ਹੁਸ਼ਿਆਰਪੁਰ (ਮੁੱਗੋਵਾਲ)-ਜ਼ਿਲਾ ਫਰੀਡਮ ਫਾਈਟਰ ਉਤਰਾਅਧਿਕਾਰੀ ਸੰਸਥਾ ਹੁਸ਼ਿਆਰਪੁਰ ਦੀ ਮੀਟਿੰਗ ਜ਼ਿਲਾ ਪ੍ਰਧਾਨ ਗੁਰਦੇਵ ਸਿੰਘ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿਚ ਸਰਬਜੀਤ ਸਿੰਘ, ਹਰਜੀਤ ਸਿੰਘ ਮਾਹਿਲਪੁਰ, ਅਮਰੀਕ ਸਿੰਘ ਢੱਕੋਂ, ਅਰਵਿੰਦਰ ਸਿੰਘ, ਪ੍ਰਭ ਸਿੰਘ ਹੁਸ਼ਿਆਰਪੁਰ, ਗੁਰਦੇਵ ਕੌਰ ਮਾਹਿਲਪੁਰ, ਸੋਹਣ ਸਿੰਘ ਮਿਰਜ਼ਾਪੁਰ, ਮਨਜੀਤ ਸਿੰਘ ਲਾਲੀ, ਭਜਨ ਕੌਰ ਲੰਗੇਰੀ, ਸਰਬਜੀਤ ਸਾਬੀ, ਸੁਰਿੰਦਰ ਸਿੰਘ ਸਲੇਮਪੁਰ, ਹੁਸ਼ਿਆਰ ਸਿੰਘ, ਸਤਵੰਤ ਸਿੰਘ ਸੈਣੀ, ਹਰਬੰਸ ਸਿੰਘ, ਹਰਮੇਲ ਕੌਰ, ਕੁਲਵੀਰ ਸਿੰਘ ਚਾਣਥੂ, ਮੋਹਣ ਸਿੰਘ ਸਮੇਤ ਫਰੀਡਮ ਫਾਈਟਰਾਂ ਦੇ ਪਰਿਵਾਰਕ ਮੈਂਬਰ ਹਾਜ਼ਰ ਹੋਏ। ਮੀਟਿੰਗ ਵਿਚ ਫਰੀਡਮ ਫਾਈਟਰਾਂ ਦੇ ਪਰਿਵਾਰਕ ਮੈਂਬਰਾਂ ਦੀਆਂ ਸਮੱਸਿਆਵਾਂ ਤੇ ਉਨ੍ਹਾਂ ਦੀਆਂ ਮੰਗਾਂ ਦੇ ਹੱਲ ਸਬੰਧੀ ਵਿਚਾਰ-ਵਟਾਂਦਰਾ ਕੀਤਾ ਗਿਆ। ਇਸ ਮੌਕੇ ਗੱਲਬਾਤ ਕਰਦਿਆਂ ਸੰਸਥਾ ਦੇ ਜ਼ਿਲਾ ਪ੍ਰਧਾਨ ਗੁਰਦੇਵ ਸਿੰਘ ਕੋਟ ਫਤੂਹੀ ਨੇ ਕਿਹਾ ਕਿ ਦੇਸ਼ ਨੂੰ ਆਜ਼ਾਦ ਕਰਵਾਉਣ ਵਿਚ ਮਹਾਨ ਦੇਸ਼ ਭਗਤਾਂ ਨੇ ਅਨੇਕਾਂ ਕੁਰਬਾਨੀਆਂ ਕੀਤੀਆਂ। ਅੰਗਰੇਜ਼ਾਂ ਨਾਲ ਲੜਾਈ ਲਡ਼ਦਿਆਂ ਜਿਥੇ ਅਨੇਕਾਂ ਦੇਸ਼ ਭਗਤਾਂ ਨੂੰ ਸ਼ਹੀਦੀ ਜਾਮ ਪੀਣਾ ਪਿਆ, ਉਥੇ ਉਨ੍ਹਾਂ ਨੂੰ ਆਪਣੇ ਤੇ ਆਪਣੇ ਪਰਿਵਾਰਕ ਮੈਂਬਰਾਂ ਸਮੇਤ ਅਨੇਕਾਂ ਸਰੀਰਕ ਤਸੀਹੇ ਵੀ ਝੱਲਣੇ ਪਏ। ਅੱਜ ਇਨ੍ਹਾਂ ਫਰੀਡਮ ਫਾਈਟਰਾਂ ਦੇ ਪਰਿਵਾਰਕ ਮੈਂਬਰ ਕਾਫੀ ਸਮੱਸਿਆਵਾਂ ਨਾਲ ਜੂਝ ਰਹੇ ਹਨ, ਜਿਨ੍ਹਾਂ ਨੂੰ ਹੱਲ ਕਰਨ ਲਈ ਸਮੇਂ-ਸਮੇਂ ਦੀਆਂ ਸਰਕਾਰਾਂ ਨੇ ਲੋਡ਼ੀਂਦੇ ਕਦਮ ਨਹੀਂ ਚੁੱਕੇ। ਉਨ੍ਹਾਂ ਕਿਹਾ ਕਿ ਉਹ ਆਪਣੀਆਂ ਮੰਗਾਂ ਦੇ ਹੱਲ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਕੈਬਨਿਟ ਮੰਤਰੀ ਵਿਜੈ ਇੰਦਰ ਸਿੰਗਲਾ ਨੂੰ ਵੀ ਮਿਲ ਚੁੱਕੇ ਹਨ ਪਰ ਭਰੋਸਾ ਮਿਲਣ ਦੇ ਬਾਵਜੂਦ ਹਾਲੇ ਤੱਕ ਉਨ੍ਹਾਂ ਦੀ ਕੋਈ ਵੀ ਮੰਗ ਨਹੀਂ ਮੰਨੀ ਗਈ। ਉਨ੍ਹਾਂ ਕਿਹਾ ਕਿ ਦੇਸ਼ ਭਗਤਾਂ ਦੇ ਨਾਂ ’ਤੇ ਸਰਕਾਰਾਂ ਸਿਰਫ ਰਾਜਨੀਤੀ ਹੀ ਕਰਦੀਆਂ ਹਨ। ਉਨ੍ਹਾਂ ਕਿਹਾ ਕਿ ਫਰੀਡਮ ਫਾਈਟਰਾਂ ਦੇ ਲੋਡ਼ਵੰਦ ਪਰਿਵਾਰਾਂ ਨੂੰ 10-10 ਮਰਲੇ ਦੇ ਪਲਾਟ ਮਿਲਣੇ ਚਾਹੀਦੇ ਹਨ। ਪੰਜਾਬ ਸਰਕਾਰ ਵੱਲੋਂ ਬੇਸ਼ੱਕ ਇਨ੍ਹਾਂ ਪਰਿਵਾਰਾਂ ਨੂੰ 300 ਯੂਨਿਟ ਬਿਜਲੀ ਦੇਣ ਦਾ ਐਲਾਨ ਕੀਤਾ ਗਿਆ ਸੀ ਪਰ ਇਸ ਸੰਬੰਧੀ ਕੋਈ ਨੋਟੀਫਿਕੇਸ਼ਨ ਜਾਰੀ ਨਾ ਹੋਣ ਕਾਰਨ ਇਸ ’ਤੇ ਅਮਲ ਨਹੀਂ ਹੋ ਸਕਿਆ। ਇਸੇ ਤਰ੍ਹਾਂ ਫਰੀਡਮ ਫਾਈਟਰਾਂ ਦੇ ਪਰਿਵਾਰਾਂ ਨੂੰ ਟੋਲ-ਪਲਾਜ਼ਿਆਂ ਤੋਂ ਮੁਫਤ ਲੰਘਣ ਤੇ ਬੱਸਾਂ ਵਿਚ ਫ੍ਰੀ ਸਫਰ ਕਰਨ ਦੀ ਸਹੂਲਤ ਵੀ ਲਾਗੂ ਨਹੀਂ ਹੋ ਸਕੀ। ਉਨ੍ਹਾਂ ਦੱਸਿਆ ਕਿ ਇਸ ਜਥੇਬੰਦੀ ਵਿਚ ਜ਼ਿਲਾ ਹੁਸ਼ਿਆਰਪੁਰ ਦੇ 200 ਤੋਂ ਵੱਧ ਫਰੀਡਮ ਫਾਈਟਰਾਂ ਦੇ ਪਰਿਵਾਰਕ ਮੈਂਬਰ ਸ਼ਾਮਲ ਹਨ। ਜੇਕਰ ਸਮੇਂ ਦੀ ਸਰਕਾਰ ਨੇ ਫਰੀਡਮ ਫਾਈਟਰਾਂ ਦੇ ਯੋਗ ਕਾਨੂੰਨੀ ਵਾਰਸਾਂ ਦੀਆਂ ਮੰਗਾਂ ਹੱਲ ਨਾ ਕੀਤੀਆਂ ਤਾਂ ਉਹ ਆਪਣੀਆਂ ਮੰਗਾਂ ਸੰਬੰਧੀ ਜਥੇਬੰਦ ਹੋ ਕੇ ਸੰਘਰਸ਼ ਕਰਨਗੇ।
ਪੰਜਾਬ ਦੀ ਕੈਪਟਨ ਸਰਕਾਰ ਤੋਂ ਹਰ ਵਰਗ ਦੁਖੀ : ਠੇਕੇਦਾਰ ਭਗਵਾਨ, ਅਹੀਰ
NEXT STORY