ਜਲੰਧਰ, (ਖੁਰਾਣਾ)- ਵਾਟਰ ਮੀਟਰ ਪਾਲਿਸੀ ਲਾਗੂ ਕਰਨ ਅਤੇ ਸ਼ਹਿਰੀ ਖੇਤਰਾਂ ਵਿਚ ਬਿਜਲੀ ਦੀਆਂ ਕੀਮਤਾਂ ਵਧਣ ਤੋਂ ਬਾਅਦ ਹੁਣ ਅਮਰਿੰਦਰ ਸਰਕਾਰ ਸ਼ਹਿਰ ਵਾਸੀਆਂ 'ਤੇ ਇਕ ਹੋਰ ਬੋਝ ਪਾਉਣ ਦੀ ਤਿਆਰੀ ਕਰ ਰਹੀ ਹੈ। ਪਤਾ ਲੱਗਾ ਹੈ ਕਿ ਕੈਪਟਨ ਸਰਕਾਰ ਸ਼ਹਿਰ ਵਿਚ ਖਾਲੀ ਪਲਾਟਾਂ ਅਤੇ 5 ਮਰਲਿਆਂ ਤੱਕ ਦੇ ਘਰਾਂ 'ਤੇ ਵੀ ਪ੍ਰਾਪਰਟੀ ਟੈਕਸ ਲਗਾਉਣ ਦੀ ਯੋਜਨਾ ਬਣਾ ਰਹੀ ਹੈ। ਫਿਲਹਾਲ ਸੂਬੇ ਵਿਚ 5 ਮਰਲੇ ਤੱਕ ਦੇ ਘਰਾਂ ਤੇ ਖਾਲੀ ਪਲਾਟਾਂ 'ਤੇ ਪ੍ਰਾਪਰਟੀ ਟੈਕਸ ਵਿਚ ਛੋਟ ਹੈ। ਹੋਰ ਕੈਟਾਗਰੀ ਵਿਚ ਵੀ ਪ੍ਰਾਪਰਟੀ ਟੈਕਸ ਦੀਆਂ ਦਰਾਂ ਨੂੰ ਵਧਾਇਆ ਜਾ ਰਿਹਾ ਹੈ ਅਤੇ ਕਈ ਛੋਟਾਂ ਨੂੰ ਖਤਮ ਕੀਤਾ ਜਾ ਰਿਹਾ ਹੈ।
ਪੰਜਾਬ ਸਰਕਾਰ ਦੇ ਲੋਕਲ ਬਾਡੀਜ਼ ਵਿਭਾਗ ਦੇ ਅਧਿਕਾਰੀਆਂ ਨੇ ਇਸ ਵਾਧੇ ਸਬੰਧੀ ਨਵੀਂ ਪਾਲਿਸੀ ਦਾ ਡਰਾਫਟ ਤਿਆਰ ਕਰ ਕੇ ਜਲੰਧਰ ਸਣੇ ਸਾਰੇ ਨਗਰ ਨਿਗਮਾਂ ਦੇ ਕਮਿਸ਼ਨਰਾਂ ਨੂੰ ਭਿਜਵਾ ਦਿੱਤਾ ਅਤੇ ਉਸ ਡਰਾਫਟ ਪਾਲਿਸੀ 'ਤੇ ਟਿੱਪਣੀ ਮੰਗੀ ਗਈ ਹੈ। ਪਤਾ ਲੱਗਾ ਹੈ ਕਿ ਫਿਲਹਾਲ ਪੰਜਾਬ ਦੀ ਕਿਸੇ ਨਗਰ ਨਿਗਮ ਨੇ ਅਜੇ ਤੱਕ ਇਹ ਟਿੱਪਣੀ ਲੋਕਲ ਬਾਡੀਜ਼ ਵਿਭਾਗ ਤੱਕ ਨਹੀਂ ਪਹੁੰਚਾਈ।
ਸ਼ਹਿਰਾਂ 'ਚ ਹਾਹਾਕਾਰ ਮਚਣ ਦੀ ਤਿਆਰੀ
ਕੈਪਟਨ ਸਰਕਾਰ ਸ਼ਹਿਰੀਆਂ 'ਤੇ ਟੈਕਸਾਂ ਦੇ ਬੋਝ ਲੱਦਣ ਜਾ ਰਹੀ ਹੈ। ਹੁਣੇ ਜਿਹੇ ਬਿਜਲੀ ਦੀਆਂ ਦਰਾਂ ਵਧਾਈਆਂ ਗਈਆਂ ਅਤੇ ਸੂਬੇ ਵਿਚ ਵਾਟਰ ਮੀਟਰ ਪਾਲਿਸੀ ਲਾਗੂ ਕੀਤੀ ਜਾ ਰਹੀ ਹੈ, ਜਿਸ ਤਹਿਤ ਲੋਕਾਂ ਨੂੰ ਹਜ਼ਾਰਾਂ ਰੁਪਏ ਖਰਚ ਕੇ ਵਾਟਰ ਮੀਟਰ ਲਗਾਉਣੇ ਪੈਣਗੇ। ਹੁਣ ਖਾਲੀ ਪਲਾਟਾਂ ਅਤੇ ਛੋਟੇ ਘਰਾਂ ਨੂੰ ਵੀ ਪ੍ਰਾਪਰਟੀ ਟੈਕਸ ਦੇ ਘੇਰੇ ਵਿਚ ਲਿਆਂਦਾ ਜਾ ਰਿਹਾ ਹੈ। ਸਕੂਲਾਂ, ਗੋਦਾਮਾਂ, ਹੋਟਲਾਂ, ਮੈਰਿਜ ਪੈਲੇਸਾਂ ਦੇ ਪ੍ਰਾਪਰਟੀ ਟੈਕਸ ਬਿੱਲ ਕਈ ਗੁਣਾ ਵਧ ਜਾਣਗੇ, ਜਿਸ ਕਾਰਨ ਸੂਬੇ ਦੇ ਸ਼ਹਿਰਾਂ ਵਿਚ ਹਾਹਾਕਾਰ ਮਚਣ ਦੀ ਤਿਆਰੀ ਹੋ ਰਹੀ ਹੈ।
-ਹੁਣ 45 ਗਜ਼ ਭਾਵ 2 ਮਰਲੇ ਤੱਕ ਦੇ ਘਰ ਵਾਲਿਆਂ ਨੂੰ 50 ਰੁਪਏ ਹਰ ਸਾਲ ਪ੍ਰਾਪਰਟੀ ਟੈਕਸ ਦੇਣਾ ਪਵੇਗਾ।
- 2 ਤੋਂ 5 ਮਰਲੇ ਤੱਕ ਦੇ ਘਰਾਂ ਨੂੰ ਸਿੰਗਲ ਸਟੋਰੀ 'ਤੇ ਵੀ 100 ਰੁਪਏ ਹਰ ਸਾਲ ਟੈਕਸ ਦੇਣਾ ਪਵੇਗਾ।
- ਫਿਲਹਾਲ 500 ਵਰਗ ਫੁੱਟ ਤੱਕ ਦੇ ਏਰੀਏ ਵਾਲੇ ਫਲੈਟ 'ਤੇ ਕੋਈ ਪ੍ਰਾਪਰਟੀ ਟੈਕਸ ਨਹੀਂ ਸੀ ਪਰ ਹੁਣ 100 ਰੁਪਏ ਪ੍ਰਾਪਰਟੀ ਟੈਕਸ ਲੱਗੇਗਾ।
- ਖਾਲੀ ਪਲਾਟਾਂ 'ਤੇ ਹੁਣ ਤੱਕ ਪ੍ਰਾਪਰਟੀ ਟੈਕਸ ਨਹੀਂ ਲੱਗਦਾ ਸੀ ਪਰ ਹੁਣ ਪਲਾਟ ਦੀ ਵਰਤੋਂ (ਘਰੇਲੂ ਜਾਂ ਕਮਰਸ਼ੀਅਲ) ਦੇ ਹਿਸਾਬ ਨਾਲ 50 ਫੀਸਦੀ ਪ੍ਰਾਪਰਟੀ ਟੈਕਸ ਭਰਨਾ ਪਵੇਗਾ। ਖਾਲੀ ਪਲਾਟ ਦੇ ਨਾਲ ਲੱਗਦੀ ਕੰਸਟਰੱਕਸ਼ਨ ਵਾਲੀ ਬਿਲਡਿੰਗ 'ਤੇ ਲੱਗਦੇ ਟੈਕਸ ਨੂੰ ਆਧਾਰ ਮੰਨਿਆ ਜਾਵੇਗਾ।
- ਮੈਰਿਜ ਪੈਲੇਸਾਂ 'ਤੇ ਫਿਲਹਾਲ 6 ਰੁਪਏ ਪ੍ਰਤੀ ਵਰਗ ਗਜ਼ ਦੇ ਹਿਸਾਬ ਨਾਲ ਪ੍ਰਾਪਰਟੀ ਟੈਕਸ ਵਸੂਲਿਆ ਜਾਂਦਾ ਹੈ। ਇਸ ਨੂੰ ਵਧਾ ਕੇ ਹੁਣ 10 ਜਾਂ 12 ਰੁਪਏ ਪ੍ਰਤੀ ਵਰਗ ਕੀਤਾ ਜਾ ਰਿਹਾ ਹੈ। ਹੁਣ ਪ੍ਰਾਪਰਟੀ ਟੈਕਸ ਪੂਰੇ ਏਰੀਏ 'ਤੇ ਦੇਣਾ ਹੋਵੇਗਾ।
- ਮਾਲਜ਼ ਤੇ ਮਲਟੀਪਲੈਕਸ 'ਤੇ ਫਿਲਹਾਲ 15 ਰੁਪਏ ਪ੍ਰਤੀ ਵਰਗ ਗਜ਼ ਟੈਕਸ ਲੱਗਦਾ ਸੀ, ਜੋ ਹੁਣ 20 ਰੁਪਏ ਪ੍ਰਤੀ ਵਰਗ ਗਜ਼ ਕੀਤਾ ਜਾ ਰਿਹਾ ਹੈ।
- ਹੁਣ ਹੋਟਲਾਂ ਦੀਆਂ ਸਾਰੀਆਂ ਮੰਜ਼ਿਲਾਂ 'ਤੇ ਫਲੈਟ ਰੇਟ ਦੇ ਹਿਸਾਬ ਨਾਲ ਪ੍ਰਾਪਰਟੀ ਟੈਕਸ ਲੱਗੇਗਾ। ਸਿਰਫ ਬੇਸਮੈਂਟ ਲਈ ਗਰਾਊਂਡ ਫਲੋਰ ਦੇ ਮੁਕਾਬਲੇ ਅੱਧਾ ਟੈਕਸ ਦੇਣਾ ਪਵੇਗਾ।
- ਸਿੱਖਿਆ ਸੰਸਥਾਵਾਂ ਨੂੰ ਹੁਣ ਤੱਕ ਇੰਡਸਟਰੀਅਲ ਕੈਟਾਗਰੀ ਵਿਚ ਗਿਣਿਆ ਜਾਂਦਾ ਸੀ ਅਤੇ ਕਾਫੀ ਘੱਟ ਪ੍ਰਾਪਰਟੀ ਟੈਕਸ ਲੱਗਦਾ ਸੀ ਪਰ ਹੁਣ ਪ੍ਰਾਈਵੇਟ ਸਿੱਖਿਆ ਸੰਸਥਾਵਾਂ ਨੂੰ ਕਮਰਸ਼ੀਅਲ ਕੈਟਾਗਰੀ ਵਿਚ ਗਿਣਿਆ ਜਾਵੇਗਾ।
- ਹੁਣ ਤੱਕ ਸੁਤੰਤਰਤਾ ਸੈਨਾਨੀਆਂ, ਵਿਧਵਾ ਔਰਤਾਂ, ਦਿਵਿਆਂਗਾਂ ਅਤੇ ਸਾਬਕਾ ਫੌਜੀਆਂ ਆਦਿ ਨੂੰ ਸਾਰੀਆਂ ਜਾਇਦਾਦਾਂ 'ਤੇ ਨਿਸ਼ਚਿਤ ਛੋਟ ਮਿਲਦੀ ਸੀ ਪਰ ਹੁਣ ਇਨ੍ਹਾਂ ਦੀ ਸਿਰਫ ਇਕ ਰਿਹਾਇਸ਼ੀ ਪ੍ਰਾਪਰਟੀ 'ਤੇ ਹੀ ਅਜਿਹੀ ਛੋਟ ਹਾਸਲ ਹੋਵੇਗੀ।
- ਇੰਡਸਟਰੀਅਲ ਕੈਟਾਗਰੀ ਵਿਚ ਪ੍ਰਾਪਰਟੀ ਟੈਕਸ ਵਿਚ ਕੋਈ ਵਾਧਾ ਤਜਵੀਜ਼ ਨਹੀਂ ਹੈ ਪਰ ਗੋਦਾਮਾਂ ਨੂੰ ਹੁਣ ਕਮਰਸ਼ੀਅਲ ਕੈਟਾਗਰੀ ਵਿਚ ਗਿਣਿਆ ਜਾਵੇਗਾ। ਜਿਸ ਗੋਦਾਮ ਦਾ ਮੌਜੂਦਾ ਪ੍ਰਾਪਰਟੀ ਟੈਕਸ 3750 ਰੁਪਏ ਬਣਦਾ ਹੈ, ਨਵੀਂ ਪਾਲਿਸੀ ਦੇ ਹਿਸਾਬ ਨਾਲ ਉਸ ਗੋਦਾਮ ਦਾ ਪ੍ਰਾਪਰਟੀ ਟੈਕਸ ਹੁਣ 40500 ਰੁਪਏ ਦੇਣਾ ਹੋਵੇਗਾ।
- ਸਰਕਾਰੀ ਬਿਲਡਿੰਗਾਂ ਦੇ ਪ੍ਰਾਪਰਟੀ ਟੈਕਸ ਵਿਚ ਵੀ ਕੋਈ ਬਦਲਾਅ ਤਜਵੀਜ਼ ਨਹੀਂ ਹੈ।
ਇਸ ਦੌਰਾਨ ਪਤਾ ਲੱਗਾ ਹੈ ਕਿ ਨਗਰ ਨਿਗਮ ਦੇ ਵੱਖ-ਵੱਖ ਵਿਭਾਗਾਂ ਵਲੋਂ ਖਪਤਕਾਰਾਂ ਕੋਲੋਂ ਕੈਸ਼ ਲੈਂਦੇ ਸਮੇਂ ਜੋ ਜੀ-8 ਰਸੀਦਾਂ ਕੱਟੀਆਂ ਜਾਂਦੀਆਂ ਹਨ, ਉਨ੍ਹਾਂ ਵਿਚੋਂ ਕੁਝ ਜੀ-8 ਬੁਕਸ ਅਜਿਹੀਆਂ ਹਨ ਜੋ ਨਿਗਮ ਆਫਿਸ ਤੋਂ ਇਸ਼ੂ ਨਹੀਂ ਹੋਈਆਂ ਸਗੋਂ ਜਾਅਲੀ ਰੂਪ ਨਾਲ ਛਪਵਾਈਆਂ ਗਈਆਂ ਹਨ। ਭਰੋਸੇਯੋਗ ਸੂਤਰ ਦੱਸਦੇ ਹਨ ਕਿ ਕੁਝ ਸਮਾਂ ਪਹਿਲਾਂ ਜੀ-8 ਰਸੀਦਾਂ ਬਾਰੇ ਸੂਚਨਾ ਮਿਲਣ ਤੋਂ ਬਾਅਦ ਮੇਅਰ ਅਤੇ ਨਗਰ ਨਿਗਮ ਦੇ ਅਧਿਕਾਰੀਆਂ ਵਲੋਂ ਇਸ ਮਾਮਲੇ ਦੀ ਜਾਂਚ ਕਰਵਾਈ ਜਾ ਰਹੀ ਹੈ। ਫਿਲਹਾਲ ਜਾਂਚ ਵਿਚ ਕੀ ਸਾਹਮਣੇ ਆਇਆ ਹੈ। ਇਸਦਾ ਤਾਂ ਪਤਾ ਨਹੀਂ ਲੱਗ ਸਕਿਆ ਪਰ ਮੰਨਿਆ ਜਾ ਰਿਹਾ ਹੈ ਕਿ ਤਹਿਬਾਜ਼ਾਰੀ ਵਿਭਾਗ ਵਿਚ ਜਾਅਲੀ ਜੀ-8 ਰਸੀਦਾਂ ਜ਼ਰੂਰ ਕੱਟੀਆਂ ਗਈਆਂ ਹੋਣਗੀਆਂ ਕਿਉਂਕਿ ਇਸ ਦੀਆਂ ਸ਼ਿਕਾਇਤਾਂ ਨਗਰ ਨਿਗਮ ਪ੍ਰਸ਼ਾਸਨ ਨੂੰ ਮਿਲ ਰਹੀਆਂ ਹਨ।
ਜ਼ਿਕਰਯੋਗ ਹੈ ਕਿ ਕਈ ਸਾਲ ਪਹਿਲਾਂ ਨਗਰ ਨਿਗਮ ਦੇ ਹੀ ਇਕ ਪਗੜੀਧਾਰੀ ਅਧਿਕਾਰੀ ਨੇ ਪ੍ਰਿੰਟਿੰਗ ਪ੍ਰੈੱਸ ਵਿਚ ਜਾਅਲੀ ਜੀ-8 ਰਸੀਦਾਂ ਛਪਵਾ ਕੇ ਲੱਖਾਂ ਰੁਪਏ ਦਾ ਗੋਲਮਾਲ ਕੀਤਾ ਸੀ, ਜਿਸ ਦਾ ਕੇਸ ਕਈ ਸਾਲ ਚਲਿਆ। ਹੁਣ ਜੇਕਰ ਕੋਈ ਜਾਅਲੀ ਜੀ-8 ਰਸੀਦ ਫੜੀ ਜਾਂਦੀ ਹੈ ਤਾਂ ਉਸ ਤਰ੍ਹਾਂ ਦਾ ਹੀ ਸਕੈਂਡਲ ਸਾਹਮਣੇ ਆ ਸਕਦਾ ਹੈ।
ਇੰਨਾ ਜ਼ਰੂਰ ਹੈ ਕਿ ਤਹਿਬਾਜ਼ਾਰੀ ਵਿਭਾਗ ਦੀਆਂ ਕੁਝ ਅਜਿਹੀਆਂ ਰਸੀਦਾਂ ਫੜੀਆਂ ਗਈਆਂ ਹਨ, ਜਿਨ੍ਹਾਂ ਰਸੀਦਾਂ ਦੀ ਪਿਛਲੀ ਸਾਈਡ 'ਤੇ ਤਹਿਬਾਜ਼ਾਰੀ ਸਟਾਫ ਨੇ ਮਹੀਨੇ ਦਰ ਮਹੀਨੇ ਪ੍ਰਾਈਵੇਟ ਵਸੂਲੀ ਕੀਤੀ ਹੈ ਅਤੇ ਪ੍ਰਾਈਵੇਟ ਵਸੂਲੀ ਕਰਦੇ ਸਮੇਂ ਉਸ ਮਹੀਨੇ ਦੇ ਨਾਂ ਦੇ ਸਾਹਮਣੇ ਆਪਣੇ ਹਸਤਾਖਰ ਤੱਕ ਕੀਤੇ ਹਨ। ਅਜਿਹੀਆਂ ਰਸੀਦਾਂ ਦੀ ਵੀ ਜਾਂਚ ਚੱਲ ਰਹੀ ਹੈ ਤੇ ਆਉਣ ਵਾਲੇ ਦਿਨਾਂ ਵਿਚ ਵੀ ਇਹ ਸਕੈਂਡਲ ਸਾਹਮਣੇ ਆ ਸਕਦਾ ਹੈ ਕਿਉਂਕਿ ਅਕਸਰ ਦੋਸ਼ ਲੱਗਦਾ ਹੈ ਕਿ ਹਰ ਮਹੀਨੇ ਤਹਿਬਾਜ਼ਾਰੀ ਸਟਾਫ ਵਲੋਂ ਲੱਖਾਂ ਰੁਪਏ ਵਸੂਲੀ ਕਰ ਕੇ ਜੇਬਾਂ ਵਿਚ ਪਾਏ ਜਾ ਰਹੇ ਹਨ।
ਹਸਪਤਾਲਾਂ 'ਚ ਨਵੇਂ ਡਾਕਟਰਾਂ ਦੀ ਤਾਇਨਾਤੀ ਜਲਦ ਕੀਤੀ ਜਾਵੇਗੀ : ਬ੍ਰਹਮ ਮਹਿੰਦਰਾ
NEXT STORY