ਫਿਲੌਰ(ਭਾਖੜੀ, ਅਨਿਲ)- ਆਖਿਰਕਾਰ ਹਾਈਕੋਰਟ ਤੋਂ ਸਟੇਅ ਮਿਲਣ ਤੋਂ ਦੋ ਦਿਨ ਬਾਅਦ ਲਾਡੋਵਾਲ ਟੋਲ ਬੈਰੀਅਰ ਅੱਜ ਸ਼ਾਮ ਸਾਢੇ 4 ਵਜੇ ਫਿਰ ਖੁੱਲ੍ਹ ਗਿਆ। ਟੋਲ ਬੈਰੀਅਰ ਖੁੱਲ੍ਹਣ ਦਾ ਪਤਾ ਲੱਗਦੇ ਹੀ ਅੱਧੇ ਘੰਟੇ ਬਾਅਦ ਲੋਕ ਇਨਸਾਫ ਪਾਰਟੀ ਦੇ ਹਮਾਇਤੀਆਂ ਨੇ ਭਾਰੀ ਗਿਣਤੀ ਵਿਚ ਉੱਥੇ ਪੁੱਜ ਕੇ ਪਲਾਜ਼ਾ ਨੂੰ ਫਿਰ ਬੰਦ ਕਰਵਾਇਆ। ਟੋਲ 'ਤੇ ਲੱਗੇ ਬੈਰੀਅਰ ਪੁੱਟ ਕੇ ਗੱਡੀਆਂ ਨੂੰ ਬਿਨਾਂ ਟੋਲ ਫੀਸ ਦਿੱਤੇ ਕਢਵਾਉਣਾ ਸ਼ੁਰੂ ਕਰਵਾ ਦਿੱਤਾ। ਪਲਾਜ਼ਾ ਅਧਿਕਾਰੀਆਂ ਨੇ ਕਿਹਾ ਕਿ ਇਹ ਬੈਂਸ ਹਮਾਇਤੀਆਂ ਦੀ ਸਰਾਸਰ ਧੱਕੇਸ਼ਾਹੀ ਹੈ। ਉਹ ਖੁੱਲ੍ਹੇਆਮ ਕਾਨੂੰਨ ਅਤੇ ਅਦਾਲਤੀ ਹੁਕਮਾਂ ਦੀਆਂ ਧੱਜੀਆਂ ਉਡਾ ਰਹੇ ਹਨ। ਸੂਚਨਾ ਮੁਤਾਬਕ ਕਪੂਰਥਲਾ ਦੀ ਅਦਾਲਤ ਵੱਲੋਂ ਹਿਊਮਨ ਰਾਈਟਸ ਪ੍ਰੈੱਸ ਕਲੱਬ ਦੀ ਸ਼ਿਕਾਇਤ 'ਤੇ ਸਖਤ ਕਾਰਵਾਈ ਕਰਦੇ ਹੋਏ ਮਹਿਲਾ ਜੱਜ ਮੰਜੂ ਰਾਣਾ ਨੇ ਨਿਯਮਾਂ ਦੀ ਪਾਲਣਾ ਨਾ ਕਰਨ 'ਤੇ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਨੂੰ ਲਾਡੋਵਾਲ ਟੋਲ ਪਲਾਜ਼ਾ ਬੰਦ ਕਰਨ ਦੇ ਨਿਰਦੇਸ਼ ਦਿੱਤੇ ਸਨ, ਜਿਸ 'ਤੇ 19 ਅਪ੍ਰੈਲ ਦੀ ਸਵੇਰ ਟੋਲ ਪਲਾਜ਼ਾ ਨੂੰ ਠੇਕੇ 'ਤੇ ਲੈਣ ਵਾਲੀ ਕੰਪਨੀ ਸੋਮਾ ਆਈਸੋਲੈਕਸ ਦੇ ਅਧਿਕਾਰੀਆਂ ਨੇ ਪਲਾਜ਼ਾ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਸੀ। ਦੋ ਦਿਨ ਬੰਦ ਰਹਿਣ ਤੋਂ ਬਾਅਦ ਐੱਨ. ਐੱਚ.-1 ਵੱਲੋਂ ਅੱਜ ਪੰਜਾਬ ਤੇ ਹਰਿਆਣਾ ਹਾਈਕੋਰਟ ਦੀ ਹੇਠਲੀ ਅਦਾਲਤ ਦੇ ਹੁਕਮਾਂ 'ਤੇ ਵਕੀਲਾਂ ਨੇ ਪੇਸ਼ ਹੁੰਦੇ ਹੋਏ ਰਾਹਤ ਦੀ ਮੰਗ ਕੀਤੀ ਸੀ। ਬਾਅਦ ਦੁਪਹਿਰ ਹਾਈਕੋਰਟ ਨੇ ਰਾਹਤ ਦਿੰਦੇ ਹੋਏ ਹੇਠਲੀ ਅਦਾਲਤ ਦੇ ਹੁਕਮਾਂ 'ਤੇ ਸਟੇਅ ਲਗਾ ਕੇ ਮੁੜ ਟੋਲ ਵਸੂਲਣ ਦੀ ਮਨਜ਼ੂਰੀ ਦੇ ਦਿੱਤੀ ਸੀ। ਹੁਕਮਾਂ ਦੀ ਕਾਪੀ ਮਿਲਦੇ ਹੀ ਸ਼ਾਮ ਸਾਢੇ 4 ਵਜੇ ਟੋਲ ਬੈਰੀਅਰ ਫਿਰ ਖੋਲ੍ਹ ਦਿੱਤਾ। ਪਲਾਜ਼ਾ ਖੁੱਲ੍ਹਦੇ ਹੀ ਉੱਥੋਂ ਗੁਜ਼ਰਨ ਵਾਲੇ ਵਾਹਨ ਚਾਲਕਾਂ ਦੀ ਪਲਾਜ਼ਾ ਅਧਿਕਾਰੀਆਂ ਨਾਲ ਟੋਲ ਫਿਰ ਵਸੂਲਣ ਨੂੰ ਲੈ ਕੇ ਤਕਰਾਰ ਹੋਣੀ ਸ਼ੁਰੂ ਹੋ ਗਈ, ਜਿਸ ਨਾਲ ਹਾਈਵੇ ਦੇ ਦੋਵੇਂ ਪਾਸੇ ਲੰਬਾ ਜਾਮ ਲੱਗ ਗਿਆ। ਟੋਲ ਖੁੱਲ੍ਹਣ ਦਾ ਪਤਾ ਲੱਗਦੇ ਹੀ ਅੱਧੇ ਘੰਟੇ ਬਾਅਦ ਠੀਕ 5 ਵਜੇ ਲੋਕ ਇਨਸਾਫ ਪਾਰਟੀ ਦੇ ਵਰਕਰ ਵੱਡੀ ਗਿਣਤੀ ਵਿਚ ਪਲਾਜ਼ਾ 'ਤੇ ਪੁੱਜ ਗਏ। ਉਨ੍ਹਾਂ ਨੇ ਆਉਂਦੇ ਹੀ ਟੋਲ ਪਲਾਜ਼ਾ ਨੂੰ ਤੁਰੰਤ ਬੰਦ ਕਰਨ ਲਈ ਕਿਹਾ, ਜਿਸ 'ਤੇ ਬੈਂਸ ਹਮਾਇਤੀ ਅਤੇ ਪਲਾਜ਼ਾ ਮੁਲਾਜ਼ਮਾਂ ਵਿਚ ਤਕਰਾਰ ਹੋਣੀ ਸ਼ੁਰੂ ਹੋ ਗਈ, ਜਿਸ ਨਾਲ ਮਾਹੌਲ ਕਾਫੀ ਤਣਾਅਪੂਰਨ ਬਣ ਗਿਆ। ਉੱਥੇ ਪੁੱਜੀ ਪੁਲਸ ਮੂਕ ਦਰਸ਼ਕ ਬਣੀ ਤਮਾਸ਼ਾ ਦੇਖਦੀ ਰਹੀ। ਆਖਰਕਾਰ ਬੈਂਸ ਹਮਾਇਤੀਆਂ ਨੇ ਗੱਡੀਆਂ ਨੂੰ ਰੋਕਣ ਲਈ ਟੋਲ ਪਲਾਜ਼ਾ 'ਤੇ ਲੱਗੀਆਂ ਇਲੈਕਟ੍ਰਾਨਿਕ ਰੁਕਾਵਟਾਂ ਪੁੱਟ ਕੇ ਸੁੱਟੀਆਂ ਅਤੇ ਗੱਡੀਆਂ ਨੂੰ ਬਿਨਾਂ ਟੋਲ ਦਿੱਤੇ ਉੱਥੋਂ ਰਵਾਨਾ ਕਰਨਾ ਸ਼ੁਰੂ ਕਰ ਦਿੱਤਾ। ਬੈਂਸ ਹਮਾਇਤੀਆਂ ਦਾ ਕਹਿਣਾ ਸੀ ਕਿ ਕਪੂਰਥਲਾ ਦੀ ਅਦਾਲਤ ਵੱਲੋਂ ਟੋਲ ਬੰਦ ਕਰਨ ਦੇ ਹੁਕਮ ਦਿੱਤੇ ਗਏ ਹਨ, ਜਿਸ ਦੀ ਅਗਲੀ ਤਰੀਕ 24 ਅਪ੍ਰੈਲ ਹੈ, ਉਦੋਂ ਤੱਕ ਟੋਲ ਪਲਾਜ਼ਾ ਨਹੀਂ ਖੁੱਲ੍ਹ ਸਕਦਾ। ਪਲਾਜ਼ਾ ਮੁਲਾਜ਼ਮ ਇਸ ਤਰ੍ਹਾਂ ਦੀ ਧੱਕੇਸ਼ਾਹੀ ਕਰ ਕੇ ਟੋਲ ਨਹੀਂ ਵਸੂਲ ਸਕਦੇ। ਖ਼ਬਰ ਲਿਖੇ ਜਾਣ ਤੱਕ ਬੈਂਸ ਹਮਾਇਤੀ ਢਾਈ ਘੰਟੇ ਤੋਂ ਟੋਲ ਪਲਾਜ਼ਾ 'ਤੇ ਡਟੇ ਹੋਏ ਸਨ ਅਤੇ ਸਾਰੀਆਂ ਗੱਡੀਆਂ ਨੂੰ ਬਿਨਾਂ ਟੋਲ ਦਿੱਤੇ ਲੰਘਾਅ ਰਹੇ ਸਨ। 2 ਦਿਨ ਟੋਲ ਪਲਾਜ਼ਾ ਬੰਦ ਰਹਿਣ ਨਾਲ ਕੰਪਨੀ ਦਾ ਡੇਢ ਕਰੋੜ ਦਾ ਨੁਕਸਾਨ ਹੋਣ ਬਾਰੇ ਦੱਸਿਆ ਜਾ ਰਿਹਾ ਹੈ।
ਖਾਲੀ ਪਲਾਟਾਂ ਤੇ 5 ਮਰਲਿਆਂ ਤੱਕ ਦੇ ਘਰਾਂ 'ਤੇ ਵੀ ਲੱਗੇਗਾ ਪ੍ਰਾਪਰਟੀ ਟੈਕਸ
NEXT STORY