ਸਰਾਏ ਅਮਾਨਤ ਖਾਂ, (ਨਰਿੰਦਰ, ਲਾਲੂਘੁੰਮਣ)- ਅੱਜ ਦਿਨ ਦਿਹਾਡ਼ੇ ਥਾਣਾ ਸਰਾਏ ਅਮਾਨਤ ਖਾਂ ਦੇ ਨਜ਼ਦੀਕ ਖੇਤਾਂ ’ਚ ਸੋਨਾ ਸਿੰਘ ਵਾਸੀ ਲਹੀਆਂ ਦੀ ਗੈਰ ਹਾਜ਼ਰੀ ’ਚ ਉਸਦੇ ਘਰ ’ਚ ਸਵਿੱਫਟ ਕਾਰ ’ਤੇ ਆਏ ਕੁਝ ਅਣਪਛਾਤੇ ਵਿਅਕਤੀਆਂ ਵੱਲੋਂ ਚਲਾਈਆਂ ਗੋਲੀਆਂ ਨਾਲ ਇਕ ਵਿਆਕਤੀ ਗੰਭੀਰ ਜ਼ਖਮੀ ਹੋ ਗਿਆ ਜਦੋਂਕਿ ਅਣਪਛਾਤੇ ਵਿਅਕਤੀਆਂ ਨੇ ਘਰ ਵਿਚ ਮੌਜੂਦ ਅੌਰਤ ਦੀ ਵੀ ਕੁੱਟਮਾਰ ਕੀਤੀ। ਇਸ ਸਬੰਧੀ ਸਰਕਾਰੀ ਹਸਪਤਾਲ ਕਸੇਲ ਵਿਖੇ ਗੋਲੀ ਨਾਲ ਜ਼ਖਮੀ ਹੋਏ ਅੰਗਰੇਜ ਸਿੰਘ ਪੁੱਤਰ ਜਰਨੈਲ ਸਿੰਘ, ਜੋ ਇਥੇ ਆਪਣੇ ਭਣੇਵਿਆਂ ਕੋਲ ਰਹਿੰਦਾ ਹੈ, ਦੇ ਭਣੇਵੇਂ ਸੋਨਾ ਸਿੰਘ ਦੀ ਘਰ ਵਾਲੀ ਗੁਰਪ੍ਰੀਤ ਕੌਰ ਨੇ ਦੱਸਿਆ ਕਿ ਅੱਜ ਸਵੇਰੇ ਜਦੋਂ ਉਸਦਾ ਪਤੀ ਸੋਨਾ ਸਿੰਘ ਇਕ ਜ਼ਮੀਨੀ ਝਗਡ਼ੇ, ਜੋ ਸਾਡੇ ਪਿੰਡ ਦੇ ਹੀ ਗੁਰਮੇਜ ਸਿੰਘ ਪੁੱਤਰ ਬਲਦੇਵ ਸਿੰਘ ਵਾਸੀ ਲਹੀਆਂ ਨਾਲ ਚੱਲ ਰਿਹਾ ਹੈ, ਸਬੰਧੀ ਅਦਾਲਤ ਵਿਚ ਤਰੀਕ ਭੁਗਤਣ ਗਿਆ ਸੀ ਤਾਂ ਪਿੱਛੋਂ ਸਾਡੇ ਘਰ ਇਕ ਸਵਿੱਫਟ ਕਾਰ ਆਈ ਜਿਸ ਵਿਚੋਂ 5-6 ਹਥਿਆਰਬੰਦ ਵਿਅਕਤੀ ਜਿਨ੍ਹਾਂ ਵਿਚ ਗੁਰਮੇਜ ਸਿੰਘ ਜਿਸ ਨਾਲ ਜ਼ਮੀਨ ਦਾ ਝਗਡ਼ਾ ਚੱਲਦਾ ਹੈ, ਆਏ ਅਤੇ ਆਉਂਦਿਆਂ ਹੀ ਗੋਲੀਆਂ ਚਲਾਉਣ ਲੱਗ ਪਏ। ਜੋ ਸਾਡੇ ਬੂਹੇ ’ਚ ਵੀ ਲੱਗੀਆਂ, ਤੋਂ ਇਲਾਵਾ ਸਾਡੇ ਘਰ ਦੇ ਬੂਹੇ ਨੇਡ਼ੇ ਖਡ਼ੇ ਸਾਡੇ ਮਾਮੇ ਅੰਗਰੇਜ ਸਿੰਘ ਦੀ ਲੱਤ ਵਿੱਚ ਲੱਗੀਆਂ। ਜਿਸ ਨੂੰ ਤੁਰੰਤ ਗੁਆਢੀਆਂ ਦੀ ਸਹਾਇਤਾ ਨਾਲ ਹਸਪਤਾਲ ਲਿਜਾਇਆ ਗਿਆ ਜਦੋਂਕਿ ਫੋਨ ’ਤੇ ਗੱਲਬਾਤ ਕਰਦਿਆਂ ਸੋਨਾ ਸਿੰਘ ਨੇ ਕਿਹਾ ਕਿ ਗੁਰਮੇਜ ਸਿੰਘ ਜਿਸ ਨਾਲ ਮੇਰਾ ਜ਼ਮੀਨ ਦਾ ਝਗਡ਼ਾ ਚੱਲਦਾ ਹੈ ਉਸ ਨੇ ਮੈਨੂੰ ਫੋਨ ’ਤੇ ਮਾਰਨ ਦੀ ਧਮਕੀ ਵੀ ਦਿੱਤੀ ਸੀ ਅਤੇ ਅੱਜ ਵੀ ਉਹ ਅਸਲ ’ਚ ਮੈਨੂੰ ਹੀ ਮਾਰਨ ਆਏ ਸਨ ਪਰ ਮੈਂ ਘਰ ਨਾ ਹੋਣ ਕਰਕੇ ਬਚ ਗਿਆ। ਦੂਸਰੇ ਪਾਸੇ ਥਾਣਾ ਸਰਾਏ ਅਮਾਨਤ ਖਾਂ ਵਿਖੇ ਦੂਸਰੀ ਧਿਰ ਦੇ ਗੁਰਮੇਜ ਸਿੰਘ ਪੁੱਤਰ ਬਲਦੇਵ ਸਿੰਘ ਨੇ ਕਿਹਾ ਕਿ ਸਾਡਾ ਝਗਡ਼ਾ ਜ਼ਰੂਰ ਚੱਲਦਾ ਹੈ ਪਰ ਇਸ ਗੋਲੀ ਨਾਲ ਸਾਡਾ ਕੋਈ ਸਬੰਧ ਨਹੀਂ ਅਸੀਂ ਤਾਂ ਘਰ ਆਪਣਾ ਕੰਮ ਕਰ ਰਹੇ ਸੀ ਜਦੋਂ ਪੁਲਸ ਸਾਨੂੰ ਲੈ ਕੇ ਆਈ ਹੈ। ਸਾਡੇ ’ਤੇ ਝੂਠਾ ਇਲਜਾਮ ਲਾਇਆ ਜਾ ਰਿਹਾ ਹੈ। ਜਦੋਂ ਇਸ ਸਬੰਧੀ ਥਾਣਾ ਮੁਖੀ ਤਰਸੇਮ ਮਸੀਹ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਪੁਲਸ ਸਾਰੇ ਕੇਸ ਦੀ ਗੰਭੀਰਤਾ ਨਾਲ ਪਡ਼ਤਾਲ ਕਰ ਰਹੀ ਹੈ ਅਤੇ ਸਾਰੀ ਅਸਲੀਅਤ ਤੋਂ ਬਾਅਦ ਜੋ ਵੀ ਅਸਲ ਦੋਸ਼ੀ ਹੋਇਆ ਉਸ ਵਿਰੁੱਧ ਕਾਰਵਾਈ ਕੀਤੀ ਜਾਵੇਗੀ। ਇਹ ਵੀ ਪਤਾ ਲੱਗਾ ਹੈ ਕਿ ਪੁਲਸ ਨੇ ਗੋਲੀ ਚੱਲਣ ਦੀ ਘਟਨਾ ਤੋਂ ਬਾਅਦ ਦੋ ਵਿਅਕਤੀਆਂ ਨੂੰ ਹਿਰਾਸਤ ’ਚ ਲੈ ਲਿਆ ਹੈ।
ਚੋਰਾਂ ਵੱਲੋਂ ਸੋਨੇ ਦੇ ਗਹਿਣੇ ਚੋਰੀ, ਮਾਮਲਾ ਦਰਜ
NEXT STORY