ਅੰਮ੍ਰਿਤਸਰ, (ਦਲਜੀਤ)- ਗੁਰੂ ਨਾਨਕ ਦੇਵ ਹਸਪਤਾਲ ਦੇ ਮੈਡੀਕਲ ਸੁਪਰਡੈਂਟ ਵੱਲੋਂ ਐਮਰਜੈਂਸੀ 'ਚ ਇਕ ਵਿਅਕਤੀ ਨੂੰ ਮਾਰੀਆਂ ਚਪੇੜਾਂ ਦੇ ਮਾਮਲੇ 'ਚ ਕਾਂਗਰਸੀ ਵਿਧਾਇਕਾਂ ਤੇ ਸੰਸਦ ਮੈਂਬਰਾਂ ਵੱਲੋਂ ਅਧਿਕਾਰੀ ਨੂੰ ਕਲੀਨ ਚਿੱਟ ਦੇ ਦਿੱਤੀ ਗਈ ਹੈ। ਕਾਂਗਰਸੀ ਨੇਤਾਵਾਂ ਨੇ ਹਸਪਤਾਲ 'ਚ ਦਾਖਲ ਦੁਰਘਟਨਾ ਦੇ ਸ਼ਿਕਾਰ ਮਰੀਜ਼ਾਂ ਦਾ ਅੱਜ ਜਿਥੇ ਹਾਲ-ਚਾਲ ਪੁੱਛਿਆ, ਉਥੇ ਹੀ ਉਕਤ ਘਟਨਾਕ੍ਰਮ ਸਬੰਧੀ ਵਿਸਥਾਰ ਨਾਲ ਮਰੀਜ਼ਾਂ ਤੇ ਉਨ੍ਹਾਂ ਦੇ ਵਾਰਿਸਾਂ ਨਾਲ ਗੱਲਬਾਤ ਕੀਤੀ।
ਜਾਣਕਾਰੀ ਅਨੁਸਾਰ ਮੈਡੀਕਲ ਸੁਪਰਡੈਂਟ ਵੱਲੋਂ ਵਿਅਕਤੀ ਨੂੰ ਮਾਰੀਆਂ ਚਪੇੜਾਂ ਤੋਂ ਬਾਅਦ ਅੱਜ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ, ਵਿਧਾਇਕ ਓਮ ਪ੍ਰਕਾਸ਼ ਸੋਨੀ, ਵਿਧਾਇਕ ਡਾ. ਰਾਜ ਕੁਮਾਰ ਤੇ ਜ਼ਿਲਾ ਕਾਂਗਰਸ ਕਮੇਟੀ ਦੇ ਪ੍ਰਧਾਨ ਜੁਗਲ ਕਿਸ਼ੋਰ ਸ਼ਰਮਾ ਮਰੀਜ਼ਾਂ ਦਾ ਹਾਲ-ਚਾਲ ਪੁੱਛ ਰਹੇ ਸਨ। ਇਨ੍ਹਾਂ ਨੇਤਾਵਾਂ ਨੇ ਮਰੀਜ਼ਾਂ ਦੇ ਪਰਿਵਾਰਕ ਮੈਂਬਰਾਂ ਨਾਲ ਗੱਲਬਾਤ ਕੀਤੀ ਕਿ ਹਸਪਤਾਲ 'ਚ ਮਰੀਜ਼ਾਂ ਦੇ ਇਲਾਜ ਲਈ ਦਵਾਈ ਬਾਹਰ ਤੋਂ ਤਾਂ ਨਹੀਂ ਮੰਗਵਾਈ ਗਈ, ਹਸਪਤਾਲ ਦੇ ਕਿਸੇ ਕਰਮਚਾਰੀ ਨੇ ਮਰੀਜ਼ਾਂ ਨਾਲ ਦੁਰਵਿਵਹਾਰ ਤਾਂ ਨਹੀਂ ਕੀਤਾ ਪਰ ਕਿਸੇ ਵੀ ਮਰੀਜ਼ ਨੇ ਹਸਪਤਾਲ ਪ੍ਰਸ਼ਾਸਨ ਵਿਰੁੱਧ ਕੁਝ ਨਹੀਂ ਕਿਹਾ।
ਵਿਧਾਇਕ ਓਮ ਪ੍ਰਕਾਸ਼ ਸੋਨੀ ਤੇ ਡਾ. ਰਾਜ ਕੁਮਾਰ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਮਰੀਜ਼ਾਂ ਦਾ ਮੁਫਤ ਇਲਾਜ ਹਸਪਤਾਲ 'ਚ ਕੀਤਾ ਜਾ ਰਿਹਾ ਹੈ ਤੇ ਮਰੀਜ਼ਾਂ ਨੂੰ ਕੋਈ ਪ੍ਰੇਸ਼ਾਨੀ ਨਹੀਂ ਆਉਣ ਦਿੱਤੀ ਜਾ ਰਹੀ। ਵਿਧਾਇਕ ਸੋਨੀ ਨੇ ਦੱਸਿਆ ਕਿ ਜਿਸ ਵਿਅਕਤੀ ਨੂੰ ਮੈਡੀਕਲ ਸੁਪਰਡੈਂਟ ਨੇ ਚਪੇੜਾਂ ਮਾਰੀਆਂ, ਉਹ ਨਾ ਤਾਂ ਮਰੀਜ਼ ਸੀ ਤੇ ਨਾ ਹੀ ਉਨ੍ਹਾਂ ਦਾ ਪਰਿਵਾਰਕ ਮੈਂਬਰ ਸੀ। ਹਸਪਤਾਲ ਪ੍ਰਸ਼ਾਸਨ ਮਰੀਜ਼ਾਂ ਦੀ ਤਨਦੇਹੀ ਨਾਲ ਸੇਵਾ ਕਰ ਰਿਹਾ ਹੈ। ਉਧਰ ਦੂਜੇ ਪਾਸੇ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਕਿਹਾ ਕਿ ਸਰਕਾਰ ਮਰੀਜ਼ਾਂ ਦੇ ਇਲਾਜ ਲਈ ਹਰ ਸੰਭਵ ਯਤਨ ਕਰ ਰਹੀ ਹੈ ਤੇ ਮੈਡੀਕਲ ਸੁਪਰਡੈਂਟ ਵੱਲੋਂ ਵੀ ਤਨਦੇਹੀ ਨਾਲ ਕੰਮ ਕੀਤਾ ਜਾ ਰਿਹਾ ਹੈ। ਦੂਜੇ ਪਾਸੇ ਡਿਪਟੀ ਕਮਿਸ਼ਨਰ ਕਮਲਦੀਪ ਸਿੰਘ ਸੰਘਾ ਦੇ ਨਿਰਦੇਸ਼ਾਂ 'ਤੇ ਤਹਿਸੀਲਦਾਰ ਲਖਵਿੰਦਰਪਾਲ ਸਿੰਘ ਗਿੱਲ ਨੇ ਹਸਪਤਾਲ 'ਚ ਜ਼ਖਮੀ ਮਰੀਜ਼ਾਂ ਦਾ ਹਾਲ-ਚਾਲ ਪੁੱਛਿਆ। ਅਧਿਕਾਰੀਆਂ ਵੱਲੋਂ ਮਰੀਜ਼ਾਂ ਨਾਲ ਕੀਤੀ ਗਈ ਗੱਲਬਾਤ ਦੀ ਬਾਕਾਇਦਾ ਵੀਡੀਓ ਰਿਕਾਡਿੰਗ ਵੀ ਕੀਤੀ ਗਈ। ਮਰੀਜ਼ਾਂ ਨੇ ਹਸਪਤਾਲ ਪ੍ਰਸ਼ਾਸਨ ਵੱਲੋਂ ਵਧੀਆ ਸੇਵਾਵਾਂ ਦਿੱਤੇ ਜਾਣ ਦੀ ਗੱਲ ਅਧਿਕਾਰੀਆਂ ਦੇ ਸਾਹਮਣੇ ਰੱਖੀ।
ਪਿਛਲੇ ਦਿਨ ਹੋਈ ਘਟਨਾ ਤੋਂ ਬਾਅਦ ਮੈਡੀਕਲ ਸੁਪਰਡੈਂਟ ਡਾ. ਰਾਮ ਸਵਰੂਪ ਸ਼ਰਮਾ ਨੇ ਮੀਡੀਆ ਦੇ ਸਨਮੁੱਖ ਹੁੰਦਿਆਂ ਦੱਸਿਆ ਕਿ ਮਰੀਜ਼ਾਂ ਦੇ ਇਲਾਜ 'ਚ ਕੋਈ ਕਮੀ ਨਹੀਂ ਛੱਡੀ ਜਾ ਰਹੀ। ਪਿਛਲੇ ਦਿਨ ਹੋਈ ਘਟਨਾ 'ਚ ਸ਼ਾਮਿਲ ਵਿਅਕਤੀ ਦਾ ਨਾਂ ਮੁਤਸਰ ਮਸੀਹ ਹੈ। ਉਹ ਵਿਅਕਤੀ ਮਰੀਜ਼ਾਂ ਨੂੰ ਹਸਪਤਾਲ ਤੋਂ ਸ਼ਿਫਟ ਕਰਵਾ ਕੇ ਨਿੱਜੀ ਹਸਪਤਾਲ 'ਚ ਲਿਜਾਣ ਲਈ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ 'ਤੇ ਜ਼ੋਰ ਪਾਉਂਦਾ ਹੈ। ਉਸ ਵਿਰੁੱਧ ਪਹਿਲਾਂ ਵੀ ਹਸਪਤਾਲ 'ਚ ਸ਼ਿਕਾਇਤਾਂ ਆ ਚੁੱਕੀਆਂ ਹਨ, ਜਦੋਂ ਉਸ ਨੂੰ ਪਿਛਲੇ ਦਿਨੀਂ ਐਮਰਜੈਂਸੀ 'ਚ ਵੇਖਿਆ ਗਿਆ ਤਾਂ ਉਸ ਸਮੇਂ ਵੀ ਉਹ ਸਰਕਾਰੀ ਸੇਵਾਵਾਂ ਦੀਆਂ ਬੁਰਾਈਆਂ ਕਰਦਾ ਹੋਇਆ ਮਰੀਜ਼ਾਂ ਨੂੰ ਨਿੱਜੀ ਹਸਪਤਾਲ 'ਚ ਜਾਣ ਲਈ ਉਕਸਾ ਰਿਹਾ ਸੀ। ਇਸ ਦੌਰਾਨ ਉਨ੍ਹਾਂ ਨੇ ਗੁੱਸੇ 'ਚ ਆ ਕੇ ਉਸ 'ਤੇ ਹੱਥ ਉਠਾ ਦਿੱਤਾ, ਜੋ ਉਨ੍ਹਾਂ ਨੂੰ ਨਹੀਂ ਕਰਨਾ ਚਾਹੀਦਾ ਸੀ।
ਮੈਡੀਕਲ ਸੁਪਰਡੈਂਟ ਦੇ ਸਮਰਥਨ 'ਚ ਆਈ ਡਾਕਟਰ ਐਸੋਸੀਏਸ਼ਨ : ਮੈਡੀਕਲ ਡੈਂਟਲ ਐਂਡ ਟੀਚਰਜ਼ ਐਸੋਸੀਏਸ਼ਨ ਵੀ ਘਟਨਾਕ੍ਰਮ ਨਾਲ ਸੰਬੰਧਿਤ ਮੈਡੀਕਲ ਸੁਪਰਡੈਂਟ ਡਾ. ਰਾਮ ਸਵਰੂਪ ਸ਼ਰਮਾ ਦੇ ਸਮਰਥਨ 'ਚ ਆ ਗਈ ਹੈ। ਐਸੋਸੀਏਸ਼ਨ ਦੇ ਪ੍ਰਧਾਨ ਡਾ. ਐੱਚ. ਐੱਸ. ਸੋਹਲ ਨੇ ਕਿਹਾ ਕਿ ਡਾਕਟਰ ਵਰਗ ਕਦੇ ਵੀ ਕਿਸੇ ਦਾ ਬੁਰਾ ਨਹੀਂ ਸੋਚ ਸਕਦਾ। ਉਕਤ ਵਿਅਕਤੀ ਵੱਲੋਂ ਹਾਲਾਤ ਹੀ ਅਜਿਹੇ ਪੈਦਾ ਕਰ ਦਿੱਤੇ ਗਏ ਕਿ ਅਧਿਕਾਰੀ ਨੂੰ ਹੱਥ ਚੁੱਕਣਾ ਪਿਆ। ਐਸੋਸੀਏਸ਼ਨ ਮੈਡੀਕਲ ਸੁਪਰਡੈਂਟ ਦੇ ਨਾਲ ਖੜ੍ਹੀ ਹੈ। ਅਧਿਕਾਰੀ ਨੇ ਹਮੇਸ਼ਾ ਹੀ ਤਨਦੇਹੀ ਤੇ ਈਮਾਨਦਾਰੀ ਨਾਲ ਆਪਣਾ ਫਰਜ਼ ਨਿਭਾਇਆ ਹੈ।
3 ਮੋਬਾਇਲ ਦੁਕਾਨਾਂ 'ਚ ਚੋਰੀ
NEXT STORY