ਚੰਡੀਗੜ੍ਹ,(ਹਾਂਡਾ)- ਫ਼ਿਲਮ ਅਭਿਨੇਤਰੀ ਰਵੀਨਾ ਟੰਡਨ, ਹਾਸ ਕਲਾਕਾਰ ਭਾਰਤੀ ਸਿੰਘ ਅਤੇ ਡਾਂਸ ਕੋਰੀਓਗ੍ਰਾਫ਼ਰ ਫਰਾਹ ਖਾਨ ਨੂੰ ਇਕ ਵਿਸ਼ੇਸ਼ ਭਾਈਚਾਰੇ ਦੀਆਂ ਧਾਰਮਿਕ ਭਾਵਨਾਵਾਂ ਭੜਕਾਉਣ ਦੇ ਦੋਸ਼ਾਂ 'ਚ ਰਾਹਤ ਦਿੰਦਿਆਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਉਨ੍ਹਾਂ ਖਿਲਾਫ਼ ਦਰਜ 2 ਹੋਰ ਐੱਫ. ਆਈ. ਆਰ. 'ਤੇ ਕਾਰਵਾਈ ਕਰਨ, ਗ੍ਰਿਫ਼ਤਾਰੀ ਤੇ ਪੁਲਸ ਦੀ ਜਬਰੀ ਕਾਰਵਾਈ 'ਤੇ ਰੋਕ ਲਗਾ ਦਿੱਤੀ ਹੈ। ਰੋਪੜ ਤੇ ਫਿਰੋਜ਼ਪੁਰ 'ਚ ਦਰਜ ਐੱਫ. ਆਈ. ਆਰ. ਨੂੰ ਰੱਦ ਕਰਵਾਉਣ ਲਈ ਹਾਈ ਕੋਰਟ 'ਚ ਦਰਜ ਪਟੀਸ਼ਨਾਂ 'ਚ ਬਾਲੀਵੁੱਡ ਹਸਤੀਆਂ ਨੇ ਕਿਹਾ ਹੈ ਕਿ ਉਨ੍ਹਾਂ 'ਤੇ ਲਗਾਏ ਗਏ ਦੋਸ਼ ਆਧਾਰਹੀਣ ਹਨ ਅਤੇ ਉਨ੍ਹਾਂ ਆਪਣੇ ਟੀ. ਵੀ. ਸ਼ੋਅ 'ਚ ਕਿਸੇ ਦੀਆਂ ਧਾਰਮਿਕ ਭਾਵਨਾਵਾਂ ਨੂੰ ਸੱਟ ਮਾਰਨ ਦੀ ਇੱਛਾ ਨਾਲ ਕੁੱਝ ਨਹੀਂ ਕੀਤਾ। ਇਸ ਪਟੀਸ਼ਨ 'ਤੇ ਸੁਣਵਾਈ ਕਰਦਿਆਂ ਕੋਰਟ ਨੇ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਕਰਦਿਆਂ ਉਨ੍ਹਾਂ ਖਿਲਾਫ਼ ਜਬਰੀ ਕਾਰਵਾਈ ਕੀਤੇ ਜਾਣ ਅਤੇ ਉਨ੍ਹਾਂ ਦੀ ਗ੍ਰਿਫ਼ਤਾਰੀ 'ਤੇ ਰੋਕ ਲਗਾ ਦਿੱਤੀ ਹੈ। ਜ਼ਿਕਰਯੋਗ ਹੈ ਕਿ ਵੈੱਬ ਸ਼ੋਅ 'ਬੈਕ ਬੈਂਚਰਸ' 'ਚ ਇਕ ਭਾਈਚਾਰੇ ਵਿਸ਼ੇਸ਼ 'ਤੇ ਟਿੱਪਣੀ ਕਰਨ ਦੇ ਦੋਸ਼ 'ਚ ਪੰਜਾਬ ਪੁਲਸ ਨੇ ਉਕਤ ਫ਼ਿਲਮੀ ਹਸਤੀਆਂ ਖਿਲਾਫ਼ 4 ਜਗ੍ਹਾ ਵੱਖ-ਵੱਖ ਐੱਫ. ਆਈ. ਆਰ. ਦਰਜ ਕੀਤੀਆਂ ਸਨ।
'ਕੋਰੋਨਾ ਵਾਇਰਸ ਸਬੰਧੀ ਆਮ ਲੋਕਾਂ ਨੂੰ ਜਾਗਰੂਕ ਕਰੇਗਾ ਸਿਹਤ ਵਿਭਾਗ ਦਾ ਮਾਸ ਮੀਡੀਆ ਵਿੰਗ'
NEXT STORY