ਚੰਡੀਗੜ੍ਹ (ਬਿਊਰੋ)–ਪੰਜਾਬ ’ਚ ਵਿਗੜ ਰਹੀ ਅਮਨ-ਕਾਨੂੰਨ ਦੀ ਸਥਿਤੀ, ਨਗਰ ਨਿਗਮ ਚੋਣਾਂ ਅਤੇ ਭਖ਼ਦੇ ਹੋਰ ਮਸਲਿਆਂ ਨੂੰ ਲੈ ਕੇ ਅੱਜ ਸ਼੍ਰੋਮਣੀ ਅਕਾਲੀ ਦਲ ਤੇ ਬਹੁਜਨ ਸਮਾਜ ਪਾਰਟੀ ਦੀ ਉੱਚ ਪੱਧਰੀ ਮੀਟਿੰਗ ਸ਼੍ਰੋਮਣੀ ਅਕਾਲੀ ਦਲ ਦੇ ਇਥੇ ਸਟੇਟ ਹੈੱਡਕੁਆਰਟਰ ਵਿਚਲੇ ਮੁੱਖ ਦਫ਼ਤਰ ’ਚ ਹੋਈ। ਮੀਟਿੰਗ ’ਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਕਿਹਾ ਕਿ ਸੂਬੇ ਦੀ ਵਿਗੜ ਰਹੀ ਅਮਨ-ਕਾਨੂੰਨ ਦੀ ਹਾਲਤ ਕਰ ਕੇ ਆਮ ਲੋਕਾਂ ਦਾ ਜਿਊਣਾ ਮੁਸ਼ਕਿਲ ਹੋਇਆ ਪਿਆ ਹੈ ਅਤੇ ਆਏ ਦਿਨ ਸੂਬੇ ’ਚ ਲੁੱਟਾਂ-ਖੋਹਾਂ ਦੀਆਂ ਵਾਰਦਾਤਾਂ ਵਾਪਰ ਰਹੀਆਂ ਹਨ। ਲੋਕਾਂ ਨੂੰ ਆਪਣੀ ਜ਼ਿੰਦਗੀ ਦਾ ਵੀ ਪਤਾ ਨਹੀਂ ਕਿ ਉਹ ਕਿਹੜੇ ਪਲ ਵਿਚ ਸੁਰੱਖਿਅਤ ਹਨ ਕਿਉਂਕਿ ਲੁਟੇਰੇ ਸ਼ਰੇਆਮ ਘੁੰਮ ਰਹੇ ਹਨ ਅਤੇ ਸੂਬਾ ਸਰਕਾਰ ਨੂੰ ਕੋਈ ਫਿਕਰ ਨਹੀਂ ਹੈ।
ਇਹ ਖ਼ਬਰ ਵੀ ਪੜ੍ਹੋ : ਸ਼ਿਮਲਾ ’ਚ ਵਾਪਰਿਆ ਰੂਹ ਕੰਬਾਊ ਹਾਦਸਾ, 700 ਮੀਟਰ ਡੂੰਘੀ ਖੱਡ ’ਚ ਡਿੱਗਾ ਟੈਂਪੂ, 3 ਪੰਜਾਬੀ ਨੌਜਵਾਨਾਂ ਦੀ ਮੌਤ
ਸੁਖਬੀਰ ਬਾਦਲ ਨੇ ਦੋਵਾਂ ਪਾਰਟੀਆਂ ਦੇ ਆਗੂਆਂ ਨੂੰ ਕਿਹਾ ਕਿ ਲੋਕਾਂ ਕੋਲ ਜਾ ਕੇ ਸਰਕਾਰ ਦੀਆਂ ਨਾਲਾਇਕੀਆਂ ਬਾਰੇ ਦੱਸਣ ਕਿਉਂਕਿ ਮਾਨ ਸਰਕਾਰ ਜਦੋਂ ਦੀ ਬਣੀ ਹੈ, ਸੂਬੇ ਦੇ ਹਾਲਾਤ ਖ਼ਰਾਬ ਹੋਏ ਹਨ। ਮੁੱਖ ਮੰਤਰੀ ਦਾ ਸਰਕਾਰ ’ਤੇ ਕੰਟਰੋਲ ਨਹੀਂ ਹੈ ਅਤੇ ਅਫ਼ਸਰਸ਼ਾਹੀ ਬਾਗ਼ੀ ਹੋਈ ਪਈ ਹੈ। ਮੀਟਿੰਗ ’ਚ ਇਹ ਮੁੱਦਾ ਵੀ ਉੱਭਰਿਆ ਕਿ ਦੋਵਾਂ ਪਾਰਟੀਆਂ ਨੂੰ ਮਿਲ ਕੇ ਲੋਕ ਮਸਲੇ ਉਠਾਉਣੇ ਚਾਹੀਦੇ ਹਨ ਅਤੇ ਆਪੋ-ਆਪਣੇ ਕੇਡਰ ਨੂੰ ਵਧਾਉਣਾ ਚਾਹੀਦਾ ਹੈ। ਮੀਟਿੰਗ ’ਚ ਨਗਰ ਨਿਗਮ ਚੋਣਾਂ ਅਤੇ ਜਲੰਧਰ ਦੀ ਸੰਭਾਵੀ ਉਪ ਚੋਣ ਨੂੰ ਲੈ ਕੇ ਵਿਚਾਰਾਂ ਹੋਈਆਂ। ਮੀਟਿੰਗ ’ਚ ਇਸ ਗੱਲ ਦਾ ਨੋਟਿਸ ਲਿਆ ਗਿਆ ਕਿ ਸੂਬਾ ਸਰਕਾਰ ਨਾ ਤਾਂ ਮਹਿੰਗਾਈ ਨੂੰ ਕੰਟਰੋਲ ਕਰ ਸਕੀ ਹੈ ਅਤੇ ਨਾ ਹੀ ਰੇਤਾ-ਬੱਜਰੀ ਲੋਕਾਂ ਨੂੰ ਮੁਹੱਈਆ ਕਰਵਾ ਸਕੀ ਹੈ।
ਇਹ ਖ਼ਬਰ ਵੀ ਪੜ੍ਹੋ : ‘RRR’ ਦਾ ਜਲਵਾ, ‘ਨਾਟੂ-ਨਾਟੂ’ ਗੀਤ ‘ਓਰਿਜਨਲ ਸੌਂਗ ਕੈਟਾਗਰੀ’ ’ਚ ਆਸਕਰ ਲਈ ਨੌਮੀਨੇਟ
ਸੂਬੇ ’ਚ ਕੋਈ ਵੀ ਵਿਕਾਸ ਕੰਮ ਨਹੀਂ ਹੋ ਰਿਹਾ। ਮੁਲਾਜ਼ਮਾਂ ਨੂੰ ਤਨਖਾਹਾਂ ਸਮੇਂ ਸਿਰ ਨਹੀਂ ਮਿਲ ਰਹੀਆਂ। ਮੀਟਿੰਗ ਵਿਚ ਜਲੰਧਰ ’ਚ ਹੋਣ ਵਾਲੀ ਉਪ-ਚੋਣ ਲਈ ਵਿਚਾਰ-ਵਟਾਂਦਰਾ ਕਰਨ ਬਾਰੇ ਫ਼ੈਸਲਾ ਕੀਤਾ ਗਿਆ ਕਿ ਦੋਵਾਂ ਪਾਰਟੀਆਂ ਦੇ ਲੀਡਰ ਤੇ ਵਰਕਰ ਹੁਣ ਤੋਂ ਹੀ ਡਟ ਜਾਣ ਤਾਂ ਕਿ ਇਨ੍ਹਾਂ ਲੋਟੂ ਤਾਕਤਾਂ ਨੂੰ ਹਰਾਇਆ ਜਾ ਸਕੇ। ਬਸਪਾ ਲੀਡਰਾਂ ਨੇ ਕਿਹਾ ਕਿ ਅਕਾਲੀ-ਬਸਪਾ ਗੱਠਜੋੜ ਹਰੇਕ ਮੁੱਦੇ ’ਤੇ ਸਰਕਾਰ ਨੂੰ ਘੇਰੇਗਾ ਕਿਉਂਕਿ ਲੋਕ ਦੁਖੀ ਹੋਏ ਪਏ ਹਨ। ਉਨ੍ਹਾਂ ਸੁਖਬੀਰ ਬਾਦਲ ਤੇ ਅਕਾਲੀ ਦਲ ਦੀ ਲੀਡਰਸ਼ਿਪ ਨੂੰ ਭਰੋਸਾ ਦਿਵਾਇਆ ਕਿ ਬਸਪਾ ਦਾ ਆਧਾਰ ਮਜ਼ਬੂਤ ਕੀਤਾ ਜਾਵੇਗਾ ਅਤੇ ਹਰੇਕ ਵਰਗ ਦੇ ਲੋਕਾਂ ਤੱਕ ਪਾਰਟੀ ਪਹੁੰਚ ਕਰੇਗੀ। ਮੀਟਿੰਗ ’ਚ ਅਕਾਲੀ ਦਲ ਵੱਲੋਂ ਪਾਰਟੀ ਪ੍ਰਧਾਨ ਤੋਂ ਇਲਾਵਾ ਬਲਵਿੰਦਰ ਸਿੰਘ ਭੂੰਦੜ, ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ, ਡਾ. ਸੁਖਵਿੰਦਰ ਸੁੱਖੀ ਵਿਧਾਇਕ, ਡਾ. ਦਲਜੀਤ ਚੀਮਾ ਅਤੇ ਬਸਪਾ ਵੱਲੋਂ ਪੰਜਾਬ ਮਾਮਲੇ ਦੇ ਇੰਚਾਰਜ ਰਣਧੀਰ ਸਿੰਘ ਬੈਨੀਵਾਲ, ਸੂਬਾ ਪ੍ਰਧਾਨ ਜਸਵੀਰ ਸਿੰਘ ਗੜ੍ਹੀ, ਅਵਤਾਰ ਸਿੰਘ ਕਰੀਮਪੁਰੀ, ਡਾ. ਨਛੱਤਰਪਾਲ, ਵਿਧਾਇਕ ਗੁਰਲਾਲ ਸੈਲਾ ਅਤੇ ਹੋਰ ਆਗੂ ਸ਼ਾਮਲ ਸਨ।
ਊਨਾ 'ਚ ਟਰੱਕ ਨੇ ਮਾਂ-ਪੁੱਤ ਨੂੰ ਕੁਚਲਿਆ, ਦੋਵਾਂ ਦੀ ਮੌਕੇ 'ਤੇ ਮੌਤ; ਪੰਜਾਬ ਦੇ ਰਹਿਣ ਵਾਲੇ ਸਨ ਮ੍ਰਿਤਕ
NEXT STORY