ਚੰਡੀਗੜ੍ਹ : ਚੰਡੀਗੜ੍ਹ ਵਿਚ ਮੇਅਰ ਚੋਣਾਂ ਦੀ ਲੜਾਈ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿਚ ਪਹੁੰਚ ਗਈ ਹੈ। ਇਸ ਮਾਮਲੇ ਦੀ ਸੁਣਵਾਈ ਅੱਧੀ ਰਾਤ ਨੂੰ ਹੋਈ ਅਤੇ ਅਦਾਲਤ ਨੇ ਬੁੱਧਵਾਰ ਨੂੰ ਮੁੜ ਸੁਣਵਾਈ ਦੇ ਹੁਕਮ ਦਿੱਤੇ ਹਨ। ਇਹ ਮਾਮਲਾ ਪੁਲਸ ਵੱਲੋਂ ਇਕ ਕਾਂਗਰਸੀ ਆਗੂ ਨੂੰ ਹਿਰਾਸਤ ਵਿਚ ਲੈਣ ਦੇ ਦੋਸ਼ਾਂ ਨਾਲ ਸਬੰਧਤ ਹੈ। ਜਾਣਕਾਰੀ ਅਨੁਸਾਰ ਜਸਬੀਰ ਸਿੰਘ ਵੱਲੋਂ ਕਾਂਗਰਸੀ ਕੌਂਸਲਰ ਅਤੇ ਮੇਅਰ ਦੇ ਅਹੁਦੇ ਤੋਂ ਨਾਮਜ਼ਦਗੀ ਵਾਪਸ ਲੈਣ ਸਬੰਧੀ ਹਾਈਕੋਰਟ ਵਿਚ ਪਟੀਸ਼ਨ ਦਾਇਰ ਕੀਤੀ ਗਈ ਹੈ। ਕਾਂਗਰਸ ਨੇ ਹੈਬੀਅਸ ਕਾਰਪਸ ਪਟੀਸ਼ਨ ਦਾਇਰ ਕੀਤੀ ਹੈ। ਹਾਈ ਕੋਰਟ ਦੇ ਜਸਟਿਸ ਆਲੋਕ ਜੈਨ ਦੇ ਘਰ ਦੇਰ ਰਾਤ ਇਸ ਪਟੀਸ਼ਨ ’ਤੇ ਸੁਣਵਾਈ ਹੋਈ।
ਇਹ ਪਟੀਸ਼ਨ ਚੰਡੀਗੜ੍ਹ ਕਾਂਗਰਸ ਦੇ ਪ੍ਰਧਾਨ ਐੱਚ. ਐੱਸ. ਲੱਕੀ ਵਲੋਂ ਦਾਇਰ ਕੀਤੀ ਗਈ ਹੈ। ਅਦਾਲਤ ਤੋਂ ਮੰਗ ਕੀਤੀ ਗਈ ਕਿ ਜਸਬੀਰ ਸਿੰਘ ਨੂੰ ਚੰਡੀਗੜ੍ਹ ਪੁਲਸ ਨੇ ਨਾਜਾਇਜ਼ ਹਿਰਾਸਤ ਵਿਚ ਰੱਖਿਆ ਹੋਇਆ ਹੈ। ਪੁਲਸ ਜਸਬੀਰ ਨੂੰ ਆਪਣੇ ਹੋਟਲ ਤੋਂ ਬਾਹਰ ਜਾਣ ਨਹੀਂ ਦੇ ਰਹੀ। ਅਦਾਲਤ ਨੇ ਚੰਡੀਗੜ੍ਹ ਪੁਲਸ ਦੇ ਵਕੀਲ ਨੂੰ 17 ਜਨਵਰੀ ਸ਼ਾਮ ਤੱਕ ਵਿਸਥਾਰਤ ਰਿਪੋਰਟ ਪੇਸ਼ ਕਰਨ ਲਈ ਕਿਹਾ ਹੈ। ਹਾਲਾਂਕਿ ਸੁਣਵਾਈ ਦੌਰਾਨ ਪ੍ਰਸ਼ਾਸਨ ਦੇ ਵਕੀਲ ਨੇ ਬੰਧਕ ਬਣਾਏ ਜਾਣ ਦੀ ਗੱਲ ਤੋਂ ਇਨਕਾਰ ਕੀਤਾ। ਅਦਾਲਤ ਨੇ ਕਿਹਾ ਕਿ ਜੇਕਰ ਜਸਬੀਰ ਸਿੰਘ ਨੂੰ ਹਿਰਾਸਤ ਵਿਚ ਲਿਆ ਗਿਆ ਹੈ ਤਾਂ ਕਾਰਨ ਦੱਸਿਆ ਜਾਵੇ। ਮਾਮਲੇ ਦੀ ਸੁਣਵਾਈ ਬੁੱਧਵਾਰ ਸ਼ਾਮ 5 ਵਜੇ ਮੁੜ ਹੋਵੇਗੀ।
ਵੀਰਵਾਰ ਹੋਣਗੀਆਂ ਚੋਣਾਂ
ਦੱਸ ਦੇਈਏ ਕਿ ਚੰਡੀਗੜ੍ਹ ਵਿਚ ਮੇਅਰ, ਡਿਪਟੀ ਮੇਅਰ ਅਤੇ ਸੀਨੀਅਰ ਡਿਪਟੀ ਮੇਅਰ ਦੇ ਅਹੁਦਿਆਂ ਲਈ 18 ਜਨਵਰੀ ਨੂੰ ਚੋਣਾਂ ਹੋਣੀਆਂ ਹਨ। ਇਸ ਚੋਣ ਵਿਚ ਕਾਂਗਰਸ ਅਤੇ ਆਮ ਆਦਮੀ ਪਾਰਟੀ ਨੇ ਮੇਅਰ ਦੇ ਅਹੁਦੇ ਲਈ ਗਠਜੋੜ ਕੀਤਾ ਹੈ। ਕਾਂਗਰਸ ਅਤੇ ਆਮ ਆਦਮੀ ਪਾਰਟੀ ਦੀਆਂ ਕੁੱਲ 20 ਵੋਟਾਂ ਹਨ ਜਦਕਿ ਭਾਜਪਾ ਦੀਆਂ 15 ਵੋਟਾਂ ਹਨ।
ਖੇਡ ਮੰਤਰੀ ਮੀਤ ਹੇਅਰ ਵੱਲੋਂ ਕਬੱਡੀ ਖਿਡਾਰੀ ਤੇ ਕੋਚ ਦੇਵੀ ਦਿਆਲ ਦੇ ਦੇਹਾਂਤ ਉੱਤੇ ਦੁੱਖ ਦਾ ਪ੍ਰਗਟਾਵਾ
NEXT STORY