ਬਰਨਾਲਾ (ਵਿਵੇਕ ਸਿੰਧਵਾਨੀ) : ਸੂਬੇ 'ਚੋਂ ਨਸ਼ਿਆਂ ਦੇ ਖਾਤਮੇ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਚਲਾਈ ਗਈ 'ਡੈਪੋ ਮੁਹਿੰਮ' ਨੂੰ ਬਰਨਾਲਾ ਜ਼ਿਲੇ 'ਚ ਸਫ਼ਲਤਾਪੂਰਵਕ ਲਾਗੂ ਕੀਤਾ ਜਾ ਰਿਹਾ ਹੈ, ਜਿਸ ਸਦਕਾ ਨੌਜਵਾਨਾਂ ਨੂੰ ਨਸ਼ਿਆਂ ਵਿਰੁੱਧ ਡਟਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ। ਇਸੇ ਮੁਹਿੰਮ ਸਦਕਾ ਜ਼ਿਲਾ ਬਰਨਾਲਾ ਨਾਲ ਸਬੰਧਤ ਇਕ 27 ਸਾਲਾ ਨੌਜਵਾਨ ਨੇ ਨਸ਼ਿਆਂ ਨੂੰ ਹਮੇਸ਼ਾ ਲਈ ਛੱਡ ਕੇ ਕੁਝ ਸਮਾਂ ਪਹਿਲਾਂ ਹੋਈਆਂ ਪੰਚਾਇਤੀ ਚੋਣਾਂ 'ਚ ਆਪਣੇ ਪਿੰਡ 'ਚ ਮੈਂਬਰ ਵਜੋਂ ਚੋਣ ਵੀ ਜਿੱਤੀ ਹੈ। ਆਪ ਬੀਤੀ ਦੱਸਦਿਆਂ ਪਰਵੀਨ (ਕਾਲਪਨਿਕ ਨਾਂ) ਨੇ ਦੱਸਿਆ ਕਿ ਉਸ ਦੀ ਉਮਰ 27 ਸਾਲ ਹੈ ਅਤੇ ਲਗਭਗ 20 ਸਾਲ ਦੀ ਉਮਰ 'ਚ ਉਸ ਨੇ ਚੰਡੀਗੜ੍ਹ ਵਿਖੇ ਪਹਿਲੀ ਵਾਰ ਆਪਣੇ ਦੋਸਤਾਂ ਨਾਲ 'ਚਿੱਟੇ' ਦਾ ਨਸ਼ਾ ਕੀਤਾ ਸੀ। ਇਕ ਵਾਰ ਸ਼ੌਕ ਵਜੋਂ ਕੀਤੇ ਨਸ਼ੇ ਨੇ ਉਸ ਨੂੰ ਆਪਣਾ ਗੁਲਾਮ ਬਣਾ ਲਿਆ ਅਤੇ ਉਹ ਵਾਰ-ਵਾਰ ਅੰਮ੍ਰਿਤਸਰ ਤੱਕ ਨਸ਼ਾ ਲੈਣ ਜਾਂਦਾ ਰਿਹਾ। ਉਸ ਨੇ ਦੱਸਿਆ ਕਿ ਪਹਿਲਾਂ ਪਹਿਲ ਤਾਂ ਥੋੜ੍ਹੇ ਨਸ਼ੇ ਨਾਲ ਸਰ ਜਾਂਦਾ ਸੀ ਪਰ ਬਾਅਦ 'ਚ ਉਹ ਟੀਕਿਆਂ ਦਾ ਵੀ ਆਦੀ ਹੋ ਗਿਆ ਸੀ।
ਪਰਵੀਨ ਨੇ ਦੱਸਿਆ ਕਿ ਨਸ਼ੇ ਦਾ ਖ਼ਰਚਾ ਚੁੱਕਣ ਲਈ ਉਸ ਨੇ ਘਰ ਦੀ ਖੇਤੀਬਾੜੀ ਅਤੇ ਹੋਰ ਆਰਥਿਕ ਜ਼ਿੰਮੇਵਾਰੀਆਂ ਵੀ ਆਪਣੇ ਮੋਢਿਆਂ 'ਤੇ ਚੁੱਕ ਲਈਆਂ ਤਾਂ ਜੋ ਕਿਸੇ ਪਰਿਵਾਰਕ ਮੈਂਬਰ ਨੂੰ ਵੀ ਉਸ ਵੱਲੋਂ ਨਸ਼ੇ 'ਤੇ ਉਜਾੜੇ ਜਾ ਰਹੇ ਪੈਸਿਆਂ ਦਾ ਹਿਸਾਬ ਕਿਤਾਬ ਨਾ ਦੇਣਾ ਪਵੇ। ਉਸ ਨੇ ਦੱਸਿਆ ਕਿ ਉਨ੍ਹਾਂ ਦਾ ਪਰਿਵਾਰ ਆਪਣੀ ਜ਼ੱਦੀ ਜ਼ਮੀਨ ਦੇ ਨਾਲ-ਨਾਲ ਹਿੱਸੇ-ਠੇਕੇ 'ਤੇ ਲੈ ਕੇ ਵੀ ਖੇਤੀਬਾੜੀ ਕਰਦਾ ਸੀ ਪਰ ਜਦੋਂ ਖੇਤੀਬਾੜੀ ਦੀ ਆਮਦਨ ਤੋਂ ਵੀ ਉਸ ਦੇ ਨਸ਼ੇ ਦੇ ਪੈਸਿਆਂ ਦਾ ਖ਼ਰਚਾ ਪੂਰਾ ਨਾ ਹੋਇਆ ਤਾਂ ਉਸ ਨੇ 10,000 ਮੁਰਗਿਆਂ ਦਾ ਇਕ ਪੋਲਟਰੀ ਫਾਰਮ ਵੀ ਠੇਕੇ 'ਤੇ ਲੈ ਲਿਆ। ਉਸ ਨੇ ਦੱਸਿਆ ਕਿ ਘਾਟਾ ਪੈਣ ਕਾਰਨ ਪਰਿਵਾਰ 'ਚ ਕਲੇਸ਼ ਰਹਿਣ ਲੱਗ ਪਿਆ ਤੇ ਉਸ ਨੂੰ ਖ਼ੁਦ ਨਸ਼ਿਆਂ ਦੀ ਆਦਤ ਉੱਤੇ ਕਾਬੂ ਪਾਉਣਾ ਔਖਾ ਹੋ ਗਿਆ। ਉਸ ਨੇ ਦੱਸਿਆ ਕਿ ਪੁਲਸ ਦੀ ਸਖ਼ਤਾਈ ਤੇ ਪੰਜਾਬ ਸਰਕਾਰ ਦੀ 'ਡੈਪੋ ਮੁਹਿੰਮ' ਅਧੀਨ ਖੁਸ਼ਹਾਲੀ ਦੇ ਰਾਖੇ (ਜੀ. ਓ. ਜੀਜ਼) ਵੱਲੋਂ ਕੀਤੀ ਗਈ ਕਾਊਂਸਲਿੰਗ ਰਾਹੀਂ ਦਿੱਤੀ ਗਈ ਪ੍ਰੇਰਣਾ ਸਦਕਾ ਇਕ ਦਿਨ ਉਸ ਨੇ ਨਸ਼ਾ ਛੱਡਣ ਦਾ ਮਨ ਬਣਾ ਲਿਆ। ਉਸ ਨੇ ਦੱਸਿਆ ਕਿ ਨਸ਼ਾ ਛੱਡਣ ਤੋਂ ਬਾਅਦ ਪੈਣ ਵਾਲੀ ਖੋਹ ਦੇ ਇਲਾਜ ਲਈ ਇਕ ਮਹੀਨੇ ਤੋਂ ਜ਼ਿਆਦਾ ਸਮਾਂ ਉਸ ਨੂੰ ਹਸਪਤਾਲ ਵੀ ਰਹਿਣਾ ਪਿਆ ਪਰ ਬਾਅਦ 'ਚ ਦਵਾਈਆਂ ਦੀ ਮਦਦ ਨਾਲ ਉਸ ਨੇ ਨਸ਼ਿਆਂ ਦੇ ਸੇਵਨ ਦੀ ਆਪਣੀ ਭੈੜੀ ਆਦਤ 'ਤੇ ਕਾਬੂ ਪਾ ਲਿਆ।
ਕੋਰੋਨਾ ਵਾਇਰਸ ਦੇ ਚੱਲਦਿਆਂ ਸਕੂਲਾਂ 'ਚ ਸਵੇਰ ਦੀ ਸਭਾ ਮੁਲਤਵੀ
NEXT STORY