ਬਠਿੰਡਾ(ਵਰਮਾ)-ਸਥਾਨਕ ਭੱਟੀ ਰੋਡ ਨਜ਼ਦੀਕ ਬਣੇ ਨਿੱਜੀ ਹਸਪਤਾਲ 'ਚ ਉਸ ਵੇਲੇ ਹੰਗਾਮਾ ਹੋ ਗਿਆ, ਜਦੋਂ ਬਜ਼ੁਰਗ ਔਰਤ ਨੇ ਦੋਸ਼ ਲਾਇਆ ਕਿ ਇਲਾਜ ਦੇ ਨਾਂ 'ਤੇ ਬਿਨਾਂ ਆਪ੍ਰੇਸ਼ਨ ਕੀਤੇ ਡਾਕਟਰਾਂ ਨੇ ਪੂਰੀ ਫੀਸ ਵਸੂਲ ਲਈ, ਦਰਦ ਨਾ ਠੀਕ ਹੋਣ ਦੀ ਸ਼ਿਕਾਇਤ ਕੀਤੀ ਤਾਂ ਹਸਪਤਾਲ ਸਟਾਫ ਨੇ ਉਸ ਦੀ ਕੁੱਟ-ਮਾਰ ਸ਼ੁਰੂ ਕਰ ਦਿੱਤੀ। ਮੰਗਲਵਾਰ ਦੁਪਹਿਰ ਨੂੰ ਤਲਵੰਡੀ ਵਾਸੀ 60 ਸਾਲਾ ਸੀਤਾ ਦੇਵੀ ਰੀੜ੍ਹ ਦੀ ਹੱਡੀ ਦੇ ਦਰਦ ਨੂੰ ਲੈ ਕੇ ਨਿੱਜੀ ਹਸਪਤਾਲ ਪਹੁੰਚੀ ਅਤੇ ਡਾਕਟਰ ਨੂੰ ਲਗਾਤਾਰ ਦਰਦ ਹੋਣ ਦੀ ਸ਼ਿਕਾਇਤ ਕੀਤੀ। ਬਜ਼ੁਰਗ ਔਰਤ ਨਾਲ ਉਸਦਾ ਭਾਣਜਾ ਅਸ਼ੋਕ ਕੁਮਾਰ ਵੀ ਸੀ, ਨੇ ਦੱਸਿਆ ਕਿ 27 ਫਰਵਰੀ ਨੂੰ ਰੀੜ੍ਹ ਦੀ ਹੱਡੀ ਦੇ ਇਲਾਜ ਲਈ ਉਸਦੀ ਮਾਸੀ ਨੂੰ ਹਪਸਤਾਲ ਦਾਖਲ ਕਰਵਾਇਆ ਗਿਆ ਸੀ। ਡਾਕਟਰ ਲਗਾਤਾਰ 4 ਦਿਨ ਦਵਾਈ ਦਿੰਦੇ ਰਹੇ ਅਤੇ ਪੰਜਵੇਂ ਦਿਨ ਆਪ੍ਰੇਸ਼ਨ ਦੇ ਨਾਂ 'ਤੇ ਉਨ੍ਹਾਂ ਕੋਲੋਂ 1 ਲੱਖ 20 ਹਜ਼ਾਰ ਰੁਪਏ ਵਸੂਲ ਕਰ ਲਏ ਗਏ, ਜਦਕਿ ਆਪ੍ਰੇਸ਼ਨ ਕੀਤਾ ਹੀ ਨਹੀਂ ਅਤੇ 5 ਦਿਨ ਬਾਅਦ ਛੁੱਟੀ ਦੇ ਦਿੱਤੀ। ਮਰੀਜ਼ ਦਾ ਦਰਦ ਲਗਾਤਾਰ ਵਧਦਾ ਗਿਆ। ਮੰਗਲਵਾਰ ਨੂੰ ਉਹ ਫਿਰ ਉਸ ਨੂੰ ਹਸਪਤਾਲ ਵਿਚ ਆਏ ਤਾਂ ਡਾਕਟਰਾਂ ਨੇ ਕਿਹਾ ਕਿ ਉਹ ਦਵਾਈ ਦਿੰਦੇ ਰਹਿਣ ਅਤੇ ਕਿਸੇ ਵੀ ਡਾਕਟਰ ਕੋਲ ਨਾ ਜਾਣ ਪਰ ਉਹ ਮਰੀਜ਼ ਨੂੰ ਸਿਵਲ ਹਸਪਤਾਲ ਲੈ ਗਏ, ਜਿਥੇ ਡਾਕਟਰਾਂ ਨੇ ਕਿਹਾ ਕਿ ਉਸਦਾ ਆਪ੍ਰੇਸ਼ਨ ਹੋਇਆ ਹੀ ਨਹੀਂ ਹੈ। ਇਸ ਨੂੰ ਲੈ ਕੇ ਗੁੱਸੇ 'ਚ ਆਏ ਰੋਗੀ ਦੇ ਪਰਿਵਾਰਕ ਮੈਂਬਰਾਂ ਨੇ ਹਸਪਤਾਲ ਬਾਹਰ ਹੰਗਾਮਾ ਸ਼ੁਰੂ ਕਰ ਦਿੱਤਾ ਅਤੇ ਦੇਖਦੇ ਹੀ ਦੇਖਦੇ ਉਥੇ ਵੱਡੀ ਗਿਣਤੀ ਪੁਲਸ ਪਹੁੰਚ ਗਈ। ਪੁਲਸ ਨੇ ਸੂਝ-ਬੂਝ ਨਾਲ ਸਬੂਤ ਦਿੰਦਿਆਂ ਡਾਕਟਰਾਂ ਤੇ ਮਰੀਜ਼ ਦੇ ਪਰਿਵਾਰਕ ਮੈਂਬਰਾਂ ਨਾਲ ਮੀਟਿੰਗ ਕਰਵਾਈ ਅਤੇ ਕਿਸੇ ਹੋਰ ਹਸਪਤਾਲ ਤੋਂ ਇਲਾਜ ਕਰਵਾਉਣ ਅਤੇ ਖਰਚ ਡਾਕਟਰ ਵੱਲੋਂ ਦੇਣ ਦੀ ਸਹਿਮਤੀ ਨਾਲ ਮਾਮਲਾ ਹੱਲ ਹੋਇਆ।
ਕੀ ਕਹਿਣੈ ਡਾਕਟਰ ਦਾ
ਹਸਪਤਾਲ ਦੇ ਡਾਕਟਰ ਨੇ ਦੱਸਿਆ ਕਿ ਮਰੀਜ਼ ਦੀ ਰੀੜ੍ਹ ਦੀ ਹੱਡੀ ਵਿਚ ਨੁਕਸ ਸੀ, ਜਿਸ ਦਾ ਦੂਰਬੀਨ ਰਾਹੀਂ ਆਪ੍ਰੇਸ਼ਨ ਕੀਤਾ ਗਿਆ ਸੀ। ਉਸ ਤੋਂ ਬਾਅਦ ਉਹ ਬਿਲਕੁਲ ਠੀਕ ਹੋ ਗਈ ਸੀ ਅਤੇ ਉਹ ਹਸਪਤਾਲ ਤੋਂ ਛੁੱਟੀ ਲੈ ਕੇ ਚਲ ਗਈ। ਉਨ੍ਹਾਂ ਦੱਸਿਆ ਕਿ ਮੰਗਲਵਾਰ ਦੁਪਹਿਰ ਨੂੰ ਪੀੜਤ ਔਰਤ ਆਪਣੇ 20-25 ਸਾਥੀਆਂ ਨਾਲ ਹਸਪਤਾਲ ਆਈ ਅਤੇ ਉਨ੍ਹਾਂ ਨੇ ਬਿਨਾਂ ਕੋਈ ਗੱਲ ਕੀਤੇ ਹਸਪਤਾਲ ਵਿਚ ਹੰਗਾਮਾ ਕੀਤਾ, ਭੰਨ-ਤੋੜ ਕੀਤੀ ਅਤੇ ਹਸਪਤਾਲ ਕਰਮਚਾਰੀਆਂ ਨਾਲ ਕੁੱਟ-ਮਾਰ ਵੀ ਕੀਤੀ।
ਯੂਥ ਕਾਂਗਰਸੀਆਂ ਨੇ ਫੂਕਿਆ ਕੇਂਦਰ ਸਰਕਾਰ ਦਾ ਪੁਤਲਾ
NEXT STORY