ਹੁਸ਼ਿਆਰਪੁਰ,(ਅਮਰਿੰਦਰ): ਸ਼ਹਿਰ ਦੇ ਮਾਡਲ ਟਾਊਨ 'ਚ ਸ਼ੁੱਕਰਵਾਰ ਦੇਰ ਰਾਤ ਇਕ ਸ਼ਰਾਬ ਕਾਰੋਬਾਰੀ ਦੇ ਘਰ 'ਤੇ ਹਮਲਾ ਕਰਦੇ ਹੋਏ ਅਣਪਛਾਤਿਆਂ ਵਲੋਂ ਗੋਲੀਆਂ ਚਲਾਈਆਂ ਗਈਆਂ। ਜਾਣਕਾਰੀ ਮੁਤਾਬਕ ਮਾਡਲ ਟਾਊਨ ਇਲਾਕੇ ਵਿਚ ਰਹਿਣ ਵਾਲੇ ਵਾਈਨ ਕੰਟਰੈਕਟਰ ਨਰੇਸ਼ ਅਗਰਵਾਲ ਦੇ ਘਰ ਦੇ ਬਾਹਰ 2 ਨਕਾਬਪੋਸ਼ ਬਾਈਕ ਸਵਾਰ ਨੌਜਵਾਨਾਂ ਨੇ ਦਰਜਨ ਦੇ ਕਰੀਬ ਗੋਲੀਆਂ ਚਲਾਈਆਂ, ਜਿਸ ਵਿਚ ਉਨ੍ਹਾਂ ਦਾ ਨਿੱਜੀ ਗਾਰਡ ਮਲਕੀਤ ਸਿੰਘ ਜ਼ਖ਼ਮੀ ਹੋ ਗਿਆ। ਗੋਲੀਬਾਰੀ ਦੀ ਸੂਚਨਾ ਮਿਲਦੇ ਹੀ ਐੱਸ. ਪੀ. (ਡੀ) ਧਰਮਵੀਰ ਸਿੰਘ, ਡੀ. ਐੱਸ. ਪੀ. (ਆਰ) ਸਤਿੰਦਰ ਕੁਮਾਰ ਚੱਢਾ ਦੇ ਨਾਲ ਥਾਣਾ ਮਾਡਲ ਟਾਊਨ ਦੇ ਐੱਸ. ਐੱਚ. ਓ. ਇੰਸ. ਵਿਕਰਮ ਸਿੰਘ, ਸੀ. ਆਈ. ਏ. ਸਟਾਫ ਦੇ ਮੁਖੀ ਇੰਸ. ਗੋਬਿੰਦਰ ਕੁਮਾਰ ਬੰਟੀ ਪੁਲਸ ਟੀਮ ਨਾਲ ਮੌਕੇ 'ਤੇ ਪਹੁੰਚੇ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ।
ਪਿਛਲੇ 3 ਮਹੀਨਿਆਂ ਤੋਂ ਮਿਲ ਰਹੀਆਂ ਸਨ ਧਮਕੀਆਂ
ਜ਼ਿਕਰਯੋਗ ਹੈ ਕਿ ਨਰੇਸ਼ ਨੇ ਕਰੀਬ 3 ਮਹੀਨੇ ਪਹਿਲਾਂ ਪੁਲਸ ਨੂੰ ਸ਼ਿਕਾਇਤ ਦਿੱਤੀ ਸੀ ਕਿ ਉਸਨੂੰ ਇਕ ਗਿਰੋਹ ਵਲੋਂ ਲਗਾਤਾਰ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ ਕਿ 50 ਲੱਖ ਰੁਪਏ ਦਿਓ, ਨਹੀਂ ਤਾਂ ਤੁਹਾਡੇ ਪੋਤੇ ਨੂੰ ਚੁੱਕ ਲਵਾਂਗੇ। ਉਨ੍ਹਾਂ ਨੇ ਪੁਲਸ ਤੋਂ ਸੁਰੱਖਿਆ ਲਈ ਇਕ ਗਾਰਡ ਦੀ ਵੀ ਮੰਗ ਕੀਤੀ ਸੀ। ਮਿਲੀ ਜਾਣਕਾਰੀ ਅਨੁਸਾਰ ਪੁਲਸ ਨੇ ਇਸ ਪੂਰੇ ਮਾਮਲੇ ਦੀ ਜਾਂਚ ਵੀ ਕੀਤੀ ਸੀ ਪਰ ਇਸ 'ਤੇ ਕੋਈ ਕਾਰਵਾਈ ਨਹੀਂ ਹੋ ਸਕੀ। ਗੋਲੀਬਾਰੀ ਕਰਨ ਵਾਲੇ ਦੋਵੇਂ ਬਾਈਕ ਸਵਾਰ ਘਰ ਦੇ ਬਾਹਰ ਲੱਗੇ ਸੀ. ਸੀ. ਟੀ. ਵੀ. ਕੈਮਰੇ 'ਚ ਕੈਦ ਹੋ ਗਏ। ਪੁਲਸ ਜਾਂਚ ਦੌਰਾਨ ਪਤਾ ਚਲਿਆ ਕਿ ਹਮਲਾਵਰ ਦੋ ਵਾਰ ਘਰ ਦੀ ਰੇਕੀ ਕਰ ਕੇ ਗਏ ਅਤੇ ਜਦੋਂ ਬਾਕੀ ਗਾਰਡਜ਼ ਖਾਣਾ ਖਾਣ ਚਲੇ ਗਏ ਤਾਂ ਉਸ ਤੋਂ ਬਾਅਦ ਹਮਲਾਵਰਾਂ ਨੇ ਗੋਲੀਆਂ ਚਲਾਈਆਂ, ਜਦੋਂ ਉਨ੍ਹਾਂ ਦਾ ਨਿੱਜੀ ਗਾਰਡ ਘਰ ਵਿਚ ਇਕੱਲਾ ਸੀ। ਮੌਕੇ 'ਤੇ ਮੌਜੂਦ ਐੱਸ. ਪੀ. (ਡੀ) ਧਰਮਵੀਰ ਸਿੰਘ ਨੇ ਦੱਸਿਆ ਕਿ ਬਾਕੀ ਘਰਾਂ ਦੇ ਬਾਹਰ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਵਿਚ ਹਮਲਾਵਰ ਕੈਦ ਹੋ ਚੁੱਕੇ ਹਨ। ਪੁਲਸ ਜਲਦ ਇਨ੍ਹਾਂ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਵੇਗੀ।
ਧੁੰਦ ਦੌਰਾਨ ਹੋਣ ਵਾਲੇ ਸੜਕ ਹਾਦਸਿਆਂ ਨੂੰ ਟਾਲਣ ਲਈ ਐਡਵਾਈਜ਼ਰੀ ਜਾਰੀ
NEXT STORY