ਚੰਡੀਗੜ੍ਹ (ਬਰਜਿੰਦਰ)—ਡੇਰਾ ਮੁਖੀ ਸੰਤ ਗੁਰਮੀਤ ਰਾਮ ਰਹੀਮ ਖਿਲਾਫ ਪੰਚਕੂਲਾ ਸੀ. ਬੀ. ਆਈ. ਸਪੈਸ਼ਲ ਕੋਰਟ 'ਚ 25 ਅਗਸਤ ਨੂੰ ਅਪਰਾਧਿਕ ਕੇਸ 'ਚ ਹੋਣ ਵਾਲੇ ਸੰਭਾਵਿਤ ਫੈਸਲੇ ਵਿਚਕਾਰ ਸੁਰੱਖਿਆ ਪ੍ਰਬੰਧਾ 'ਤੇ ਸਵਾਲ ਖੜ੍ਹੇ ਕਰਦਿਆਂ ਪੰਜਾਬ ਤੇ ਹਰਿਆਣਾ ਹਾਈਕੋਰਟ 'ਚ ਜਨਹਿੱਤ ਪਟੀਸ਼ਨ ਦਾਇਰ ਕੀਤੀ ਗਈ ਹੈ। ਪਟੀਸ਼ਨਰ ਐਡਵੋਕੇਟ ਰਵਿੰਦਰ ਸਿੰਘ ਢੁੱਲ ਨੇ ਪਟੀਸ਼ਨ 'ਚ ਪੰਜਾਬ ਤੇ ਹਰਿਆਣਾ 'ਚ ਪੈਦਾ ਹੋਈ ਤਣਾਅਪੂਰਨ ਸਥਿਤੀ ਨੂੰ ਲੈ ਕੇ ਹਾਈਕੋਰਟ ਤੋਂ ਸੁਰੱਖਿਆ ਪ੍ਰਬੰਧਾਂ ਦੀ ਨਿਗਰਾਨੀ ਕੀਤੇ ਜਾਣ ਦੀ ਮੰਗ ਕੀਤੀ ਹੈ, ਤਾਂ ਕਿ ਪੰਜਾਬ ਤੇ ਹਰਿਆਣਾ ਸੁਰੱਖਿਆ ਪ੍ਰਤੀ ਖਤਰੇ ਨੂੰ ਗੰਭੀਰਤਾ ਨਾਲ ਲੈ ਸਕਣ। ਪਟੀਸ਼ਨਰ ਨੇ ਪੁਲਸ ਦੀ ਸੁਰੱਖਿਆ 'ਤੇ ਸਵਾਲ ਖੜ੍ਹੇ ਕਰਦਿਆਂ ਕਿਹਾ ਹੈ ਕਿ ਧਾਰਾ-144 ਦੇ ਲਾਗੂ ਹੋਣ ਦੇ ਬਾਵਜੂਦ ਡੇਢ ਲੱਖ ਡੇਰਾ ਪ੍ਰੇਮੀ ਪੰਚਕੂਲਾ ਪਹੁੰਚ ਚੁੱਕੇ ਹਨ। ਮੰਗ ਕੀਤੀ ਗਈ ਹੈ ਕਿ ਪੰਚਕੂਲਾ ਜ਼ਿਲੇ ਸਮੇਤ ਆਸ-ਪਾਸ ਦੇ ਖੇਤਰਾਂ 'ਚ ਲੋੜੀਂਦੇ ਸੁਰੱਖਿਆ ਪ੍ਰਬੰਧ ਕੀਤੇ ਜਾਣ। ਇਸ ਪਟੀਸ਼ਨ 'ਤੇ 24 ਅਗਸਤ ਨੂੰ ਸੁਣਵਾਈ ਹੋਵੇਗੀ। ਪਟੀਸ਼ਨ 'ਚ ਹਰਿਆਣਾ ਤੇ ਪੰਜਾਬ ਸਰਕਾਰ ਸਮੇਤ ਦੋਵਾਂ ਸੂਬਿਆਂ ਦੇ ਡੀ. ਜੀ. ਪੀ. ਨੂੰ ਪਾਰਟੀ ਬਣਾਇਆ ਗਿਆ ਹੈ। ਦਾਅਵੇ ਅਨੁਸਾਰ ਗੁਰਮੀਤ ਰਾਮ ਰਹੀਮ ਦੇ ਦੋਵਾਂ ਸੂਬਿਆਂ 'ਚ 60 ਲੱਖ ਦੇ ਲੱਗਭਗ ਸ਼ਰਧਾਲੂ ਹਨ।
ਜ਼ਿਕਰਯੋਗ ਹੈ ਕਿ ਪਹਿਲਾਂ ਵੀ ਡੇਰੇ ਦੇ ਵਿਵਾਦਾਂ ਕਾਰਨ ਕਾਨੂੰਨ-ਵਿਵਸਥਾ ਵਿਗੜੀ ਸੀ ਤੇ ਵੱਡੇ ਪੱਧਰ 'ਤੇ ਜਾਇਦਾਦ ਨੂੰ ਨੁਕਸਾਨ ਹੋਇਆ ਸੀ ਪਰ ਇਸ ਵਾਰ ਸੁਰੱਖਿਆ ਦਾ ਖਤਰਾ ਹੋਰ ਵਧਿਆ ਹੈ। ਸੈਕਟਰ-23 ਪੰਚਕੂਲਾ 'ਚ ਡੇਰਾ ਨਾਮ ਚਰਚਾ ਘਰ 'ਚ ਸ਼ਰਧਾਲੂ ਇਕੱਠੇ ਹੋ ਰਹੇ ਹਨ, ਜੋ ਪੰਚਕੂਲਾ ਕੋਰਟ ਕੰਪਲੈਕਸ ਤੋਂ 2-3 ਕਿਲੋਮੀਟਰ ਦੂਰੀ 'ਤੇ ਹੈ। ਸੁਰੱਖਿਆ ਪ੍ਰਬੰਧਾਂ ਦੇ ਬਾਵਜੂਦ ਡੇਰਾ ਪ੍ਰੇਮੀ 19 ਤੇ 20 ਅਗਸਤ ਨੂੰ ਬਿਨਾਂ ਮਨਜ਼ੂਰੀ ਕੋਰਟ ਕੰਪਲੈਕਸ 'ਚ ਆ ਗਏ ਸਨ। ਇਸ ਤਰ੍ਹਾਂ ਪੁਲਸ ਸੁਰੱਖਿਆ 'ਤੇ ਪਟੀਸ਼ਨ 'ਚ ਸਵਾਲ ਖੜ੍ਹੇ ਕੀਤੇ ਗਏ ਹਨ। ਸੀ. ਆਈ. ਡੀ. ਰਿਪੋਰਟ ਅਨੁਸਾਰ ਕੁਝ ਡੇਰਾ ਪ੍ਰੇਮੀ ਪੈਟਰੋਲ ਬੰਬ ਸਮੇਤ ਹੋਰ ਹਥਿਆਰ ਖਰੀਦਦੇ ਨਜ਼ਰ ਆਏ ਹਨ।
ਮਜੀਠੀਆ ਮਾਣਹਾਨੀ ਕੇਸ : ਭੋਲਾ ਡਰੱਗ ਕੇਸ ਸਬੰਧੀ ਈ. ਡੀ. ਤੋਂ ਰਿਕਾਰਡ ਮੰਗਣ ਦੀ ਸੰਜੇ ਸਿੰਘ ਦੀ ਅਰਜ਼ੀ ਖਾਰਿਜ
NEXT STORY