ਦੇਹਰਾਦੂਨ (ਭਾਰਦਵਾਜ)- ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਦੇ ਦਰਸ਼ਨਾਂ ਲਈ ਪੰਜਾਬ ਦੇ ਅੰਮ੍ਰਿਤਸਰ ਜ਼ਿਲੇ ਦੇ ਕਸਬਾ ਮਹਿਤਾ ਚੌਕ ਤੋਂ ਗਏ 8 ਲਾਪਤਾ ਸ਼ਰਧਾਲੂਆਂ ਦੀ ਗੱਡੀ ਦਾ 6ਵੇਂ ਦਿਨ ਵੀ ਕੋਈ ਪਤਾ ਨਹੀਂ ਲੱਗ ਸਕਿਆ। ਸ਼ਨੀਵਾਰ ਨੂੰ ਸਥਾਨਕ ਪੁਲਸ ਅਤੇ ਐੱਸ. ਡੀ. ਆਰ. ਐੱਫ. ਦੇ ਨਾਲ ਫੌਜ ਨੇ ਵੀ ਤਲਾਸ਼ੀ ਮੁਹਿੰਮ ਵਿਚ ਹਿੱਸਾ ਲਿਆ ਪਰ ਪਾਣੀ ਦੇ ਤੇਜ਼ ਵਹਾਅ ਕਾਰਨ ਕੋਈ ਵੀ ਪਾਣੀ 'ਚ ਨਾ ਉਤਰ ਸਕਿਆ। ਪਾਣੀ ਦਾ ਵਹਾਅ ਇੰਨਾ ਜ਼ਿਆਦਾ ਹੈ ਕਿ ਘਟਨਾ ਵਾਲੀ ਥਾਂ ਤੋਂ ਲਗਭਗ 100 ਕਿਲੋਮੀਟਰ ਦੂਰ ਰਿਸ਼ੀਕੇਸ਼ ਦੇ ਸ਼ਿਵਪੁਰੀ 'ਚ ਡਰਾਈਵਰ ਮਹਿੰਗਾ ਸਿੰਘ ਦਾ ਆਧਾਰ ਕਾਰਡ ਮਿਲਿਆ ਸੀ। ਬੀਤੇ ਕੁਝ ਵਰ੍ਹਿਆਂ ਦੌਰਾਨ ਆਈ ਆਫਤ ਦੇ ਸਮੇਂ ਵਿਚ ਵੀ ਇਸ ਇਲਾਕੇ ਵਿਚ ਜੋ ਗੱਡੀਆਂ ਰੁੜ੍ਹੀਆਂ ਸਨ, ਅੱਜ ਤਕ ਉਨ੍ਹਾਂ ਦਾ ਇਕ ਵੀ ਹਿੱਸਾ ਨਹੀਂ ਮਿਲਿਆ। ਅਜਿਹੇ ਵਿਚ ਸੰਭਾਵਨਾ ਪ੍ਰਗਟਾਈ ਜਾ ਰਹੀ ਹੈ ਕਿ ਕਦੇ ਪਾਣੀ ਘੱਟ ਹੋਣ 'ਤੇ ਹੀ ਵਾਹਨ ਦਾ ਪਤਾ ਲੱਗ ਸਕੇਗਾ।
ਥਾਣਾ ਮੁਖੀ ਗੋਬਿੰਦਧਾਮ ਪ੍ਰਦੀਪ ਰਾਠੌਰ ਦਾ ਕਹਿਣਾ ਹੈ ਕਿ ਸ਼ਨੀਵਾਰ ਨੂੰ ਸੰਭਾਵਿਤ ਘਟਨਾ ਵਾਲੀ ਥਾਂ ਤੋਂ ਕੁਝ ਦੂਰ ਅਜਿਹੇ ਸਥਾਨ ਜਿਥੇ ਉਨ੍ਹਾਂ ਨੂੰ ਕਾਰ ਦੇ ਹੋਣ ਦਾ ਸ਼ੱਕ ਸੀ, ਉਥੇ ਤਲਾਸ਼ੀ ਮੁਹਿੰਮ ਚਲਾਈ ਜਾਣੀ ਸੀ ਪਰ ਪਾਣੀ ਦਾ ਵਹਾਅ ਤੇਜ਼ ਹੋਣ ਕਾਰਨ ਉਥੇ ਜਵਾਨਾਂ ਦਾ ਉਤਰਨਾ ਸੰਭਵ ਨਹੀਂ ਹੋ ਸਕਿਆ। ਹਾਲਾਂਕਿ ਐੱਸ. ਡੀ. ਆਰ. ਐੱਫ., ਆਈ. ਬੀ. ਪੀ. ਤੇ ਦੋ ਥਾਣਿਆਂ ਦੀ ਪੁਲਸ ਲਗਾਤਾਰ ਨਦੀ ਦੇ ਆਸ-ਪਾਸ ਤਲਾਸ਼ੀ ਮੁਹਿੰਮ ਵਿਚ ਲੱਗੀ ਹੋਈ ਹੈ। ਵਰਣਨਯੋਗ ਹੈ ਕਿ ਘਟਨਾ ਵਾਲੀ ਥਾਂ ਤੋਂ ਅਜੇ ਤਕ ਦੋ ਪੱਗਾਂ, ਕਾਰ ਦੀ ਨੰਬਰ ਪਲੇਟ ਦਾ ਲੋਗੋ ਤੇ ਕੁਝ ਕੱਚ ਦੇ ਟੁੱਕੜੇ ਬਰਾਮਦ ਹੋਏ ਹਨ।
ਸਮਝਿਆ ਜਾਂਦਾ ਹੈ ਕਿ ਸਈਆ ਪੁਲ ਤੋਂ ਜੇਕਰ ਕਾਰ ਡਿੱਗੀ ਹੋਵੇਗੀ ਤਾਂ ਇਕ ਠੋਕਰ ਖਾਣ ਦੇ ਮਗਰੋਂ ਉਹ ਨਦੀ ਵਿਚ ਸਮਾ ਗਈ ਹੋਵੇਗੀ। ਇਸੇ ਪੁਲ ਦੇ ਨੇੜੇ ਹੀ ਪੱਗਾਂ ਤੇ ਕੱਚ ਦੇ ਟੁੱਕੜੇ ਪੁਲਸ ਨੂੰ ਬਰਾਮਦ ਹੋਏ ਹਨ। ਇਸ ਤੋਂ ਇਲਾਵਾ ਪੁਲ ਦੇ ਹੇਠਾਂ ਝਾੜੀਆਂ ਵੀ ਟੁੱਟੀਆਂ ਹੋਈਆਂ ਸਨ, ਜਿਸ ਤੋਂ ਅੰਦਾਜ਼ਾ ਲਾਇਆ ਗਿਆ ਹੈ ਕਿ ਇਥੇ ਕੋਈ ਵੱਡੀ ਚੀਜ਼ ਡਿੱਗੀ ਹੈ। ਹੁਣ ਰੈਸਕਿਊ ਟੀਮ ਪਾਣੀ ਦਾ ਵਹਾਅ ਘੱਟ ਹੋਣ ਦੀ ਉਡੀਕ ਵਿਚ ਹੈ ਅਤੇ ਨਦੀ ਕੰਢੇ ਤਲਾਸ਼ੀ ਮੁਹਿੰਮ ਜਾਰੀ ਹੈ।
'ਆਪ' ਨੇ ਰਾਜ ਦੇ ਅਹੁਦੇਦਾਰਾਂ ਦੀ ਪਹਿਲੀ ਸੂਚੀ ਜਾਰੀ ਕਰਕੇ ਪੰਜਾਬ 'ਚ ਸੰਗਠਨ ਦਾ ਪੁਨਰਗਠਨ ਕੀਤਾ ਸ਼ੁਰੂ
NEXT STORY