ਤਲਵੰਡੀ ਭਾਈ (ਪਾਲ) : ਘੱਲਖੁਰਦ ਵਿਖੇ ਪਨਸਪ ਸ਼ੈਲਰ ’ਚੋਂ 18,771 ਗੱਟੇ ਝੋਨੇ ਨੂੰ ਖੁਰਦ-ਬੁਰਦ ਕਰਨ ਦੇ ਗੰਭੀਰ ਦੋਸ਼ਾਂ ਤਹਿਤ ਘੱਲ ਖੁਰਦ ਪੁਲਸ ਨੇ ਇਕ ਵਿਅਕਤੀ ਅਤੇ ਇਕ ਔਰਤ ਨੂੰ ਗ੍ਰਿਫ਼ਤਾਰ ਕੀਤਾ ਹੈ। ਇਨ੍ਹਾਂ ਦੋਸ਼ੀਅਨ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਘੱਲ ਖੁਰਦ ਦੇ ਮੁੱਖ ਅਫ਼ਸਰ ਇੰਸਪੈਕਟਰ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਇਹ ਕਾਰਵਾਈ ਜ਼ਿਲ੍ਹਾ ਮੈਨੇਜਰ ਪਨਸਪ ਫਿਰੋਜ਼ਪੁਰ ਵੱਲੋਂ ਪ੍ਰਾਪਤ ਦੋ ਵੱਖ-ਵੱਖ ਦਰਖ਼ਾਸਤਾਂ ਦੇ ਆਧਾਰ ’ਤੇ ਕੀਤੀ ਗਈ ਹੈ।
ਦਰਖ਼ਾਸਤਾਂ ’ਚ ਦੋਸ਼ ਲਾਇਆ ਗਿਆ ਸੀ ਕਿ ਮੈਸਰਜ਼ ਭੁੱਲਰ ਰਾਈਸ ਮਿੱਲ ਪਿੰਡ ਖਵਾਜਾ ਖੜਕ ’ਚ ਚਾਨਣ ਸਿੰਘ ਪੁੱਤਰ ਗਹਿਲ ਸਿੰਘ ਅਤੇ ਉਸ ਦੀ ਪਤਨੀ ਕੁਲਵੀਰ ਕੌਰ ਵੱਲੋਂ ਸ਼ੈਲਰ ’ਚ ਰੱਖੇ ਗਏ 18,771 ਗੱਟੇ ਝੋਨੇ ਨੂੰ ਕਥਿਤ ਤੌਰ ’ਤੇ ਖੁਰਦ-ਬੁਰਦ ਕਰ ਦਿੱਤਾ ਗਿਆ ਹੈ। ਪੁਲਸ ਅਨੁਸਾਰ ਇਸ ਕਾਰਨ ਸਰਕਾਰ ਨੂੰ ਕੁੱਲ 2,04,25,573 ਰੁਪਏ ਦਾ ਵਿੱਤੀ ਨੁਕਸਾਨ ਪਹੁੰਚਿਆ ਹੈ। ਇਸ ਤੋਂ ਇਲਾਵਾ ਮੁਲਜ਼ਮਾਂ ਵੱਲੋਂ ਮਿੱਲ ’ਚ ਮੌਜੂਦ 2317 ਗੱਟੇ ਝੋਨਾ ਅਤੇ 8916 ਗੱਟੇ ਚਾਵਲ ਵੀ ’ਨੌਨ-ਸਟੈਂਡਰਡ’ ਭਰਤੀ ਦਾ ਪਾਇਆ ਗਿਆ।
ਇੰਸਪੈਕਟਰ ਗੁਰਪ੍ਰੀਤ ਸਿੰਘ ਨੇ ਅੱਗੇ ਦੱਸਿਆ ਕਿ ਮਾਮਲੇ ਦੀ ਡੂੰਘਾਈ ਨਾਲ ਪੜਤਾਲ ਕਰਨ ਤੋਂ ਬਾਅਦ ਪੁਲਸ ਨੇ ਮੁਲਜ਼ਮ ਚਾਨਣ ਸਿੰਘ ਅਤੇ ਕੁਲਵੀਰ ਕੌਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲਸ ਵੱਲੋਂ ਇਸ ਮਾਮਲੇ ਦੀ ਹੋਰ ਪੜਤਾਲ ਜਾਰੀ ਹੈ, ਤਾਂ ਜੋ ਇਸ ’ਚ ਸ਼ਾਮਲ ਹੋਰ ਵਿਅਕਤੀਆਂ ਅਤੇ ਇਸ ਦੇ ਪਿੱਛੇ ਦੇ ਵੱਡੇ ਪੱਧਰ ਦੇ ਘਪਲੇ ਦਾ ਪਰਦਾਫਾਸ਼ ਕੀਤਾ ਜਾ ਸਕੇ।
ਪੰਜਾਬ ਦੇ ਸਕੂਲਾਂ ਵਿਚ ਛੁੱਟੀ ਦਾ ਐਲਾਨ, ਸਰਕਾਰ ਨੇ ਜਾਰੀ ਕੀਤੇ ਹੁਕਮ
NEXT STORY