ਜਲੰਧਰ (ਖੁਰਾਣਾ)–ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿਚ ਬੀਤੇ ਦਿਨ ਪਟਾਕਿਆਂ ਦੀ ਵਿਕਰੀ ਸਬੰਧੀ ਦਾਇਰ ਪਟੀਸ਼ਨ ’ਤੇ ਸੁਣਵਾਈ ਹੋਈ। ਇਸ ਦੌਰਾਨ ਕੋਰਟ ਨੇ ਕਿਹਾ ਕਿ ਵਪਾਰ ਨੂੰ ਸੀਮਤ ਕੀਤਾ ਜਾ ਸਕਦਾ ਹੈ ਪਰ ਵਾਤਾਵਰਣ ਨੂੰ ਨੁਕਸਾਨ ਨਹੀਂ ਪਹੁੰਚਣਾ ਚਾਹੀਦਾ। ਜ਼ਿਕਰਯੋਗ ਹੈ ਕਿ ਸਾਲ 2017 ਵਿਚ ਹਾਈਕੋਰਟ ਨੇ ਵਾਤਾਵਰਣ ਪ੍ਰਦੂਸ਼ਣ ਨੂੰ ਘੱਟ ਕਰਨ ਲਈ ਹੁਕਮ ਦਿੱਤਾ ਸੀ ਕਿ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਵਿਚ 2016 ਦੀ ਤੁਲਨਾ ਵਿਚ ਸਿਰਫ਼ 20 ਫ਼ੀਸਦੀ ਅਸਥਾਈ ਲਾਇਸੈਂਸ ਹੀ ਪਟਾਕਿਆਂ ਦੀ ਵਿਕਰੀ ਲਈ ਜਾਰੀ ਕੀਤੇ ਜਾਣ। ਇਹ ਲਾਇਸੈਂਸ ਲਾਟਰੀ ਨਾਲ ਸਬੰਧਤ ਡਿਪਟੀ ਕਮਿਸ਼ਨਰ ਖੁਦ ਜਾਰੀ ਕਰਨਗੇ ਅਤੇ ਇਹ ਅਧਿਕਾਰ ਕਿਸੇ ਨੂੰ ਦਿੱਤਾ ਨਹੀਂ ਜਾ ਸਕੇਗਾ। ਜਲੰਧਰ ਫਾਇਰ ਵਰਕਸ ਐਸੋਸੀਏਸ਼ਨ ਵੱਲੋਂ ਦਾਖਲ ਪਟੀਸ਼ਨ ਵਿਚ ਕਿਹਾ ਗਿਆ ਕਿ ਇਸ ਫ਼ੈਸਲੇ ਨਾਲ ਉਨ੍ਹਾਂ ਦੇ ਆਰਟੀਕਲ 19 (1) (ਜੀ) ਦੇ ਤਹਿਤ ਦਿੱਤੇ ਗਏ ਕਾਰੋਬਾਰ ਕਰਨ ਦੇ ਮੌਲਿਕ ਅਧਿਕਾਰ ਦਾ ਉਲੰਘਣ ਹੋਇਆ ਹੈ।
ਇਹ ਵੀ ਪੜ੍ਹੋ: 19 ਸਾਲਾ ਮੁੰਡੇ ਨੇ ਪਿਆਰ 'ਚ ਡੁੱਲੀ 31 ਸਾਲਾ ਅਧਿਆਪਕਾ ! ਹੈਰਾਨ ਕਰੇਗਾ ਪੰਜਾਬ ਦਾ ਇਹ ਮਾਮਲਾ
ਚੀਫ਼ ਜਸਟਿਸ ਸ਼ੀਲ ਨਾਗੂ ਅਤੇ ਜਸਟਿਸ ਸੰਜੀਵ ਬੇਰੀ ਦੇ ਡਿਵੀਜ਼ਨ ਬੈਂਚ ਨੇ ਕਿਹਾ ਕਿ ਇਹ ਇਕ ਨੀਤੀਗਤ ਮਾਮਲਾ ਹੈ, ਜਿਸ ਵਿਚ ਅਦਾਲਤ ਦਖਲ ਨਹੀਂ ਦੇ ਸਕਦੀ। ਚੀਫ਼ ਜਸਟਿਸ ਨੇ ਇਹ ਵੀ ਪੁੱਛਿਆ ਕਿ ਕੀ ਇਹ ਫ਼ੈਸਲਾ ਕਰਨਾ ਅਦਾਲਤ ਦਾ ਕੰਮ ਹੈ ਕਿ ਹੱਦ 20 ਫੀਸਦੀ, 30 ਫੀਸਦੀ ਜਾਂ 40 ਫ਼ੀਸਦੀ ਹੋਣੀ ਚਾਹੀਦੀ ਹੈ। ਪਟੀਸ਼ਨਕਰਤਾ ਨੇ ਦਲੀਲ ਦਿੱਤੀ ਕਿ 20 ਫੀਸਦੀ ਦੀ ਹੱਦ 2016 ਦੀ ਆਬਾਦੀ ਦੇ ਆਧਾਰ ’ਤੇ ਨਿਰਧਾਰਿਤ ਕੀਤੀ ਗਈ ਸੀ, ਜੋ ਕਿ ਹੁਣ ਪੁਰਾਣੀ ਹੋ ਗਈ ਹੈ ਕਿਉਂਕਿ ਆਬਾਦੀ ਵਧ ਗਈ ਹੈ। ਪਟੀਸ਼ਨਕਰਤਾ ਨੇ ਇਸ ਸਬੰਧ ਵਿਚ ਹੋਰ ਨਿਰਦੇਸ਼ ਪ੍ਰਾਪਤ ਕਰਨ ਲਈ ਸਮਾਂ ਮੰਗਿਆ। ਇਸ ਮਾਮਲੇ ਦੀ ਸੁਣਵਾਈ ਹੁਣ 16 ਅਕਤੂਬਰ ਨੂੰ ਦੁਬਾਰਾ ਹੋਵੇਗੀ।
ਇਹ ਵੀ ਪੜ੍ਹੋ: ਜਲੰਧਰ 'ਚ ਮਸ਼ਹੂਰ ਢਾਬਾ ਮਾਲਕ ਦੇ ਭਰਾ ਵੱਲੋਂ ਕੀਤੀ ਖ਼ੁਦਕੁਸ਼ੀ ਮਾਮਲੇ 'ਚ ਨਵਾਂ ਮੋੜ, ਸਾਹਮਣੇ ਆਏ ਕਈ ਪਹਿਲੂ
ਪਠਾਨਕੋਟ ਚੌਕ ’ਚ ਹੀ ਲੱਗੇਗੀ ਪਟਾਕਾ ਮਾਰਕੀਟ, ਕੋਰਟ ਨੇ ਰਾਣਾ ਹਰਸ਼ ਵਰਮਾ ਦੀ ਪਟੀਸ਼ਨ ਕੀਤੀ ਖਾਰਜ
ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਪਟਾਕਾ ਵਪਾਰੀਆਂ ਦੇ ਇਕ ਗਰੁੱਪ ਦੇ ਪ੍ਰਧਾਨ ਰਾਣਾ ਹਰਸ਼ ਵਰਮਾ ਵੱਲੋਂ ਦਾਇਰ ਪਟੀਸ਼ਨ ਖਾਰਜ ਕਰ ਦਿੱਤੀ ਹੈ। ਅਦਾਲਤ ਦੇ ਫੈਸਲੇ ਵਿਚ ਲਾਇਲਪੁਰ ਸਕੂਲ ਅਤੇ ਚਾਰਾ ਬਾਜ਼ਾਰ ਵਾਲੀ ਜਗ੍ਹਾ ਨੂੰ ਰੱਦ ਕਰ ਦਿੱਤਾ ਗਿਆ ਸੀ ਪਰ ਪਠਾਨਕੋਟ ਚੌਕ ਦੇ ਕੋਨੇ ਵਾਲੀ ਜ਼ਮੀਨ ਦਾ ਕੋਈ ਵਰਣਨ ਨਹੀਂ ਹੋਇਆ। ਇਸ ਤੋਂ ਸਪੱਸ਼ਟ ਹੋ ਗਿਆ ਹੈ ਕਿ ਆਉਣ ਵਾਲੇ ਦਿਨਾਂ ਵਿਚ ਪਟਾਕਾ ਮਾਰਕੀਟ ਪਠਾਨਕੋਟ ਚੌਕ ਨੇੜੇ ਹੀ ਲੱਗੇਗੀ, ਜਿੱਥੇ ਦੁਕਾਨਾਂ ਦੀ ਉਸਾਰੀ ਦਾ ਕੰਮ ਪਹਿਲਾਂ ਹੀ ਸ਼ੁਰੂ ਹੋ ਚੁੱਕਾ ਹੈ ਅਤੇ ਐਤਵਾਰ ਤੱਕ ਪੂਰਾ ਹੋਣ ਦੀ ਉਮੀਦ ਹੈ।
ਇਸੇ ਵਿਚਕਾਰ ਪਟਾਕਾ ਵਪਾਰੀਆਂ ਦੇ ਵੱਖ-ਵੱਖ ਸਮੂਹਾਂ ਗਰੁੱਪਾਂ ਏਕਤਾ ਸਥਾਪਤ ਕਰਨ ਦੇ ਯਤਨ ਜਾਰੀ ਹਨ, ਤਾਂ ਜੋ ਸਾਰੇ ਕਾਰੋਬਾਰੀ ਮਿਲ ਕੇ ਕਾਰੋਬਾਰ ਕਰ ਸਕਣ। ਸੂਤਰਾਂ ਅਨੁਸਾਰ ਵਿਕਾਸ ਭੰਡਾਰੀ, ਰਵੀ ਮਹਾਜਨ, ਬਾਹਰੀ, ਬੱਲੂ ਅਤੇ ਵਿਕਾਸ ਤਲਵਾੜ ਵਰਗੇ ਗਰੁੱਪ ਇਕਜੁੱਟ ਹੋ ਚੁੱਕੇ ਹਨ ਪਰ ਰਾਣਾ ਹਰਸ਼ ਵਰਮਾ ਨੇ ਅਜੇ ਤੱਕ ਸਾਂਝੇ ਕਾਰੋਬਾਰ ਲਈ ਸਹਿਮਤੀ ਨਹੀਂ ਦਿੱਤੀ ਹੈ। ਸੂਤਰਾਂ ਦਾ ਕਹਿਣਾ ਹੈ ਕਿ ਰਾਣਾ ਹਰਸ਼ ਵਰਮਾ ਦੇ ਸਮਰਥਕਾਂ ਨੇ ਛੇ ਡ੍ਰਾਅ ਨਿਕਲੇ ਹਨ, ਜਿਸ ਕਾਰਨ ਉਨ੍ਹਾਂ ਦੇ ਗਰੁੱਪ ਨੂੰ ਨਜ਼ਰਅੰਦਾਜ਼ ਕਰਨਾ ਮੁਸ਼ਕਿਲ ਹੈ। ਉਥੇ ਹੀ ਨਗਰ ਨਿਗਮ ਦੇ ਬਿਲਡਿੰਗ ਵਿਭਾਗ ਦੀ ਟੀਮ ਨੇ ਪ੍ਰਸਤਾਵਿਤ ਪਟਾਕਾ ਮਾਰਕੀਟ ਵਾਲੀ ਜਗ੍ਹਾ ਦਾ ਦੌਰਾ ਕੀਤਾ ਅਤੇ ਅਸਥਾਈ ਦੁਕਾਨਾਂ ਦੀ ਉਸਾਰੀ ’ਤੇ ਇਤਰਾਜ਼ ਜਤਾਇਆ। ਨਿਗਮ ਅਧਿਕਾਰੀਆਂ ਦਾ ਕਹਿਣਾ ਸੀ ਕਿ ਦੁਕਾਨਾਂ ਦੀ ਉਸਾਰੀ ਸ਼ੁਰੂ ਕਰਨ ਤੋਂ ਪਹਿਲਾਂ ਨਕਸ਼ਾ ਪਾਸ ਨਹੀਂ ਕਰਵਾਇਆ ਗਿਆ। ਇਸ ’ਤੇ ਪਟਾਕਾ ਕਾਰੋਬਾਰੀਆਂ ਨੇ ਨਿਗਮ ਦੀ ਟੀਮ ਨਾਲ ਬਹਿਸ ਕੀਤੀ ਅਤੇ ਸਾਬਕਾ ਵਿਧਾਇਕ ਕੇ. ਡੀ. ਭੰਡਾਰੀ ਨੂੰ ਮੌਕੇ ’ਤੇ ਬੁਲਾਇਆ, ਜਿਸ ਤੋਂ ਬਾਅਦ ਨਿਗਮ ਟੀਮ ਵਾਪਸ ਮੁੜ ਗਈ। ਪਟਾਕਾ ਕਾਰੋਬਾਰੀਆਂ ਦਾ ਕਹਿਣਾ ਹੈ ਕਿ ਆਮ ਆਦਮੀ ਪਾਰਟੀ ਦੇ ਕਿਸੇ ਵੀ ਆਗੂ ਨੇ ਉਨ੍ਹਾਂ ਦੀ ਕੋਈ ਸਾਰ ਨਹੀਂ ਲਈ ਅਤੇ ਸਿਰਫ ਕੇ. ਡੀ. ਭੰਡਾਰੀ ਦੇ ਯਤਨਾਂ ਸਦਕਾ ਹੀ ਉਨ੍ਹਾਂ ਨੂੰ ਮਾਰਕੀਟ ਲਈ ਜਗ੍ਹਾ ਮਿਲ ਸਕੀ ਹੈ।
ਇਹ ਵੀ ਪੜ੍ਹੋ: ਫਗਵਾੜਾ ਵਿਖੇ ਬੱਸ ਸਟੈਂਡ ਨੇੜੇ ਵਾਪਰਿਆ ਭਿਆਨਕ ਹਾਦਸਾ, ਮਾਪਿਆਂ ਦੀਆਂ ਅੱਖਾਂ ਸਾਹਮਣੇ ਜਵਾਕ ਦੀ ਦਰਦਨਾਕ ਮੌਤ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਹੰਗਾਮੇ ਤੇ ਤਕਰਾਰ ’ਚ ਪਟਾਕਾ ਮਾਰਕੀਟ ਦੀ ਵੰਡ ਮੁਕੰਮਲ: 70 ਕਾਰੋਬਾਰੀਆਂ ਨੂੰ ਮਿਲੀ ਅਲਾਟਮੈਂਟ
NEXT STORY