜਾਬ ਤੇ ਚੰਡੀਗੜ੍ਹ ’ਚ ਭਾਰੀ ਮੀਂਹ, ਗਰਜ-ਚਮਕ ਅਤੇ ਤੇਜ਼ ਹਵਾਵਾਂ ਦਾ ਅਲਰਟ ਜਾਰੀ ਕੀਤਾ ਹੈ। ਵਿਭਾਗ ਦਾ ਮੰਨਣਾ ਹੈ ਕਿ ਇਸ ਦੌਰਾਨ ਮਾਨਸੂਨ ਪੂਰੀ ਤਰ੍ਹਾਂ ਸਰਗਰਮ ਹੋਵੇਗਾ ਅਤੇ ਇਲਾਕੇ ’ਚ ਮੀਂਹ ਦੇ ਚੰਗੇ ਦੌਰ ਦੇਖਣ ਨੂੰ ਮਿਲ ਸਕਦੇ ਹਨ। ਮੌਸਮ ਵਿਭਾਗ ਅਨੁਸਾਰ ਸ਼ਹਿਰ ’ਚ 0.4 ਮਿਲੀਮੀਟਰ, ਜਦੋਂ ਕਿ ਹਵਾਈ ਅੱਡਾ ਖੇਤਰ ’ਚ 2 ਮਿਲੀਮੀਟਰ ਮੀਂਹ ਰਿਕਾਰਡ ਕੀਤਾ ਗਿਆ।
ਵੱਧ ਤੋਂ ਵੱਧ ਤਾਪਮਾਨ 35.7 ਡਿਗਰੀ ਸੈਲਸੀਅਸ ਰਿਹਾ, ਜੋ ਆਮ ਨਾਲੋਂ 0.2 ਡਿਗਰੀ ਵੱਧ ਸੀ, ਜਦੋਂ ਕਿ ਘੱਟੋ-ਘੱਟ ਤਾਪਮਾਨ 27.1 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਹਵਾ ’ਚ ਨਮੀ ਦਾ ਪੱਧਰ 86 ਫ਼ੀਸਦੀ ਤੱਕ ਪਹੁੰਚਣ ਕਾਰਨ ਦਿਨ ਅਤੇ ਰਾਤ ਦੋਵਾਂ ਵੇਲੇ ਹੁੰਮਸ ਦਾ ਅਸਰ ਬਣਿਆ ਰਿਹਾ। ਮੌਸਮ ਵਿਭਾਗ ਨੇ 6 ਤੋਂ 8 ਜੁਲਾਈ ਤੱਕ ਚੰਡੀਗੜ੍ਹ, ਟ੍ਰਾਈਸਿਟੀ ਅਤੇ ਪੰਜਾਬ ਦੇ ਕਈ ਹਿੱਸਿਆਂ ’ਚ ਭਾਰੀ ਮੀਂਹ, 40 ਤੋਂ 50 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਤੇ ਗਰਜ-ਚਮਕ ਦੀ ਸੰਭਾਵਨਾ ਜਤਾਈ ਹੈ। ਵਿਭਾਗ ਦਾ ਕਹਿਣਾ ਹੈ ਕਿ ਮਾਨਸੂਨ ਸਰਗਰਮ ਹੋਣ ਨਾਲ ਤਾਪਮਾਨ ਵਿੱਚ ਹੋਰ ਗਿਰਾਵਟ ਆਵੇਗੀ ਅਤੇ ਗਰਮੀ ਤੋਂ ਰਾਹਤ ਮਿਲਣ ਦੀ ਉਮੀਦ ਹੈ। ਪ੍ਰਸ਼ਾਸਨ ਨੇ ਲੋਕਾਂ ਨੂੰ ਖ਼ਰਾਬ ਮੌਸਮ ਦੌਰਾਨ ਬਿਨਾਂ ਲੋੜ ਸਫ਼ਰ ਨਾ ਕਰਨ, ਨੀਵੇਂ ਇਲਾਕਿਆਂ, ਪਾਣੀ ਭਰੀਆਂ ਸੜਕਾਂ, ਦਰੱਖਤਾਂ, ਬਿਜਲੀ ਦੇ ਖੰਭਿਆਂ ਅਤੇ ਕਮਜ਼ੋਰ ਇਮਾਰਤਾਂ ਤੋਂ ਦੂਰ ਰਹਿਣ ਦੀ ਅਪੀਲ ਕੀਤੀ ਹੈ।
ਪੰਜਾਬ ਕਾਂਗਰਸ 'ਚ ਹਲਚਲ ਤੇਜ਼! ਰਾਜਾ ਵੜਿੰਗ ਨੇ ਸੀਨੀਅਰ ਲੀਡਰ ਨਾਲ ਕੀਤੀ ਬੰਦ ਕਮਰਾ ਮੀਟਿੰਗ
NEXT STORY