ਚੰਡੀਗੜ (ਭੁੱਲਰ)— ਹਿਊਮਨ ਰਾਈਟਸ ਸੰਗਠਨ ਲਾਇਰਜ਼ ਫਾਰ ਜਸਟਿਸ ਨੇ ਰਾਜਸਥਾਨ ਖੇਤਰ 'ਚ ਗੈਂਗਸਟਰ ਵਿੱਕੀ ਗੌਂਡਰ ਅਤੇ ਉਸ ਦੇ ਦੋ ਹੋਰ ਸਾਥੀਆਂ ਦੇ ਬੀਤੇ ਦਿਨੀਂ ਹੋਏ ਪੁਲਸ ਐਨਕਾਊਂਟਰ 'ਤੇ ਸਵਾਲ ਉਠਾਉਂਦਿਆਂ ਇਸ ਦੇ ਫਰਜ਼ੀ ਹੋਣ ਦੀ ਗੱਲ ਆਖੀ ਹੈ। ਸੰਗਠਨ ਇਸ ਮਾਮਲੇ ਦੀ ਜਾਂਚ ਲਈ ਪੰਜਾਬ ਤੇ ਹਰਿਆਣਾ ਹਾਈਕੋਰਟ ਵਿਚ ਪੀ.ਆਈ.ਐਲ. ਪਾਉਣ ਦੀ ਤਿਆਰੀ ਵੀ ਕਰ ਰਿਹਾ ਹੈ। ਇਸ ਤੋਂ ਪਹਿਲਾਂ ਸੰਗਠਨ ਵਲੋਂ ਹਾਈਕੋਰਟ ਦੇ ਚੀਫ਼ ਜਸਟਿਸ ਨੂੰ ਭੇਜੀ ਗਈ ਸ਼ਿਕਾਇਤ 'ਚ ਇਸ ਦਾ ਖੁਦ ਹੀ ਨੋਟਿਸ ਲੈਣ ਦੀ ਅਪੀਲ ਵੀ ਕੀਤੀ ਹੈ। ਇਸ ਸ਼ਿਕਾਇਤ ਦੀਆਂ ਕਾਪੀਆਂ ਜਾਂਚ ਦੀ ਮੰਗ ਨੂੰ ਲੈ ਕੇ ਪੰਜਾਬ ਦੇ ਗਵਰਨਰ ਤੇ ਮੁੱਖ ਮੰਤਰੀ ਤੋਂ ਇਲਾਵਾ ਰਾਜਸਥਾਨ ਸਰਕਾਰ ਨੂੰ ਵੀ ਭੇਜੀਆਂ ਗਈਆਂ ਹਨ।
ਲਾਇਰਜ਼ ਫਾਰ ਜਸਟਿਸ ਦੇ ਪ੍ਰਧਾਨ ਐਡਵੋਕੇਟ ਸਿਮਰਨਜੀਤ ਸਿੰਘ ਤੇ ਉਪ ਪ੍ਰਧਾਨ ਬਰਜਿੰਦਰ ਸਿੰਘ ਲੂੰਬਾ ਵਲੋਂ ਚੀਫ਼ ਜਸਟਿਸ ਨੂੰ ਭੇਜੀ ਗਈ ਸ਼ਿਕਾਇਤ ਵਿਚ ਕਿਹਾ ਗਿਆ ਕਿ ਕਾਨੂੰਨ ਤੋਂ ਕੋਈ ਵੀ ਉਪਰ ਨਹੀਂ ਹੈ। ਪਰੰਤੂ ਪੁਲਸ ਦੇ ਇੰਸਪੈਕਟਰ ਵਿਕਰਮ ਬਰਾੜ ਨੇ ਆਤਮ ਸਮਰਪਣ ਕਰਨ ਗਏ ਗੈਂਗਸਟਰ ਵਿੱਕੀ ਗੌਂਡਰ ਅਤੇ ਉਸ ਦੇ ਦੋ ਸਾਥੀ ਨੌਜਵਾਨਾਂ ਨੂੰ ਫਰਜੀ ਪੁਲਸ ਮੁਕਾਬਲੇ ਮੌਤ ਦੇ ਘਾਟ ਉਤਾਰ ਦਿੱਤਾ। ਇਸ ਬਾਰੇ ਵਿੱਕੀ ਦੇ ਮਾਮਾ ਗੁਰਭੇਜ ਸਿੰਘ ਨੇ ਵੀ ਪੁਲਸ ਐਨਕਾਊਂਟਰ ਤੋਂ ਪਹਿਲਾਂ ਇੰਸਪੈਕਟਰ ਬਰਾੜ ਨਾਲ ਵਿੱਕੀ ਗੌਂਡਰ ਦੀ ਹੋਈ ਗੱਲਬਾਤ ਬਾਰੇ ਦੱਸਿਆ ਹੈ। ਇਸੇ ਤਰ੍ਹਾਂ ਵਿੱਕੀ ਨਾਲ ਮਾਰੇ ਗਏ ਗੈਂਗਸਟਰ ਪ੍ਰੇਮਾ ਲਹੌਰੀਆ ਵਲੋਂ ਵੀ ਐਨਕਾਊਂਟਰ ਤੋਂ ਪਹਿਲਾਂ ਆਪਣੀ ਪਤਨੀ ਨਾਲ ਕੀਤੀ ਗਈ ਵਟਸਐਪ ਕਾਲ 'ਚ ਆਤਮ ਸਮਰਪਣ ਬਾਰੇ ਗੱਲ ਸਾਹਮਣੇ ਆਈ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਵਿੱਕੀ ਦੇ ਪਰਿਵਾਰਕ ਮੈਂਬਰਾਂ ਨੇ ਇਹ ਵੀ ਖੁਲਾਸਾ ਕੀਤਾ ਹੈ ਕਿ ਦੋਸਤ ਹੋਣ ਕਾਰਨ ਇੰਸਪੈਕਟਰ ਬਰਾੜ ਨਾਲ ਵਿੱਕੀ ਗੌਂਡਰ ਦਾ ਲਗਾਤਾਰ ਸੰਪਰਕ ਰਿਹਾ ਹੈ। ਨਾਭਾ ਜੇਲ ਬ੍ਰੇਕ ਤੋਂ ਬਾਅਦ ਵੀ ਉਸ ਦੀ ਵਿੱਕੀ ਨਾਲ ਗੱਲਬਾਤ ਹੁੰਦੀ ਰਹੀ ਹੈ।
ਹਿਊਮਨ ਰਾਈਟਸ ਸੰਗਠਨ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਵਿਕਰਮ ਬਰਾੜ 'ਤੇ ਵੀ ਗੈਂਗਸਟਰ ਨੂੰ ਪਨਾਹ ਦੇਣ ਦਾ ਮਾਮਲਾ ਦਰਜ ਹੋਣਾ ਚਾਹੀਦਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਜੇਕਰ ਇਸ ਪੁਲਸ ਮੁਕਾਬਲੇ ਦੀ ਜਾਂਚ ਨਾ ਹੋਈ ਤਾਂ ਵਿੱਕੀ ਗੌਂਡਰ ਨਾਲ ਨਾਭਾ ਜੇਲ ਬ੍ਰੇਕ ਸਮੇਂ ਫਰਾਰ ਹੋਏ ਕਸ਼ਮੀਰ ਸਿੰਘ ਦਾ ਵੀ ਪੁਲਸ ਫਰਜ਼ੀ ਮੁਕਾਬਲਾ ਬਣਾ ਸਕਦੀ ਹੈ, ਜੋ ਅਜੇ ਤੱਕ ਪੁਲਸ ਦੇ ਹੱਥ ਨਹੀਂ ਆਇਆ।
ਤਰਨਤਾਰਨ : ਸ਼ਰਾਰਤੀਆਂ ਨੇ 4 ਦਰਜਨ ਤੋਂ ਵੱਧ ਦੁਕਾਨਾਂ 'ਚ ਕੀਤੀ ਭੰਨ-ਤੋੜ
NEXT STORY