ਹੁਸ਼ਿਆਰਪੁਰ (ਘੁੰਮਣ)— ਪੰਜਾਬ 'ਚ ਲਗਾਤਾਰ ਕੋਰੋਨਾ ਵਾਇਰਸ ਦਾ ਪ੍ਰਕੋਪ ਵੱਧਦਾ ਜਾ ਰਿਹਾ ਹੈ। ਹੁਣ ਤੱਕ ਪੰਜਾਬ 'ਚੋਂ ਕੋਰੋਨਾ ਵਾਇਰਸ ਦੇ 91 ਪਾਜ਼ੀਟਿਵ ਕੇਸ ਸਾਹਮਣੇ ਆ ਚੁੱਕੇ ਹਨ, ਜਿਨ੍ਹਾਂ 'ਚੋਂ 7 ਦੀ ਮੌਤ ਹੋ ਚੁੱਕੀ ਹੈ।
ਪੰਜਾਬ ਸਰਕਾਰ ਵੱਲੋਂ ਕੋਵਿਡ-19 ਖਿਲਾਫ ਵਿੱਢੀ ਜੰਗ ਤਹਿਤ ਜਿੱਥੇ ਸੂਬਾ ਵਾਸੀਆਂ ਨੂੰ ਘਰਾਂ 'ਚ ਹੀ ਸਾਰੀਆਂ ਸੁੱਖ-ਸਹੂਲਤਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ, ਉਥੇ ਹੀ ਵੱਡੇ ਪੱਧਰ 'ਤੇ ਜਾਗਰੂਕਤਾ ਵੀ ਫੈਲਾਈ ਜਾ ਰਹੀ ਹੈ ਤਾਂ ਜੋ ਕੋਈ ਵੀ ਵਿਅਕਤੀ ਆਪਣੇ ਘਰ ਤੋਂ ਬਾਹਰ ਨਾ ਨਿਕਲੇ। ਸੂਬਾ ਸਰਕਾਰ ਦੇ ਸਮੇਂ-ਸਮੇਂ 'ਤੇ ਜਾਰੀ ਨਿਰਦੇਸ਼ਾਂ ਤਹਿਤ ਜ਼ਿਲਾ ਪ੍ਰਸ਼ਾਸਨ ਵੱਲੋਂ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ ਅਤੇ ਇਨ੍ਹਾਂ ਉਪਰਾਲਿਆਂ ਸਦਕਾ ਜ਼ਿਲੇ ਦੇ 1163 ਪਿੰਡਾਂ ਵੱਲੋਂ ਪਹਿਲਕਦਮੀ ਕਰਦਿਆਂ ਸਵੈ-ਇਕਾਂਤਵਾਸ ਨੂੰ ਅਪਣਾਇਆ ਗਿਆ ਹੈ, ਜੋ ਕੋਰੋਨਾ ਨੂੰ ਠੱਲ੍ਹ ਪਾਉਣ ਲਈ ਮੀਲ ਦਾ ਪੱਥਰ ਸਾਬਤ ਹੋਵੇਗਾ।
ਇਹ ਵੀ ਪੜ੍ਹੋ: ਕਰਫਿਊ ਦੌਰਾਨ ਜਲੰਧਰ 'ਚ ਵੱਡੀ ਵਾਰਦਾਤ, ਪੁਲਸ ਮੁਲਾਜ਼ਮਾਂ 'ਤੇ ਜਾਨਲੇਵਾ ਹਮਲਾ
ਡਿਪਟੀ ਕਮਿਸ਼ਨਰ ਅਪਨੀਤ ਰਿਆਤ ਨੇ ਦੱਸਿਆ ਕਿ ਪੰਚਾਇਤਾਂ ਵੱਲੋਂ ਦਿੱਤੇ ਜਾ ਰਹੇ ਸਹਿਯੋਗ ਅਤੇ ਪਹਿਲਕਦਮੀ ਸਦਕਾ ਜ਼ਿਲੇ ਦੇ 1163 ਪਿੰਡਾਂ ਵੱਲੋਂ ਸਵੈ-ਇਕਾਂਤਵਾਸ ਨੂੰ ਅਪਣਾਉਣਾ ਬੇਮਿਸਾਲ ਉਪਰਾਲਾ ਹੈ, ਜੋ ਕੋਵਿਡ-19 ਦੇ ਪ੍ਰਭਾਵ ਨੂੰ ਫੈਲਣ ਤੋਂ ਰੋਕਣ 'ਚ ਕਾਮਯਾਬ ਸਾਬਤ ਹੋਵੇਗਾ। ਉਨ੍ਹਾਂ ਦੱਸਿਆ ਕਿ ਹੁਸ਼ਿਆਰਪੁਰ ਬਲਾਕ-1 ਵਿਚ 165 ਪਿੰਡਾਂ, ਦਸੂਹਾ ਬਲਾਕ ਦੇ 145, ਮੁਕੇਰੀਆਂ ਦੇ 136, ਭੂੰਗਾ ਬਲਾਕ ਦੇ 125, ਹੁਸ਼ਿਆਰਪੁਰ ਬਲਾਕ-2 ਦੇ 120, ਮਾਹਿਲਪੁਰ ਦੇ 120, ਹਾਜੀਪੁਰ ਦੇ 102, ਟਾਂਡਾ ਦੇ 100, ਗੜ੍ਹਸ਼ੰਕਰ ਦੇ 85 ਅਤੇ ਤਲਵਾੜਾ ਬਲਾਕ ਦੇ 65 ਪਿੰਡਾਂ ਵੱਲੋਂ ਆਪਣੇ-ਆਪ ਨੂੰ ਸੈਲਫ ਕੁਆਰੰਟਾਈਨ ਕੀਤਾ ਗਿਆ ਹੈ। ਉਨ੍ਹਾਂ ਉਕਤ ਪੰਚਾਇਤਾਂ ਸਮੇਤ ਪਿੰਡ ਵਾਸੀਆਂ ਦੀ ਸ਼ਲਾਘਾ ਅਤੇ ਧੰਨਵਾਦ ਕਰਦਿਆਂ ਕਿਹਾ ਕਿ ਬਾਕੀ ਪੰਚਾਇਤਾਂ ਵੀ ਆਪਣੇ ਪਿੰਡ ਨੂੰ ਸਵੈ-ਇਕਾਂਤਵਾਸ 'ਚ ਰੱਖਣ ਲਈ ਅੱਗੇ ਆਉਣ ਤਾਂ ਜੋ ਇਕਜੁੱਟਤਾ ਨਾਲ ਕੋਰੋਨਾ ਖਿਲਾਫ ਜੰਗ ਜਿੱਤੀ ਜਾ ਸਕੇ।
ਇਹ ਵੀ ਪੜ੍ਹੋ: ਸ਼ੱਕੀ ਹਾਲਾਤ 'ਚ ਵਿਆਹੁਤਾ ਦੀ ਮੌਤ, ਕੋਰੋਨਾ ਦੇ ਖੌਫ ਕਾਰਨ ਸ਼ਮਸ਼ਾਨ ਘਾਟ 'ਚ ਸਸਕਾਰ ਦਾ ਹੋਇਆ ਵਿਰੋਧ
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸਵੈ-ਇਕਾਂਤਵਾਸ ਲਈ ਅੱਗੇ ਆਈਆਂ ਪਿੰਡਾਂ ਦੀਆਂ ਪੰਚਾਇਤਾਂ ਵੱਲੋਂ ਪਿੰਡ ਨੂੰ ਲੱਗਦੇ ਰਸਤਿਆਂ 'ਤੇ ਬੈਰੀਕੇਡਿੰਗ ਕਰਵਾਈ ਗਈ ਹੈ। ਜੇਕਰ ਕੋਈ ਪਿੰਡ ਦਾ ਵਿਅਕਤੀ ਐਮਰਜੈਂਸੀ ਹਾਲਾਤ ਦੌਰਾਨ ਬਾਹਰ ਜਾਣਾ ਚਾਹੁੰਦਾ ਹੈ ਤਾਂ ਉਸ ਦਾ ਪੂਰਾ ਵੇਰਵਾ ਰਜਿਸਟਰ 'ਤੇ ਦਰਜ ਕੀਤਾ ਜਾਂਦਾ ਹੈ। ਇਹ ਵੀ ਦਰਜ ਕੀਤਾ ਜਾਂਦਾ ਹੈ ਕਿ ਉਸ ਨੇ ਪਿੰਡ ਤੋਂ ਬਾਹਰ ਜਾ ਕੇ ਕਿਸ ਵਿਅਕਤੀ ਨੂੰ ਮਿਲਣਾ ਹੈ। ਉਨ੍ਹਾਂ ਕਿਹਾ ਕਿ ਕਿਸੇ ਬਾਹਰਲੇ ਵਿਅਕਤੀ ਦੀ ਪਿੰਡ ਵਿਚ ਐਂਟਰੀ ਦੌਰਾਨ ਵੀ ਉਸ ਦਾ ਵੇਰਵਾ ਰਜਿਸਟਰ 'ਤੇ ਨੋਟ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਉਕਤ ਪਿੰਡਾਂ ਦੀਆਂ ਕਈ ਪੰਚਾਇਤਾਂ ਵੱਲੋਂ ਵਿਸ਼ੇਸ਼ ਪਹਿਲਕਦਮੀ ਕਰਦਿਆਂ ਪਿੰਡ ਦੇ ਐਂਟਰੀ ਪੁਆਇੰਟਾਂ 'ਤੇ ਸੀ. ਸੀ. ਟੀ. ਵੀ. ਕੈਮਰੇ ਵੀ ਲਾਏ ਗਏ ਹਨ।
ਰਿਆਤ ਨੇ ਪੈਦਾ ਹੋਏ ਇਸ ਨਾਜ਼ੁਕ ਹਾਲਾਤ 'ਚ ਜਿੱਥੇ ਪ੍ਰਸ਼ਾਸਨ ਨੂੰ ਸਹਿਯੋਗ ਦੇਣ ਬਦਲੇ ਜ਼ਿਲਾ ਵਾਸੀਆਂ ਦਾ ਧੰਨਵਾਦ ਕੀਤਾ, ਉਥੇ ਲੋੜਵੰਦਾਂ ਤੱਕ ਰਾਸ਼ਨ ਪਹੁੰਚਾਉਣ ਵਿਚ ਮਦਦ ਕਰਨ 'ਤੇ ਵੱਖ-ਵੱਖ ਸੰਸਥਾਵਾਂ ਦਾ ਵੀ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਇਸ ਔਖੀ ਘੜੀ ਵਿਚ ਆਪਸੀ ਸਹਿਯੋਗ ਬਹੁਤ ਜ਼ਰੂਰੀ ਹੈ ਕਿਉਂਕਿ ਆਪਸੀ ਸਹਿਯੋਗ ਨਾਲ ਅਸੀਂ ਜਲਦੀ ਹੀ ਇਸ ਨਾਜ਼ੁਕ ਦੌਰ ਵਿਚੋਂ ਬਾਹਰ ਨਿਕਲ ਆਵਾਂਗੇ।
ਇਹ ਵੀ ਪੜ੍ਹੋ: ਕੋਰੋਨਾ ਵਾਇਰਸ ਨੂੰ ਹਲਕੇ 'ਚ ਲੈਣ ਵਾਲੇ ਲੋਕ ਹੋ ਜਾਣ ਸਾਵਧਾਨ, ਅੰਮ੍ਰਿਤਸਰ ਦੀ ਇਹ ਖਬਰ ਉਡਾਏਗੀ ਹੋਸ਼
ਕੋਰੋਨਾ ਵਾਇਰਸ ਨੂੰ ਹਲਕੇ 'ਚ ਲੈਣ ਵਾਲੇ ਲੋਕ ਹੋ ਜਾਣ ਸਾਵਧਾਨ, ਅੰਮ੍ਰਿਤਸਰ ਦੀ ਇਹ ਖਬਰ ਉਡਾਏਗੀ ਹੋਸ਼
NEXT STORY