ਤਰਨਤਾਰਨ, (ਰਾਜੂ)- ਕਪੂਰਥਲਾ ਅਟਾਰੀ ਮਾਰਗ ’ਤੇ ਪੈਂਦੇ ਪਿੰਡ ਨੌਰੰਗਾਬਾਦ ਦੇ ਨਜ਼ਦੀਕ ਟਰੱਕ ਅਤੇ ਮੋਟਰ ਸਾਈਕਲ ਦਰਮਿਆਨ ਹੋਏ ਸਡ਼ਕ ਹਾਦਸੇ ਵਿਚ ਮੋਟਰ ਸਾਈਕਲ ਸਵਾਰ ਪਤੀ-ਪਤਨੀ ਦੀ ਮੌਕੇ ’ਤੇ ਮੌਤ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕਾਂ ਦੀ ਪਹਿਚਾਣ ਪਿੰਡ ਦੁਲਚੀਪੁਰ ਨਿਵਾਸੀ ਸਾਬਕਾ ਫੌਜੀ ਮੁਖਤਾਰ ਸਿੰਘ ਅਤੇ ਚਰਨਜੀਤ ਕੌਰ ਵਜੋਂ ਹੋਈ ਹੈ। ਇਸ ਸਬੰਧੀ ਮ੍ਰਿਤਕਾਂ ਦੇ ਰਿਸ਼ਤੇਦਾਰ ਮੰਗਲ ਸਿੰਘ ਨੇ ਦੱਸਿਆ ਕਿ ਸਾਬਕਾ ਫੌਜੀ ਮੁਖਤਾਰ ਸਿੰਘ ਅਤੇ ਚਰਨਜੀਤ ਕੌਰ ਦੋਵੇਂ ਮੋਟਰ ਸਾਈਕਲ ’ਤੇ ਸਵਾਰ ਹੋ ਕੇ ਤਰਨਤਾਰਨ ਤੋਂ ਦਵਾਈ ਲੈ ਕੇ ਵਾਪਸ ਪਿੰਡ ਜਾ ਰਹੇ ਸਨ ਕਿ ਜਦੋਂ ਪਿੰਡ ਨੌਰੰਗਾਬਾਦ ਨਜ਼ਦੀਕ ਪਹੁੰਚੇ ਤਾਂ ਪਿੱਛੋਂ ਤੇਜ਼ ਰਫਤਾਰ ’ਚ ਆ ਰਹੇ ਬੱਜਰੀ ਮਿਕਸਰ ਟਰੱਕ ਵਲੋਂ ਮੋਟਰ ਸਾਈਕਲ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਦੋਵੇਂ ਥੱਲੇ ਡਿੱਗ ਗਏ ਅਤੇ ਟਰੱਕ ਉਨ੍ਹਾਂ ਦੇ ਉਪਰੋਂ ਲੰਘ ਗਿਆ। ਜਿਸ ਕਾਰਨ ਦੋਵਾਂ ਦੀ ਮੌਕੇ ’ਤੇ ਮੌਤ ਹੋ ਗਈ ਹੈ। ਉੱਧਰ ਘਟਨਾ ਤੋਂ ਬਾਅਦ ਟਰੱਕ ਚਾਲਕ ਟਰੱਕ ਨੂੰ ਮੌਕੇ ’ਤੇ ਛੱਡ ਕੇ ਫਰਾਰ ਹੋ ਗਿਆ ਹੈ। ਦੂਜੇ ਪਾਸੇ ਥਾਣਾ ਸਦਰ ਪੁਲਸ ਵਲੋਂ ਟਰੱਕ ਨੂੰ ਕਬਜ਼ੇ ਵਿਚ ਲੈ ਕੇ ਅਗਲੀ ਕਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਮਾਮਲੇ ਦੀ ਜਾਂਚ ਕਰ ਰਹੇ ਏ.ਐੱਸ.ਆਈ. ਬਲਵਿੰਦਰ ਸਿੰਘ ਨੇ ਦੱਸਿਆ ਕਿ ਮ੍ਰਿਤਕਾਂ ਦੇ ਵਾਰਸਾਂ ਦੇ ਬਿਆਨਾਂ ’ਤੇ ਟਰੱਕ ਚਾਲਕ ਖਿਲਾਫ ਮਾਮਲਾ ਦਰਜ ਕਰਕੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ।
ਦੂਜੇ ਦਿਨ ਵੀ ਨਹੀਂ ਹੋਇਆ ਮ੍ਰਿਤਕ ਗੁਰਮੇਲ ਕੌਰ ਦਾ ਸਸਕਾਰ
NEXT STORY