ਤਲਵੰਡੀ ਭਾਈ (ਪਾਲ) : ਪੰਜਾਬ ਦੇ ਪਿੰਡਾਂ ਕਸਬਿਆਂ ਅਤੇ ਸ਼ਹਿਰਾਂ ’ਚ ਲਗਾਤਾਰ ਅਖੌਤੀ ਬਾਬਿਆਂ, ਤਾਂਤਰਿਕਾਂ ਅਤੇ ਪੁੱਛਦਾਂ ਦੇਣ ਵਾਲੇ ਅਖੌਤੀ ਸਿਆਣਿਆਂ ਆਦਿ ਕੁਝ ਚਲਾਕ ਕਿਸਮ ਦੇ ਲੋਕਾਂ ਵੱਲੋਂ ਭੋਲੀ ਭਾਲੀ ਜਨਤਾ ਨੂੰ ਪੂਜਾ, ਭਗਤੀਆਂ, ਭੇਟਾਂ, ਚੌਂਕੀਆਂ, ਚਮਤਕਾਰਾਂ ਆਦਿ ਦੇ ਚੱਕਰ ’ਚ ਪਾ ਕੇ ਆਪਣੇ ਤੋਰੀ ਫੁਲਕਾ ਚੰਗਾ ਚਲਾਇਆ ਹੋਇਆ ਹੈ। ਆਮ ਤੌਰ ’ਤੇ ਕਈ ਤਾਂ ਘਰੋਂ ਭੁੱਖੇ ਮਰਦੇ ਆਪਣੀ ਰੋਟੀ ਟੁੱਕ ਦਾ ਜੁਗਾੜ ਕਰਨ ਲਈ ਕਿਸੇ ਨਾ ਕਿਸੇ ਡੇਰੇ ਦੇ ਮੁਖੀ ਬਣ ਕੇ ਲੋਕਾਂ ਨੂੰ ਮੂਰਖ ਬਣਾ ਰਹੇ ਹਨ ਪਰ ਅਜੇ ਕੱਲ ਕੁਝ ਨਸ਼ਿਆਂ ਦੇ ਭੰਨੇ ਹੋਏ ਪੜ੍ਹੇ-ਲਿਖੇ ਵਿਗੜੇ ਅਫਲਾਤੂ ਵੀ ਭਗਵੇਂ ਕੱਪੜੇ ਪਾ ਕੇ ਆਪਣੇ ਆਪ ਨੂੰ ਪਹੁੰਚੇ ਹੋਏ ਸੰਤ ਸਥਾਪਿਤ ਕਰਨ ਲਈ ਹੱਥ ਪੈਰ ਮਾਰ ਰਹੇ ਹਨ ਤੇ ਦਿਨੋਂ-ਦਿਨ ਇਨ੍ਹਾਂ ਦੀ ਗਿਣਤੀ ਵੱਧਦੀ ਜਾ ਰਹੀ ਹੈ। ਇਨ੍ਹਾਂ ਅਖੌਤੀ ਬਾਬਿਆਂ ਬਾਰੇ ਇਕੱਤਰ ਕੀਤੀ ਜਾਣਕਾਰੀ ਨਾਲ ਹੈਰਾਨੀਜਨਕ ਅਤੇ ਦਿਲਚਸਪ ਤੱਥ ਵੀ ਉਭਰ ਕੇ ਸਾਹਮਣੇ ਆਏ ਹਨ। ਇਹ ਭੋਖੀ ਸਾਧ ਨਾ ਸਿਰਫ਼ ਲੋਕਾਂ ਦਾ ਮਾਨਸਿਕ ਸੋਸ਼ਣ ਕਰਦੇ ਹਨ, ਸਗੋਂ ਭਾਰੀ ਆਰਥਿਕ ਲੁੱਟ ਵੀ ਕਰਦੇ ਹਨ। ਭੋਲੀ ਭਾਲੀ ਗਰੀਬ ਜਨਤਾ ਦਾ ਇਨ੍ਹਾਂ ਦੇ ਜਾਲ ਵਿਚ ਸਭ ਤੋਂ ਵੱਧ ਫਸਣ ਦਾ ਕਾਰਨ ਆਰਥਿਕ ਕਮਜ਼ੋਰੀਆਂ ਅਤੇ ਮਹਿੰਗੇ ਡਾਕਟਰੀ ਇਲਾਜ ਨਾ ਕਰਵਾ ਸਕਣਾ ਵੀ ਮੁੱਖ ਹਨ। ਧਰਮ ਦੇ ਪ੍ਰਚਾਰ ਦੇ ਨਾਂ ’ਤੇ ਇਨ੍ਹਾਂ ਅਖੌਤੀ ਬਾਬਿਆਂ ਵੱਲੋਂ ਬਹੁਤ ਸਾਰੇ ਡੇਰੇ ਸਥਾਪਿਤ ਕੀਤੇ ਜਾ ਰਹੇ ਹਨ।
ਇਨ੍ਹਾਂ ਡੇਰਿਆਂ ਦਾ ਖਤਰਨਾਕ ਪਹਿਲੂ ਇਹ ਹੈ ਕਿ ਇਨ੍ਹਾਂ ਲਈ ਜਗ੍ਹਾ ਦੀ ਚੋਣ ਵਧੇਰੇ ਕਰ ਕੇ ਇਤਿਹਾਸਿਕ ਮਹੱਤਤਾ ਵਾਲੇ ਧਾਰਮਿਕ ਸਥਾਨਾਂ ਦੇ ਨੇੜੇ-ਤੇੜ ਕੀਤੀ ਜਾਂਦੀ ਹੈ। ਜਿਥੇ ਲੱਖਾਂ ਦੀ ਗਿਣਤੀ ’ਚ ਇਹ ਸ਼ਰਧਾਲੂ ਆਪਣੀ ਹਾਜ਼ਰੀ ਲਗਵਾਉਂਦੇ ਅਤੇ ਇਨ੍ਹਾਂ ਸ਼ਰਧਾਲੂਆਂ ਨੂੰ ਆਪਣੇ ਵੱਲ ਆਕਰਸ਼ਿਤ ਕਰਨਾ ਹੀ ਇਨ੍ਹਾਂ ਡੇਰਿਆਂ ’ਤੇ ਬੈਠੇ ਅਖੌਤੀ ਸਾਧੂਆਂ ਦਾ ਮੁੱਖ ਮਕਸਦ ਹੁੰਦਾ ਹੈ। ਕੁਝ ਸਮਾਂ ਪਹਿਲਾ ਹੀ ਪ੍ਰਸਿੱਧੀ ਪ੍ਰਾਪਤ ਕਰਨ ਵਾਲੇ ਕੁਝ ਅਖੌਤੀ ਬਾਬਿਆਂ ਦੇ ਜੀਵਨ ਪਿਛੋਕੜ ਦਾ ਪਤਾ ਕਰਨ ’ਤੇ ਸਾਹਮਣੇ ਆਇਆ ਕਿ ਇਸ ਗੌਰਖ ਧੰਦੇ ਵਾਲੇ ਪਾਸੇ ਆਉਣ ਤੋਂ ਪਹਿਲਾ ਉਨ੍ਹਾਂ ਦਾ ਜੀਵਨ ਰੁਤਬਾ ਬਹੁਤਾ ਚੰਗਾ ਨਹੀਂ ਸੀ, ਸਗੋਂ ਕਈ ਬਾਬੇ ਤਾਂ ਬੇਰੋਜ਼ਗਾਰੀ ਨੇ ਇਸ ਕਦਰ ਸਤਾਏ ਹੋਏ ਸਨ ਕਿ ਉਨ੍ਹਾਂ ਨੂੰ ਕੋਈ ਮਜ਼ਦੂਰੀ ਲਈ ਵੀ ਨਹੀਂ ਸੀ ਲਿਜਾਂਦਾ ਪਰ ਹੁਣ ਅਖੌਤੀ ਸੰਤ ਬਣ ਕੇ ਸੰਗਤਾਂ ਨੂੰ ਪ੍ਰਵਚਨ ਕਰ ਰਹੇ ਹਨ ਅਤੇ ਵਧੀਆ ਠਾਠ ਬਾਠ ਦੀ ਜ਼ਿੰਦਗੀ ਜਿਉਂਦੇ ਹੋਏ ਹਰ ਟਾਇਮ ਆਪਣੇ ਸੱਤ ਸੰਗੀਆਂ ਤੋਂ ਗੋਡੇ ਘੁਟਵਾਉਂਦੇ ਹੋਏ ਨਜ਼ਰੀ ਆਉਂਦੇ ਹਨ। ਇਨ੍ਹਾਂ ’ਚੋਂ ਕਈ ਬਾਬਿਆਂ ਵੱਲੋਂ ਵੱਖ-ਵੱਖ ਬੀਮਾਰੀਆਂ ਦੇ ਪੁੱਠੇ ਸਿੱਧੇ ਇਲਾਜ ਵੀ ਕੀਤੇ ਜਾ ਰਹੇ ਹਨ। ਬੇਔਲਾਦੇ ਲੋਕਾਂ ਨੂੰ ਮੁੰਡੇ ਵੰਡਣ ਵਾਲੇ ਕੁਝ ਅਖੌਤੀ ਸਾਧੂਆਂ ਵੱਲੋਂ ਚੋਂਕੀਆਂ ਭਰਵਾਉਣ ਤੋਂ ਇਲਾਵਾ ਗਰਭਵਤੀ ਔਰਤਾਂ ਨੂੰ ਦਵਾਈਆਂ ਵੀ ਦਿੱਤੀਆਂ ਜਾਂਦੀਆਂ ਹਨ। ਇਸ ਇਲਾਵੇ ਦੀ ਵੱਸੋਂ ਦਾ ਇਕ ਬਹੁਤ ਵੱਡਾ ਹਿੱਸਾ ਇਨ੍ਹਾਂ ਬਾਬਿਆਂ ਦੇ ਚੱਕਰ ਵਿਚ ਫਸਿਆ ਹੋਇਆ ਹੈ ਅਤੇ ਹਰ ਟਾਇਮ ਸੜਕਾਂ ਉਪਰ ਡਬਲ ਛੱਤਾ ਬਣਾ ਬਣਾ ਕੇ ਸ਼ਰਧਾਲੂਆਂ ਦੇ ਭਰੇ ਟਰੱਕ ਇਨ੍ਹਾਂ ਡੇਰਿਆਂ ਵੱਲ ਜਾਂਦੇ ਆਮ ਵੇਖਣ ਨੂੰ ਮਿਲਦੇ ਹਨ।
ਫਗਵਾੜਾ ’ਚ ਮਾਚਿਸ ਨਾਲ ਖੇਡਦੇ ਸਮੇਂ ਲੱਗੀ ਅੱਗ, ਜਿਊਂਦਿਆਂ ਸੜੀ 7 ਸਾਲਾ ਬੱਚੀ ਦੀ ਮੌਤ
NEXT STORY