ਅੰਮ੍ਰਿਤਸਰ, (ਰਮਨ)- ਨਗਰ ਨਿਗਮ ਅਧੀਨ ਚੱਲ ਰਿਹਾ ਮਕੈਨੀਕਲ ਸਵੀਪਿੰਗ ਦਾ ਬੰਦ ਪ੍ਰਾਜੈਕਟ ਅਧਿਕਾਰੀਆਂ ਲਈ ਆਫਤ ਬਣਿਆ ਹੋਇਆ ਹੈ। ਨਿਗਮ ਵੱਲੋਂ ਆਪਣੀ ਪੂਰੀ ਤਾਕਤ ਲਾਉਣ ਤੋਂ ਬਾਅਦ ਵੀ 4 ਦਿਨ ਪੁਰਾਣੀ ਸੁੰਦਰਤਾ ਵਾਪਸ ਨਹੀਂ ਪਰਤ ਰਹੀ। ਸੜਕ 'ਤੇ ਗੰਦਗੀ ਫੈਲੀ ਹੋਈ ਹੈ। ਨਾਲੀਆਂ 'ਚ ਕੂੜਾ-ਕਰਕਟ ਪਿਆ ਹੈ। ਜਗ੍ਹਾ-ਜਗ੍ਹਾ ਗੰਦਗੀ ਦੇ ਢੇਰ ਲੱਗੇ ਹੋਏ ਹਨ। ਇਕ ਦਿਨ ਪਹਿਲਾਂ ਕੇਂਦਰ ਸਰਕਾਰ ਵੱਲੋਂ ਸ੍ਰੀ ਦਰਬਾਰ ਸਾਹਿਬ ਦੇ ਆਸ-ਪਾਸ ਸਾਫ-ਸਫਾਈ ਨੂੰ ਲੈ ਕੇ ਐਵਾਰਡ ਦਿੱਤਾ ਗਿਆ ਹੈ। ਸਾਬਕਾ ਪੰਜਾਬ ਸਰਕਾਰ ਨੇ ਪਿਛਲੇ ਸਾਲ ਪੂਰੀ ਤਾਕਤ ਲਾ ਕੇ ਸੁੰਦਰੀਕਰਨ ਦੇ ਇਸ ਪ੍ਰਾਜੈਕਟ ਨੂੰ ਪੂਰਾ ਕੀਤਾ ਸੀ। ਇਸ ਹੈਰੀਟੇਜ ਲੁੱਕ ਅਤੇ ਸੁੰਦਰੀਕਰਨ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਲ ਕਈ ਦੇਸ਼ਾਂ ਦੇ ਡੈਲੀਗੇਟਸ ਨਿਹਾਰ ਚੁੱਕੇ ਹਨ ਤੇ ਸਾਬਕਾ ਪੰਜਾਬ ਸਰਕਾਰ ਨੂੰ ਸ਼ਾਬਾਸ਼ ਦੇ ਚੁੱਕੇ ਹਨ। ਇਸ ਸੁੰਦਰੀਕਰਨ ਦੇ ਚਰਚੇ ਦੇਸ਼-ਵਿਦੇਸ਼ ਵਿਚ ਹੋ ਰਹੇ ਹਨ।
ਸ੍ਰੀ ਦਰਬਾਰ ਸਾਹਿਬ ਅਤੇ ਹੋਰ ਥਾਵਾਂ 'ਤੇ ਸਫਾਈ ਨੂੰ ਲੈ ਕੇ 14 ਅਗਸਤ 2016 ਨੂੰ ਮਕੈਨੀਕਲ ਸਵੀਪਿੰਗ ਦਾ ਪ੍ਰਾਜੈਕਟ ਸ਼ੁਰੂ ਕੀਤਾ ਗਿਆ ਸੀ, ਜੋ ਕਿ ਨਿਗਮ ਵੱਲੋਂ 6 ਕਰੋੜ 25 ਲੱਖ ਰੁਪਏ ਦੀ ਪੇਮੈਂਟ ਨਾ ਦੇਣ ਕਾਰਨ 30 ਸਤੰਬਰ ਨੂੰ ਬੰਦ ਹੋ ਚੁੱਕਾ ਹੈ। ਵੀਰਵਾਰ ਨੂੰ ਨਿਗਮ ਕਰਮਚਾਰੀਆਂ ਨੂੰ ਛੁੱਟੀ ਹੋਣ 'ਤੇ ਸਾਰਾ ਕੰਮ ਸਾਲਿਡ ਵੇਸਟ ਕੰਪਨੀ ਵੱਲੋਂ ਕੀਤਾ ਗਿਆ, ਜਿਸ ਵਿਚ ਉਨ੍ਹਾਂ ਵੱਲੋਂ 4 ਗੱਡੀਆਂ ਤੇ 12 ਕਰਮਚਾਰੀ ਰਾਤ 8 ਵਜੇ ਤੱਕ ਸਫਾਈ ਲਈ ਲਾਏ ਗਏ ਸਨ। ਇਸ ਨੂੰ ਲੈ ਕੇ ਜੁਆਇੰਟ ਕਮਿਸ਼ਨਰ ਸੌਰਭ ਅਰੋੜਾ, ਸਿਹਤ ਅਧਿਕਾਰੀ ਡਾ. ਰਾਜੂ ਚੌਹਾਨ ਤੇ ਸਾਲਿਡ ਵੇਸਟ ਪ੍ਰਾਜੈਕਟ ਦੇ ਸਿਟੀ ਹੈੱਡ ਮਨੋਜ ਗੌਤਮ ਨੇ ਹੈਰੀਟੇਜ ਸਟ੍ਰੀਟ ਦਾ ਨਿਰੀਖਣ ਕੀਤਾ, ਜਿਸ ਵਿਚ ਸਾਫ-ਸਫਾਈ ਨੂੰ ਲੈ ਕੇ ਕਰਮਚਾਰੀਆਂ ਨੂੰ ਸਖਤ ਨਿਰਦੇਸ਼ ਦਿੱਤੇ ਗਏ।
ਸ਼ਨੀਵਾਰ ਨੂੰ ਸ੍ਰੀ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਉਤਸਵ : ਸ਼ਨੀਵਾਰ ਨੂੰ ਸ੍ਰੀ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਉਤਸਵ ਹੈ। ਇਸ ਦਿਨ ਦੇਸ਼-ਵਿਦੇਸ਼ਾਂ ਤੋਂ ਲੱਖਾਂ ਸ਼ਰਧਾਲੂ ਇਥੇ ਸ੍ਰੀ ਦਰਬਾਰ ਸਾਹਿਬ ਆਉਂਦੇ ਹਨ। ਟਾਊਨ ਹਾਲ ਤੋਂ ਲੈ ਕੇ ਸ੍ਰੀ ਦਰਬਾਰ ਸਾਹਿਬ ਤੱਕ ਫਰਸ਼ ਵਿਚ ਸੁੰਦਰ ਟਾਈਲਾਂ ਤੇ ਸਾਰੀਆਂ ਇਮਾਰਤਾਂ ਨੂੰ ਇਕੋ ਜਿਹਾ ਰੂਪ ਦਿੱਤਾ ਗਿਆ ਹੈ। 4 ਦਿਨ ਪਹਿਲਾਂ ਇਥੇ ਫਰਸ਼ ਮਕੈਨੀਕਲ ਸਵੀਪਿੰਗ ਦੇ ਕੰਮ ਨਾਲ ਚਮਕ ਰਿਹਾ ਸੀ ਪਰ ਹੁਣ ਇਹ ਫਰਸ਼ ਗੰਦਾ ਹੋਇਆ ਪਿਆ ਹੈ।
ਖੁਦ ਬਚਣ ਲਈ ਕੰਪਨੀ ਨੂੰ ਕੱਢਿਆ ਸ਼ੋਅਕਾਜ਼ ਨੋਟਿਸ : ਨਿਗਮ ਅਧਿਕਾਰੀਆਂ ਨੇ ਕੰਪਨੀ ਵੱਲੋਂ ਬੰਦ ਕੀਤੇ ਕੰਮ ਨੂੰ ਲੈ ਕੇ ਮਕੈਨੀਕਲ ਸਵੀਪਿੰਗ ਲਾਈਨ ਸਰਵਿਸ ਲਿਮ. ਕੰਪਨੀ ਨੂੰ ਸ਼ੋਅਕਾਜ਼ ਨੋਟਿਸ ਜਾਰੀ ਕਰ ਦਿੱਤਾ ਕਿ ਉਨ੍ਹਾਂ ਨੇ ਬਿਨਾਂ ਦੱਸੇ ਕੰਮ ਬੰਦ ਕਰ ਦਿੱਤਾ। ਇਸ ਨਾਲ ਕੰਪਨੀ ਨੇ ਉਨ੍ਹਾਂ ਨੂੰ ਵਾਪਸ ਰਿਪੋਰਟ ਭੇਜੀ ਕਿ ਹਰ ਮਹੀਨੇ ਉਨ੍ਹਾਂ ਨੂੰ ਪੱਤਰ ਦਿੱਤੇ ਜਾ ਰਹੇ ਸਨ, ਜਿਨ੍ਹਾਂ ਨੂੰ ਨਜ਼ਰਅੰਦਾਜ਼ ਕੀਤਾ ਗਿਆ, ਕਿਸੇ ਵੀ ਅਧਿਕਾਰੀ ਨੇ ਉਨ੍ਹਾਂ ਨੂੰ ਬੁਲਾਇਆ ਤੱਕ ਨਹੀਂ। ਕੰਪਨੀ ਕੋਲ ਤਨਖਾਹ ਤੇ ਗੱਡੀਆਂ ਦੇ ਖਰਚੇ ਦੇਣ ਲਈ ਪੈਸੇ ਨਾ ਹੋਣ 'ਤੇ ਕੰਮ ਬੰਦ ਕਰ ਦਿੱਤਾ ਗਿਆ, ਜਿਸ ਨੂੰ ਲੈ ਕੇ ਉਨ੍ਹਾਂ ਵੱਲੋਂ 2 ਨੋਟਿਸ ਜਾਰੀ ਕੀਤੇ ਗਏ ਸਨ।
5 ਘੰਟਿਆਂ 'ਚ ਵਾਪਸ ਉਸੇ ਰੰਗ-ਰੂਪ ਵਿਚ ਲੈ ਆਵਾਂਗੇ ਸਾਰਾ ਏਰੀਆ : ਮਨਜਿੰਦਰ : ਲਾਈਨ ਸਰਵਿਸ ਲਿਮ. ਕੰਪਨੀ ਦੇ ਜ਼ਿਲਾ ਮੈਨੇਜਰ ਮਨਜਿੰਦਰ ਸਿੰਘ ਨੇ ਦੱਸਿਆ ਕਿ ਪੇਮੈਂਟ ਨੂੰ ਲੈ ਕੇ ਨਿਗਮ ਅਧਿਕਾਰੀਆਂ ਨੂੰ ਹਰ ਮਹੀਨੇ ਪੱਤਰ ਦਿੱਤੇ ਗਏ ਸਨ ਪਰ ਕਿਸੇ ਨੇ ਸੁਣਵਾਈ ਨਹੀਂ ਕੀਤੀ। ਕੰਪਨੀ ਨੇ ਉਪਰੋਂ ਇਹ ਫੈਸਲਾ ਲਿਆ ਹੈ ਕਿ ਉਹੀ ਉੱਚ ਅਧਿਕਾਰੀਆਂ ਨਾਲ ਗੱਲਬਾਤ ਕਰਨਗੇ। ਉਨ੍ਹਾਂ ਕਿਹਾ ਕਿ ਜਦੋਂ ਉਨ੍ਹਾਂ ਨੂੰ ਕੰਮ ਦੇ ਹੁਕਮ ਹੋਣਗੇ ਉਦੋਂ ਉਹ 5 ਘੰਟਿਆਂ 'ਚ ਸਾਰਾ ਏਰੀਆ ਵਾਪਸ ਉਸੇ ਰੰਗ ਵਿਚ ਲੈ ਆਉਣਗੇ।
ਸਾਰਾ ਮਾਮਲਾ ਸੁਲਝਾ ਲਿਆ ਜਾਵੇਗਾ : ਜੁਆਇੰਟ ਕਮਿਸ਼ਨਰ : ਨਗਰ ਨਿਗਮ ਦੇ ਜੁਆਇੰਟ ਕਮਿਸ਼ਨਰ ਸੌਰਭ ਅਰੋੜਾ ਨੇ ਦੱਸਿਆ ਕਿ ਸਾਲਿਡ ਵੇਸਟ ਕੰਪਨੀ ਨੂੰ ਸਫਾਈ ਦਾ ਜ਼ਿੰਮਾ ਸੌਂਪਿਆ ਗਿਆ ਹੈ, ਜਲਦ ਹੀ ਲਾਈਨ ਸਰਵਿਸ ਲਿਮ. ਕੰਪਨੀ ਨਾਲ ਗੱਲਬਾਤ ਕਰ ਕੇ ਸਾਰਾ ਮਾਮਲਾ ਸੁਲਝਾ ਲਿਆ ਜਾਵੇਗਾ। ਮਕੈਨੀਕਲ ਸਵੀਪਿੰਗ ਨਾਲ ਹੀ ਫਰਸ਼ ਦੀ ਬਿਹਤਰ ਸਫਾਈ ਹੁੰਦੀ ਸੀ। ਫਰਸ਼ ਅਸੀਂ ਵੀ ਪਾਣੀ ਨਾਲ ਧੋ ਦੇਵਾਂਗੇ, ਬਾਕੀ ਮੈਨੂਅਲ ਤਰੀਕੇ ਨਾਲ ਸਫਾਈ ਨੂੰ ਲੈ ਕੇ ਸੈਨੇਟਰੀ ਇੰਸਪੈਕਟਰ ਤੇ ਕਰਮਚਾਰੀਆਂ ਦੀ ਡਿਊਟੀ ਲਾ ਦਿੱਤੀ ਗਈ ਹੈ।
ਬਦਸਲੂਕੀ, ਹੱਥੋਪਾਈ ਤੇ ਧਮਕਾਉਣ ਦੇ ਦੋਸ਼ ਹੇਠ ਕੌਂਸਲਰਪਤੀ ਵਿੱਕੀ ਚੱਢਾ 'ਤੇ ਕੇਸ ਦਰਜ
NEXT STORY