ਝਬਾਲ/ਬੀੜ ਸਾਹਿਬ, ( ਲਾਲੂ ਘੁੰਮਣ, ਬਖਤਾਵਰ)- ਰਾਜਪੁਰਾ ਤੋਂ ਪਿੰਡ ਜਗਤਪੁਰਾ ਤੱਕ ਪੁੱਜ ਰਹੀ ਹਜ਼ਾਰਾਂ ਲੀਟਰ ਅਲਕੋਹਲ ਦੇ ਪਿੱਛੇ ਆਖਿਰ ਕੀ ਸਿਆਸਤ ਚੱਲ ਰਹੀ ਹੈ ਅਤੇ ਕੌਣ ਹੈ ਇਸ ਸਮੱਗਲਿੰਗ ਦਾ ਮੁੱਖ ਸਰਗਨਾ? ਇਹ ਗੱਲ ਜਿਥੇ ਪਿੰਡ ਜਗਤਪੁਰਾ, ਐਮਾਂ ਤੇ ਠੱਠਗੜ੍ਹ ਦੇ ਵਾਸੀਆਂ ਦੀ ਸਮਝ ਤੋਂ ਬਾਹਰ ਹੈ, ਉਥੇ ਹੀ ਪੁਲਸ ਤੇ ਐਕਸਾਈਜ਼ ਵਿਭਾਗ ਲਈ ਵੀ ਬੜੀ ਵੱਡੀ ਚੁਣੌਤੀ ਹੈ ਕਿ ਸ਼ਰਾਬ ਦੀਆਂ ਫੈਕਟਰੀਆਂ 'ਚ ਕੋਟੇ ਮੁਤਾਬਕ ਆਉਂਦੀ ਅਲਕੋਹਲ ਦੀ ਆਖਿਰ ਬਾਹਰ ਖੁੱਲ੍ਹੇਆਮ ਸਮੱਗਲਿੰਗ ਕਿਵੇਂ ਹੋ ਰਹੀ ਹੈ।
ਸੂਤਰ ਦੱਸਦੇ ਹਨ ਕਿ ਪਿੰਡ ਜਗਤਪੁਰਾ ਦੇ ਬਹੁਤ ਸਾਰੇ ਲੋਕ ਅਲਕੋਹਲ ਸਮੱਗਲਿੰਗ ਦੇ ਗੋਰਖ ਧੰਦੇ ਨਾਲ ਜੁੜੇ ਹੋਏ ਹਨ। ਇਥੇ ਹੀ ਬੱਸ ਨਹੀਂ ਪਿੰਡ ਜਗਤਪੁਰਾ ਪੰਜਾਬ ਦੇ 112 ਪਿੰਡਾਂ 'ਚੋਂ ਇਕ ਅਜਿਹਾ ਪਿੰਡ ਹੈ, ਜਿਸ ਦੇ ਦੋ ਦਰਜਨ ਤੋਂ ਵੱਧ ਲੋਕਾਂ ਦੀ ਅਲਕੋਹਲ ਤੋਂ ਬਣੀ ਸ਼ਰਾਬ ਪੀਣ ਨਾਲ ਮੌਤ ਹੋ ਚੁੱਕੀ ਹੈ। ਅਲਕੋਹਲ ਸਮੱਗਲਿੰਗ ਦੇ ਮਾਮਲੇ 'ਚ ਇਹ ਪਿੰਡ ਕੋਈ ਨਵਾਂ ਨਹੀਂ ਹੈ, ਸਗੋਂ ਦਹਾਕੇ ਤੋਂ ਵੱਧ ਸਮੇਂ ਤੋਂ ਇਸ ਪਿੰਡ ਦੇ ਲੋਕ ਅਲਕੋਹਲ ਦੀ ਸਮੱਗਲਿੰਗ ਕਰਨ ਦਾ ਧੰਦਾ ਕਰ ਰਹੇ ਹਨ। ਪਿੰਡ 'ਚ ਕਈ ਘਰ ਅਜਿਹੇ ਹਨ, ਜਿਥੇ ਅਲਕੋਹਲ ਤੋਂ ਤਿਆਰ ਕਰਨ ਲਈ ਸ਼ਰਾਬ ਦੀਆਂ ਮਿੰਨੀ ਡਿਸਟਿਲਰੀਆਂ ਵੀ ਮੌਜੂਦ ਹਨ।
ਦੱਸਿਆ ਜਾਂਦਾ ਹੈ ਕਿ ਇਕ ਲੀਟਰ ਅਲਕੋਹਲ ਤੋਂ 10 ਲੀਟਰ ਸ਼ਰਾਬ ਬੜੀ ਹੀ ਆਸਾਨੀ ਨਾਲ ਤਿਆਰ ਕੀਤੀ ਜਾਂਦੀ ਹੈ, ਜੋ ਸ਼ਹਿਰ ਦੇ ਸਲੱਮ ਏਰੀਏ 'ਚ 200 ਤੋਂ 250 ਰੁਪਏ ਪ੍ਰਤੀ ਬੋਤਲ ਦੇ ਹਿਸਾਬ ਨਾਲ ਲੋਕਾਂ ਨੂੰ ਧੰਦੇਬਾਜ਼ਾਂ ਵੱਲੋਂ ਵੇਚੀ ਜਾਂਦੀ ਹੈ। ਪੁਲਸ ਤੇ ਐਕਸਾਈਜ਼ ਵਿਭਾਗ ਦੇ ਨੱਕ ਹੇਠਾਂ ਇਸ ਪਿੰਡ ਤੋਂ ਅੰਮ੍ਰਿਤਸਰ ਸ਼ਹਿਰ ਅਤੇ ਹੋਰ ਇਲਾਕਿਆਂ 'ਚ ਹੋ ਰਹੀ ਸਮੱਗਲਿੰਗ ਵੱਡੇ ਸਵਾਲ ਵੀ ਖੜ੍ਹੇ ਕਰਦੀ ਹੈ ਕਿ ਉਕਤ ਦੋਵੇਂ ਵਿਭਾਗ ਕੁੰਭਕਰਨੀ ਨੀਂਦ ਸੁੱਤੇ ਪਏ ਹਨ।
ਲੋਕਾਂ ਦਾ ਵੱਡਾ ਸਵਾਲ ਇਹ ਹੈ ਕਿ ਪੁਲਸ ਅਤੇ ਐਕਸਾਈਜ਼ ਵਿਭਾਗ ਦੇ ਨੱਕ ਹੇਠਾਂ ਆਖਿਰ ਪਿੰਡ ਜਗਤਪੁਰਾ 'ਚ ਅਲਕੋਹਲ ਦਾ ਧੰਦਾ ਪ੍ਰਫੁੱਲਿਤ ਹੋ ਰਿਹਾ ਹੈ ਤਾਂ ਇਸ ਦੇ ਪਿੱਛੇ ਆਖਿਰ ਕਿਸ ਦੀ ਸਰਪ੍ਰਸਤੀ ਅਤੇ ਛਤਰ-ਛਾਇਆ ਹੈ। ਸਰਪੰਚ ਮਨਜਿੰਦਰ ਸਿੰਘ ਐਮਾਂ, ਸਾਬਕਾ ਸਰਪੰਚ ਹਰਜੀਤ ਸਿੰਘ, ਸੂਬੇਦਾਰ ਬਲਕਾਰ ਸਿੰਘ, ਗੁਰਸੇਵਕ ਸਿੰਘ ਅਤੇ ਜਥੇਦਾਰ ਹਰਜੀਤ ਸਿੰਘ ਦਾ ਕਹਿਣਾ ਹੈ ਕਿ ਜਗਤਪੁਰਾ 'ਚ ਅਲਕੋਹਲ ਦੇ ਡਰੰਮ ਅਤੇ ਕੈਨ ਧੰਦੇਬਾਜ਼ਾਂ ਵੱਲੋਂ ਉਨ੍ਹਾਂ ਦੇ ਖੇਤਾਂ 'ਚ ਲੁਕਾ ਦਿੱਤੇ ਜਾਂਦੇ ਹਨ, ਜਿਸ ਕਰਕੇ ਉਹ ਬਹੁਤ ਪ੍ਰੇਸ਼ਾਨ ਹਨ। ਉਨ੍ਹਾਂ ਕਿਹਾ ਕਿ ਪੁਲਸ ਤੁਰੰਤ ਅਜਿਹੇ ਅਨਸਰਾਂ ਦੀ ਸ਼ਨਾਖਤ ਕਰ ਕੇ ਉਨ੍ਹਾਂ ਨੂੰ ਗ੍ਰਿਫਤਾਰ ਕਰੇ।
ਧੋਖਾਦੇਹੀ ਦੇ ਕੇਸ 'ਚ 4 ਸਾਲ ਦੀ ਸਜ਼ਾ
NEXT STORY