ਫਿਲੌਰ (ਭਾਖੜੀ) : ਕੋਰੋਨਾ ਵਾਇਰਸ ਦਾ ਡਰ ਲੋਕਾਂ 'ਚ ਹੀ ਨਹੀਂ, ਸਗੋਂ ਉਸ ਤੋਂ ਵੀ ਕਈ ਗੁਣਾ ਜ਼ਿਆਦਾ ਇਲਾਜ ਕਰਨ ਵਾਲੇ ਡਾਕਟਰਾਂ 'ਚ ਪਾਇਆ ਜਾ ਰਿਹਾ ਹੈ। ਚਾਰ ਹਫਤੇ ਪਹਿਲਾਂ ਆਪਣੇ ਪਰਿਵਾਰ ਦੇ ਨਾਲ ਇਟਲੀ ਤੋਂ ਆਈ ਬਜ਼ੁਰਗ ਔਰਤ ਨੂੰ ਕਿਸੇ ਵੀ ਪ੍ਰਾਈਵੇਟ ਹਸਪਤਾਲ ਵਾਲਿਆਂ ਨੇ ਡਰ ਦੇ ਕਾਰਨ ਇਸ ਲਈ ਦਾਖਲ ਨਹੀਂ ਕੀਤਾ ਕਿ ਔਰਤ ਵਿਦੇਸ਼ ਤੋਂ ਆਈ ਹੈ, ਕਿਤੇ ਕੋਰੋਨਾ ਵਾਇਰਸ ਤੋਂ ਪੀੜਤ ਨਾ ਹੋਵੇ। ਪਰਿਵਾਰਕ ਮੈਂਬਰ ਮਰੀਜ਼ ਨੂੰ ਸਿਵਲ ਹਸਪਤਾਲ ਜਲੰਧਰ ਲੈ ਗਏ, ਉਥੇ ਵੀ ਡਾਕਟਰਾਂ ਵੱਲੋਂ ਸਹੀ ਇਲਾਜ ਨਾ ਹੋਣ ਕਾਰਣ ਮਰੀਜ਼ ਨੇ ਦਮ ਤੋੜ ਦਿੱਤਾ। ਮ੍ਰਿਤਕ ਔਰਤ ਦੇ ਪੋਤੇ ਕੋਮਲ ਸਿੰਘ ਨੇ ਦੱਸਿਆ ਕਿ ਉਹ ਆਪਣੀ ਬਿਰਧ ਦਾਦੀ ਨਿਰੰਜਣ ਕੌਰ (75) ਨਾਲ ਚਾਰ ਹਫਤੇ ਪਹਿਲਾਂ ਇਟਲੀ ਤੋਂ ਫਿਲੌਰ 'ਚ ਪੈਂਦੇ ਆਪਣੇ ਪਿੰਡ ਗੜ੍ਹਾ 'ਚ ਆਏ ਸਨ, ਜਿੱਥੇ ਪਿਛਲੇ 4 ਹਫਤਿਆਂ ਤੋਂ ਪਰਿਵਾਰ ਦੇ ਪੂਰੇ ਮੈਂਬਰ ਬਿਲਕੁਲ ਸਿਹਤਮੰਦ ਰਹੇ। 2 ਦਿਨ ਪਹਿਲਾਂ ਉਹ ਆਪਣੀ ਦਾਦੀ ਨਿਰੰਜਣ ਕੌਰ ਨਾਲ ਨੂਰਮਹਿਲ 'ਚ ਪੈਂਦੇ ਪਿੰਡ ਵਿਚ ਰਿਸ਼ਤੇਦਾਰ ਦੇ ਵਿਆਹ 'ਚ ਹਿੱਸਾ ਲੈਣ ਚਲੇ ਗਏ। ਉਸ ਦੀ ਦਾਦੀ ਸ਼ੂਗਰ ਦੀ ਮਰੀਜ਼ ਸੀ। ਉਥੇ ਮਿੱਠਾ ਖਾਣ ਨਾਲ ਉਨ੍ਹਾਂ ਦੀ ਸਿਹਤ ਅਚਾਨਕ ਖਰਾਬ ਹੋ ਗਈ। ਉਹ ਤੁਰੰਤ ਆਪਣੀ ਦਾਦੀ ਨੂੰ ਨੂਰਮਹਿਲ ਦੇ ਇਕ ਨਿੱਜੀ ਹਸਪਤਾਲ 'ਚ ਲੈ ਗਏ।
ਜਿਉਂ ਹੀ ਉਥੇ ਜਾ ਕੇ ਉਨ੍ਹਾਂ ਨੇ ਹਸਪਤਾਲ ਦੇ ਸਟਾਫ ਨੂੰ ਦੱਸਿਆ ਕਿ ਉਨ੍ਹਾਂ ਦੀ ਦਾਦੀ ਨਿਰੰਜਣ ਕੌਰ ਇਟਲੀ ਤੋਂ ਆਈ ਹੈ ਤਾਂ ਉਥੋਂ ਦਾ ਸਟਾਫ ਮਰੀਜ਼ ਨੂੰ ਦੇਖਦੇ ਹੀ ਇਕਦਮ ਅਲਰਟ ਹੋ ਗਿਆ ਅਤੇ ਉਨ੍ਹਾਂ ਕਿਹਾ ਕਿ ਤੁਸੀਂ ਇਨ੍ਹਾਂ ਨੂੰ ਤੁਰੰਤ ਕਿਸੇ ਹੋਰ ਹਸਪਤਾਲ ਲੈ ਜਾਓ। ਉਹ ਉਥੋਂ ਦੇ ਹੀ ਇਕ ਹੋਰ ਹਸਪਤਾਲ ਵਿਚ ਪੁੱਜੇ ਤਾਂ ਪਹਿਲਾਂ ਸਟਾਫ ਦੇ ਲੋਕ ਜੋ ਉਨ੍ਹਾਂ ਦੇ ਮਰੀਜ਼ ਨੂੰ ਤੁਰੰਤ ਅੰਦਰ ਲੈ ਗਏ ਸਨ, ਉਹ ਵੀ ਇਟਲੀ ਦਾ ਨਾਂ ਸੁਣਦੇ ਹੀ ਇਕਦਮ ਘਬਰਾ ਗਏ ਅਤੇ ਉਥੋਂ ਦੇ ਸਟਾਫ ਨੇ ਵੀ ਉਹੀ ਜਵਾਬ ਦਿੱਤਾ। ਉਨ੍ਹਾਂ ਫੈਸਲਾ ਲਿਆ ਕਿ ਉਹ ਤੁਰੰਤ ਜਲੰਧਰ ਦੇ ਵੱਡੇ ਹਸਪਤਾਲ ਵਿਚ ਆਪਣੀ ਦਾਦੀ ਨੂੰ ਇਲਾਜ ਲਈ ਲੈ ਕੇ ਜਾਣਗੇ।
ਇਟਲੀ ਦਾ ਨਾਂ ਸੁਣਦੇ ਹੀ ਇਲਾਜ ਕਰਨ ਤੋਂ ਕੀਤਾ ਮਨ੍ਹਾ
ਖੱਜਲ-ਖੁਆਰ ਹੁੰਦੇ ਜਲੰਧਰ ਦੇ ਇਕ ਵੱਡੇ ਹਸਪਤਾਲ ਪੁੱਜੇ ਤਾਂ ਉਥੋਂ ਦੇ ਡਾਕਟਰਾਂ ਨੇ ਵੀ ਇਟਲੀ ਦਾ ਨਾਂ ਸੁਣਦੇ ਹੀ ਇਲਾਜ ਕਰਨ ਤੋਂ ਮਨ੍ਹਾ ਕਰ ਦਿੱਤਾ ਤਾਂ ਉਹ ਆਪਣੀ ਦਾਦੀ ਨੂੰ ਸਿਵਲ ਹਸਪਤਾਲ ਲੈ ਗਏ। ਇਥੇ ਵੀ ਇਟਲੀ ਦਾ ਨਾਂ ਸੁਣ ਕੇ ਹਸਪਤਾਲ ਸਟਾਫ 'ਚ ਬੇਚੈਨੀ ਛਾ ਗਈ ਅਤੇ ਸਹੀ ਇਲਾਜ ਨਾ ਹੋਣ ਕਾਰਣ ਉਨ੍ਹਾਂ ਦੀ ਦਾਦੀ ਨੇ ਆਖਿਰਕਾਰ ਦਮ ਤੋੜ ਦਿੱਤਾ।
ਸਰਕਾਰ ਦੇ ਕੋਰੋਨਾ ਸਬੰਧੀ ਪੂਰੇ ਪ੍ਰਬੰਧ ਕਰਨ ਦੇ ਦਾਅਵੇ ਖੋਖਲੇ
ਇਕ ਪਾਸੇ ਤਾਂ ਇਥੋਂ ਦੀਆਂ ਸਰਕਾਰਾਂ ਵੱਡੇ-ਵੱਡੇ ਦਾਅਵੇ ਕਰ ਰਹੀਆਂ ਹਨ ਕਿ ਉਨ੍ਹਾਂ ਨੇ ਕੋਰੋਨਾ ਵਾਇਰਸ ਵਰਗੀ ਬੀਮਾਰੀ ਨਾਲ ਨਜਿੱਠਣ ਲਈ ਸਾਰੇ ਹਸਪਤਾਲਾਂ ਦੇ ਡਾਕਟਰਾਂ ਨੂੰ ਅਲਰਟ ਕਰ ਦਿੱਤਾ ਹੈ ਅਤੇ ਪੂਰੇ ਪ੍ਰਬੰਧ ਮੁਕੰਮਲ ਕਰ ਦਿੱਤੇ ਗਏ ਹਨ ਪਰ ਇਹ ਸਭ ਸਿਰਫ ਬਿਆਨਬਾਜ਼ੀ ਹੀ ਹੈ। ਇੱਥੋਂ ਦੇ ਲੋਕਾਂ ਤੋਂ ਜ਼ਿਆਦਾ ਤਾਂ ਡਾਕਟਰਾਂ ਵਿਚ ਇਸ ਬੀਮਾਰੀ ਦਾ ਡਰ ਹੈ ਜੋ ਵਿਦੇਸ਼ ਤੋਂ ਆਏ ਮਰੀਜ਼ਾਂ ਦੀ ਕਿਸੇ ਹੋਰ ਬੀਮਾਰੀ ਵਿਚ ਵੀ ਇਲਾਜ ਨਹੀਂ ਕਰ ਰਹੇ। ਜੇਕਰ ਪ੍ਰਦੇਸ਼ ਦੇ ਹਸਪਤਾਲਾਂ 'ਚ ਹਾਲਾਤ ਇਸੇ ਤਰ੍ਹਾਂ ਦੇ ਰਹੇ ਤਾਂ ਵਿਦੇਸ਼ੋਂ ਆਏ ਐੱਨ. ਆਰ. ਆਈ. ਆਪਣਾ ਇਲਾਜ ਕਿਵੇਂ ਕਰਵਾ ਸਕਣਗੇ।
ਇਹ ਵੀ ਪੜ੍ਹੋ ► ਮੌੜ ਮੰਡੀ 'ਚ ਛੱਤ ਡਿੱਗਣ ਕਾਰਨ ਇਕੋਂ ਪਰਿਵਾਰ ਦੇ 3 ਜੀਆਂ ਦੀ ਮੌਤ
ਇਹ ਵੀ ਪੜ੍ਹੋ ► ਫਾਹਾ ਲੈਣ ਵਾਲੇ ਵਿਦਿਆਰਥੀ ਦੀ ਪੋਸਟਮਾਰਟਮ ਰਿਪੋਰਟ ਆਈ ਸਾਹਮਣੇ, ਖੁੱਲ੍ਹੇ ਸਕੂਲ ਦੇ ਰਾਜ਼
ਇਹ ਵੀ ਪੜ੍ਹੋ ► ਪੰਜਾਬ ਸਰਕਾਰ ਦੀ 'ਡੈਪੋ ਮੁਹਿੰਮ' ਹੋਈ ਅਸਰਦਾਰ ਸਾਬਿਤ
ਪੰਜਾਬ ਸਰਕਾਰ ਦੀ 'ਡੈਪੋ ਮੁਹਿੰਮ' ਹੋਈ ਅਸਰਦਾਰ ਸਾਬਿਤ
NEXT STORY