ਕੋਟਕਪੂਰਾ (ਨਰਿੰਦਰ ਬੈੜ੍ਹ) : ਜ਼ਿਲ੍ਹਾ ਪੁਲਸ ਮੁਖੀ ਡਾ. ਪ੍ਰਗਿਆ ਜੈਨ ਆਈ.ਪੀ.ਐੱਸ ਵੱਲੋਂ ਨਸ਼ਿਆਂ ਖ਼ਿਲਾਫ ਸਖ਼ਤ ਕਾਰਵਾਈ ਕਰਨ ਦੀਆਂ ਹਦਾਇਤਾਂ 'ਤੇ ਥਾਣਾ ਸਿਟੀ ਪੁਲਸ ਕੋਟਕਪੂਰਾ ਨੇ ਤਿੰਨ ਵਿਅਕਤੀ ਨੂੰ ਹੈਰੋਇਨ ਅਤੇ ਨਸ਼ੀਲੀਆਂ ਗੋਲੀਆਂ ਸਮੇਤ ਗ੍ਰਿਫਤਾਰ ਕੀਤਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਥਾਣਾ ਸਿਟੀ ਪੁਲਸ ਕੋਟਕਪੁਰਾ ਦੇ ਏ.ਐੱਸ.ਆਈ ਸਤੀਸ਼ ਕੁਮਾਰ ਸਮੇਤ ਪੁਲਸ ਪਾਰਟੀ ਗਸ਼ਤ ਦੌਰਾਨ ਸਥਾਨਕ ਮੋਗਾ ਰੋਡ 'ਤੇ ਸੀ.ਐੱਨ.ਐੱਸ ਇਨਕਲੇਬ ਕੋਲ ਮੌਜੂਦ ਸਨ ਤਾਂ ਗਰੀਨ ਢਾਬੇ ਵਾਲੀ ਸਾਈਡ ਤੋਂ ਇਕ ਨੌਜਵਾਨ ਆਉਂਦਾ ਦਿਖਾਈ ਦਿੱਤਾ, ਜਿਸ ਨੇ ਪੁਲਸ ਪਾਰਟੀ ਨੂੰ ਦੇਖ ਕੇ ਆਪਣੇ ਲੋਅਰ ਦੀ ਜੇਬ ਵਿਚੋਂ ਇਕ ਮੋਮੀ ਲਿਫਾਫਾ ਕੱਢ ਕੇ ਹੇਠਾਂ ਸੁੱਟ ਦਿੱਤਾ ਅਤੇ ਤੇਜ਼ੀ ਨਾਲ ਉਥੋਂ ਜਾਣ ਲੱਗਾ। ਇਸ ਦੌਰਾਨ ਸਹਾਇਕ ਥਾਣੇਦਾਰ ਸਤੀਸ਼ ਕੁਮਾਰ ਨੇ ਸ਼ੱਕ ਦੇ ਅਧਾਰ 'ਤੇ ਉਕਤ ਵਿਅਕਤੀ ਨੂੰ ਕਾਬੂ ਕਰਕੇ ਉਸ ਵੱਲੋਂ ਹੇਠਾਂ ਸੁੱਟੇ ਮੋਮੀ ਲਿਫਾਫੇ ਨੂੰ ਸੁੰਘ ਕੇ ਚੈੱਕ ਕੀਤਾ ਤਾਂ ਲਿਫਾਫੇ ਵਿਚੋਂ 20 ਗ੍ਰਾਮ ਹੈਰੋਇਨ ਬਰਾਮਦ ਹੋਈ।
ਇਸ ਸਬੰਧ ਵਿਚ ਥਾਣਾ ਸਿਟੀ ਪੁਲਸ ਕੋਟਕਪੂਰਾ ਵਿਖੇ ਉਕਤ ਵਿਅਕਤੀ ਗੁਰਪ੍ਰੀਤ ਸਿੰਘ ਵਾਸੀ ਕੋਟਕਪੂਰਾ ਖ਼ਿਲਾਫ ਐੱਨ.ਡੀ.ਪੀ.ਐੱਸ ਐਕਟ ਤਹਿਤ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਅਮਲ ਵਿਚ ਲਿਆਂਦੀ ਗਈ। ਇਸੇ ਤਰ੍ਹਾਂ ਦਰਜ ਇਕ ਹੋਰ ਮਾਮਲੇ ਵਿਚ ਥਾਣਾ ਸਿਟੀ ਪੁਲਸ ਕੋਟਕਪੂਰਾ ਦੇ ਏ.ਐੱਸ.ਆਈ ਸੁਖਦੇਵ ਸਿੰਘ ਸਮੇਤ ਪੁਲਸ ਪਾਰਟੀ ਗਸ਼ਤ ਦੌਰਾਨ ਸਥਾਨਕ ਬਾਹਮਣ ਵਾਲਾ ਰੋਡ 'ਤੇ ਸੂਏ ਦੇ ਪੁੱਲ ਕੋਲ ਮੌਜੂਦ ਸਨ ਤਾਂ ਸੂਏ ਨਾਲ ਬਣੀ ਨਵੀਂ ਰੋਡ 'ਤੇ ਪਿੰਡ ਕੋਠੇ ਵੜਿੰਗ ਵੱਲੋਂ ਦੋ ਨੌਜਵਾਨ ਮੋਟਰਸਾਈਕਲ 'ਤੇ ਆਉਂਦੇ ਦਿਖਾਈ ਦਿੱਤੇ ਜੋ ਪੁਲਸ ਪਾਰਟੀ ਨੂੰ ਦੇਖ ਕੇ ਮੋਟਰਸਾਈਕਲ ਪਿੱਛੇ ਨੂੰ ਮੋੜਨ ਲੱਗੇ ਤਾਂ ਮੋਟਰਸਾਈਕਲ ਸਲਿਪ ਕਰ ਗਿਆ ਅਤੇ ਉਨ੍ਹਾਂ ਵਿਚਾਲੇ ਪਏ ਲਿਫਾਫੇ ਵਿਚੋਂ ਗੋਲੀਆਂ ਦੇ ਪੱਤੇ ਖਿਲਰ ਗਏ। ਇਸ ਦੌਰਾਨ ਪੁਲਸ ਪਾਰਟੀ ਨੇ ਉਕਤ ਵਿਅਕਤੀਆਂ ਨੂੰ ਕਾਬੂ ਕਰਕੇ ਜਾਂਚ ਕੀਤੀ ਤਾਂ ਉਨ੍ਹਾਂ ਕੋਲੋਂ 200 ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ। ਇਸ ਸਬੰਧ ਵਿਚ ਥਾਣਾ ਸਿਟੀ ਪੁਲਸ ਕੋਟਕਪੂਰਾ ਵਿਖੇ ਉਕਤ ਵਿਅਕਤੀਆਂ ਸੁਖਜਿੰਦਰ ਸਿੰਘ ਵਾਸੀ ਬਾਹਮਣ ਵਾਲਾ ਅਤੇ ਚਮਕੌਰ ਸਿੰਘ ਵਾਸੀ ਕੋਟਕਪੂਰਾ ਖ਼ਿਲਾਫ ਐੱਨ.ਡੀ.ਪੀ.ਐੱਸ ਐਕਟ ਤਹਿਤ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਅਮਲ ਵਿਚ ਲਿਆਂਦੀ ਗਈ।
ਹੁਸ਼ਿਆਰਪੁਰ ਜੇਲ੍ਹ ਦੇ ਸੁਪਰਡੈਂਟ 'ਤੇ ਡਿੱਗੀ ਗਾਜ, ਹੋ ਗਈ ਸਖ਼ਤ ਕਾਰਵਾਈ, ਹੈਰਾਨ ਕਰੇਗਾ ਪੂਰਾ ਮਾਮਲਾ
NEXT STORY