ਗੁਰਦਾਸਪੁਰ(ਵਿਨੋਦ)–ਬੀਤੇ ਕੁਝ ਮਹੀਨਿਆਂ ਤੋਂ ਜੰਮੂ-ਕਸ਼ਮੀਰ ਸੂਬੇ ਨਾਲ ਲੱਗਦੀ ਲਗਭਗ ਸਾਰੀ ਹੀ ਐੱਲ. ਓ. ਸੀ. 'ਤੇ ਤਣਾਅ ਬਣਿਆ ਹੋਇਆ ਹੈ, ਦੋਵਾਂ ਪਾਸਿਆਂ ਤੋਂ ਗੋਲਾਬਾਰੀ ਹੋਣਾ ਹੁਣ ਇਕ ਆਮ ਗੱਲ ਹੋ ਚੁੱਕੀ ਹੈ, ਜਿਸ ਕਾਰਨ ਪਾਕਿਸਤਾਨ ਦੀ ਗੁਪਤਚਰ ਏਜੰਸੀ ਆਈ. ਐੱਸ. ਆਈ. ਨੂੰ ਭਾਰਤ 'ਚ ਆਪਣੇ ਅੱਤਵਾਦੀਆਂ ਦੀ ਘੁਸਪੈਠ ਕਰਵਾਉਣਾ ਮੁਸ਼ਕਲ ਹੋ ਗਿਆ ਹੈ। ਇਸ ਲਈ ਉਨ੍ਹਾਂ ਹੁਣ ਪੰਜਾਬ ਦੀ ਉਹ ਸਰਹੱਦ, ਜੋ ਜੰਮੂ-ਕਸ਼ਮੀਰ ਸੂਬੇ ਨਾਲ ਲੱਗਦੀ ਹੈ ਜਾਂ ਨਜ਼ਦੀਕ ਪੈਦੀ ਹੈ, ਦੇ ਰਸਤੇ ਘੁਸਪੈਠ ਕਰਵਾਉਣ ਦੀ ਯੋਜਨਾ ਬਣਾਈ ਹੈ।
ਸੂਤਰਾਂ ਅਨੁਸਾਰ ਇਸ ਸਮੇਂ ਰਾਵੀ ਦਰਿਆ ਸਮੇਤ ਉੱਜ ਦਰਿਆ, ਜਲਾਲੀਆਂ ਤੇ ਤਰਨਾਹ ਦਰਿਆਵਾਂ 'ਚ ਪਾਣੀ ਦਾ ਬਹਾਅ ਬਹੁਤ ਜ਼ਿਆਦਾ ਹੈ। ਪਹਾੜਾਂ ਵਿਚ ਹੋ ਰਹੀ ਜ਼ੋਰਦਾਰ ਬਰਸਾਤ ਦੇ ਕਾਰਨ ਦਰਿਆਵਾਂ 'ਚ ਪਾਣੀ ਜ਼ਿਆਦਾ ਹੋਣ ਦਾ ਲਾਭ ਪਾਕਿਸਤਾਨ ਦੀ ਗੁਪਤਚਰ ਏਜੰਸੀ ਜ਼ਿਆਦਾ ਤੋਂ ਜ਼ਿਆਦਾ ਚੁੱਕਣ ਦੀ ਕੋਸ਼ਿਸ਼ ਵਿਚ ਹੈ। ਇਕ ਤਾਂ ਪਾਕਿਸਤਾਨ ਦੇ ਮੁਕਾਬਲੇ ਭਾਰਤੀ ਇਲਾਕਾ ਲਗਭਗ 6-7 ਫੁੱਟ ਢਲਾਨ 'ਤੇ ਹੋਣ ਕਾਰਨ ਦਰਿਆਵਾਂ 'ਚ ਵੱਗਦੇ ਪਾਣੀ ਦਾ ਦਬਾਅ ਅਤੇ ਬਹਾਅ ਭਾਰਤੀ ਇਲਾਕੇ ਦੀ ਵੱਲ ਬਣਿਆ ਰਹਿੰਦਾ ਹੈ, ਜਿਸ ਕਾਰਨ ਅੱਤਵਾਦੀਆਂ ਨੂੰ ਬਿਨਾਂ ਹੱਥ ਪੈਰ ਮਾਰੇ ਪਾਣੀ ਦੇ ਰਸਤੇ ਘੁਸਪੈਠ ਕਰਨਾ ਆਸਾਨ ਹੋ ਜਾਂਦਾ ਹੈ।
ਨੀਟਾ ਨੂੰ ਸੌਂਪੀ ਜ਼ਿੰਮੇਵਾਰੀ
ਸੂਤਰਾਂ ਮੁਤਾਬਿਕ ਪੰਜਾਬ 'ਚ ਅੱਤਵਾਦੀਆਂ ਦੀ ਘੁਸਪੈਠ ਕਰਾਉਣ ਦੀ ਜ਼ਿੰਮੇਵਾਰੀ ਆਈ. ਐੱਸ. ਆਈ. ਨੇ ਪਾਕਿਸਤਾਨ 'ਚ ਸ਼ਰਨ ਲਈ ਬੈਠੇ ਖਾਲਿਸਤਾਨੀ ਵਿਚਾਰਧਾਰਾ ਦੇ ਖਾਲਿਸਤਾਨ ਜ਼ਿੰਦਾਬਾਦ ਫੋਰਸ ਦੇ ਚੀਫ ਰਣਜੀਤ ਸਿੰਘ ਨੀਟਾ ਨੂੰ ਸੌਂਪੀ ਹੈ।ਰਣਜੀਤ ਸਿੰਘ ਨੀਟਾ ਪੰਜਾਬ ਦੀ ਸਰਹੱਦ ਤੋਂ ਪੂਰੀ ਤਰ੍ਹਾਂ ਨਾਲ ਜਾਣੂ ਹੈ। ਬੇਸ਼ੱਕ ਉਹ ਜੰਮੂ ਦਾ ਰਹਿਣ ਵਾਲਾ ਹੈ ਪਰ ਉਹ ਜ਼ਿਆਦਾ ਘੁਸਪੈਠ, ਜਾਅਲੀ ਕਰੰਸੀ ਤੇ ਨਸ਼ੀਲੇ ਪਦਾਰਥ ਭਾਰਤ ਭੇਜਣ ਦਾ ਕੰਮ ਪੰਜਾਬ ਦੀ ਸਰਹੱਦ ਦੇ ਰਸਤੇ ਹੀ ਕਰਦਾ ਹੈ।
ਬੀਤੇ ਸਮੇਂ 'ਚ ਦੀਨਾਨਗਰ ਪੁਲਸ ਸਟੇਸ਼ਨ 'ਤੇ ਹਮਲਾ ਕਰਨ ਵਾਲੇ ਪਾਕਿਸਤਾਨੀ ਅੱਤਵਾਦੀ ਅਤੇ 1 ਜਨਵਰੀ 2016 ਨੂੰ ਪਠਾਨਕੋਟ ਏਅਰਬੇਸ 'ਤੇ ਹਮਲਾ ਕਰਨ ਵਾਲੇ ਅੱਤਵਾਦੀ ਵੀ ਪੰਜਾਬ ਦੀ ਸਰਹੱਦ ਰਸਤੇ ਦਰਿਆ ਦੇ ਪਾਣੀ ਦੀ ਮਦਦ ਨਾਲ ਭਾਰਤ 'ਚ ਦਾਖ਼ਲ ਹੋਏ ਸੀ। ਇਸ ਲਈ ਆਉਣ ਵਾਲੇ ਸਮੇਂ ਵਿਚ ਇਸ ਸਰਹੱਦ 'ਤੇ ਘੁਸਪੈਠ ਦੀ ਕੋਸ਼ਿਸ਼ ਜ਼ਿਆਦਾ ਹੋਵੇਗੀ।
ਰਣਜੀਤ ਸਿੰਘ ਨੀਟਾ, ਜੋ ਕਦੀ ਜੰਮੂ ਸ਼ਹਿਰ 'ਚ ਛੋਟੀ ਜਿਹੀ ਦੁਕਾਨ 'ਚ ਬੈਠ ਕੇ ਬਿਜਲੀ ਮੁਰੰਮਤ ਦਾ ਕਾਰੋਬਾਰ ਕਰਦਾ ਸੀ, ਉਹੀ ਨੌਜਵਾਨ ਇਸ ਸਮੇਂ ਪਾਕਿਸਤਾਨ ਦੀ ਗੁਪਤਚਰ ਏਜੰਸੀ ਆਈ. ਐੱਸ. ਆਈ. ਦਾ ਸਭ ਤੋਂ ਵੱਧ ਵਿਸ਼ਵਾਸਪਾਤਰ ਵਿਅਕਤੀ ਬਣ ਕੇ ਭਾਰਤ 'ਚ ਪੰਜਾਬ ਰਸਤੇ ਅੱਤਵਾਦੀਆਂ ਦੀ ਘੁਸਪੈਠ ਕਰਵਾਉਣ ਸਮੇਤ ਜਾਅਲੀ ਭਾਰਤੀ ਕਰੰਸੀ ਤੇ ਨਸ਼ੀਲੇ ਪਦਾਰਥਾਂ ਦੀ ਪਾਕਿਸਤਾਨ ਤੋਂ ਭਾਰਤ ਵਿਚ ਸਪਲਾਈ ਕਰਨ ਦੀ ਸਾਰੀ ਜ਼ਿੰਮੇਵਾਰੀ ਸੰਭਾਲੀ ਬੈਠਾ ਹੈ। ਰਣਜੀਤ ਸਿੰਘ ਉਰਫ਼ ਨੀਟਾ ਸਭ ਤੋਂ ਪਹਿਲਾਂ ਮੁੰਬਈ 'ਚ ਅੱਤਵਾਦੀ ਗਤੀਵਿਧੀਆਂ ਚਲਾਉਣ ਦੇ ਦੋਸ਼ ਵਿਚ ਗ੍ਰਿਫ਼ਤਾਰ ਹੋਇਆ ਸੀ ਅਤੇ ਉਥੇ ਜ਼ਮਾਨਤ ਕਰਵਾਉਣ ਤੋਂ ਬਾਅਦ 1991 ਵਿਚ ਉਹ ਪਾਕਿਸਤਾਨ ਚਲਾ ਗਿਆ ਅਤੇ ਉਦੋਂ ਤੋਂ ਉਹ ਭਾਰਤ ਨਹੀਂ ਆਇਆ ਪਰ ਸਮੇਂ-ਸਮੇਂ 'ਤੇ ਉਹ ਘੁਸਪੈਠ ਕਰਵਾਉਣ ਅਤੇ ਨਸ਼ੀਲੇ ਪਦਾਰਥ ਪੰਜਾਬ ਸਰਹੱਦ ਰਸਤੇ ਭੇਜਣ ਵਿਚ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਆਇਆ ਹੈ। ਨੀਟਾ ਆਪਣੀ ਮੰਗੇਤਰ ਚਰਨਜੀਤ ਕੌਰ ਨੂੰ ਵੀ ਪਾਕਿਸਤਾਨ ਲੈ ਜਾਣ ਵਿਚ ਸਫ਼ਲ ਹੋ ਗਿਆ। ਉਦੋਂ ਤੋਂ ਰਣਜੀਤ ਸਿੰਘ ਦੇ ਦਿਸ਼ਾ-ਨਿਰਦੇਸ਼ਾਂ 'ਤੇ ਬਾਬੂ ਨਾਂ ਦਾ ਇਕ ਵਿਅਕਤੀ ਉਸ ਦੀ ਮੰਗੇਤਰ ਚਰਨਜੀਤ ਕੌਰ ਅਤੇ ਉਸਦੀ ਭੈਣ ਰਵਿੰਦਰ ਕੌਰ ਉਰਫ਼ ਟੀਟੂ ਨੂੰ ਨੇਪਾਲ ਲੈ ਗਿਆ। ਇਥੇ ਇਨ੍ਹਾਂ ਦੋਵਾਂ ਲੜਕੀਆਂ ਦੀ ਵੱਡੀ ਭੈਣ ਮਨਪ੍ਰੀਤ ਕੌਰ ਰਹਿੰਦੀ ਸੀ। ਉਥੇ ਇਕ ਹੋਰ ਲੜਕੇ ਨਾਲ ਚਰਨਜੀਤ ਕੌਰ ਪਾਕਿਸਤਾਨ ਚਲੀ ਗਈ। ਇਸ ਸਮੇਂ ਉਹ ਲਾਹੌਰ ਦੇ ਕੋਲ ਬਾਹਰੀ ਇਲਾਕੇ 'ਚ ਇਕ ਕੋਠੀ ਵਿਚ ਆਪਣੀ ਪਤਨੀ ਤੇ ਲੜਕੀ ਨਾਲ ਰਹਿ ਰਿਹਾ ਹੈ ਅਤੇ ਆਈ. ਐੱਸ. ਆਈ. ਅਧਿਕਾਰੀ ਉਸ ਦੇ ਕੋਲ ਰੈਗੂਲਰ ਆਉਂਦੇ ਰਹਿੰਦੇ ਹਨ। ਨੀਟਾ ਵੀ ਕੁਝ ਦਿਨਾਂ ਤੋਂ ਭਾਰਤ-ਪਾਕਿਸਤਾਨ ਸਰਹੱਦ 'ਤੇ ਪਾਕਿਸਤਾਨੀ ਰੇਂਜਰਾਂ ਦੇ ਨਾਲ ਵੇਖਿਆ ਗਿਆ ਹੈ।
ਨੀਟਾ ਨੇ ਹੁਣ ਆਈ. ਐੱਸ. ਆਈ. ਦੇ ਹੁਕਮ 'ਤੇ ਕਸ਼ਮੀਰੀ 'ਚ ਅੱਤਵਾਦੀਆਂ ਨੂੰ ਭੇਜਣ ਲਈ ਪੰਜਾਬ ਰਸਤੇ ਘੁਸਪੈਠ ਕਰਵਾਉਣ ਦੀ ਕੋਸ਼ਿਸ਼ ਅਧੀਨ ਸਰਹੱਦੀ ਇਲਾਕਿਆਂ 'ਚ ਦੌਰਾ ਕਰਨਾ ਸ਼ੁਰੂ ਕਰ ਦਿੱਤਾ ਹੈ ਅਤੇ ਭਾਰਤ 'ਚ ਆਪਣੇ ਸੂਤਰਾਂ ਨਾਲ ਵੀ ਸੰਪਰਕ ਕਰ ਰਿਹਾ ਹੈ।
ਕਿਸੇ ਵੀ ਕੀਮਤ 'ਤੇ ਘੁਸਪੈਠ ਨਹੀਂ ਹੋਣ ਦਿੱਤੀ ਜਾਵੇਗੀ : ਗੁਰਪਾਲ ਸਿੰਘ
ਭਾਰਤ-ਪਾਕਿਸਤਾਨ ਸਰਹੱਦ 'ਤੇ ਰਾਵੀ ਦਰਿਆ ਸਮੇਤ ਹੋਰ ਦਰਿਆਵਾਂ 'ਚ ਪਾਣੀ ਜ਼ਿਆਦਾ ਆਉਣ ਕਾਰਨ ਨੁਕਸਾਨੀ ਗਈ ਕੰਡਿਆਲੀ ਤਾਰ ਅਤੇ ਪਾਣੀ 'ਚ ਡੁੱਬੀ ਕੰਡਿਆਲੀ ਤਾਰ ਸੰਬੰਧੀ ਡੀ. ਆਈ. ਜੀ. ਗੁਰਪਾਲ ਸਿੰਘ ਦਾ ਕਹਿਣਾ ਹੈ ਕਿ ਸਰਹੱਦ 'ਤੇ ਸੁਰੱਖਿਆ ਬਲ ਦੇ ਜਵਾਨ ਹਰ ਚੁਣੌਤੀ ਦਾ ਸਾਹਮਣਾ ਕਰਨ 'ਚ ਪੂਰੀ ਤਰ੍ਹਾਂ ਨਾਲ ਮਜ਼ਬੂਤ ਹਨ। ਉਨ੍ਹਾਂ ਸਵੀਕਾਰ ਕੀਤਾ ਕਿ ਜਦ ਹੜ੍ਹ ਆਉਂਦਾ ਹੈ ਤਾਂ ਅੰਤਰਰਾਸ਼ਟਰੀ ਸਰਹੱਦ ਦੀ ਨਿਸ਼ਾਨਦੇਹੀ ਵੀ ਪ੍ਰਭਾਵਿਤ ਹੁੰਦੀ ਹੈ ਅਤੇ ਕੰਡਿਆਲੀ ਤਾਰ ਵੀ ਨੁਕਸਾਨੀ ਜਾਂਦੀ ਹੈ।
ਕੁਝ ਸਥਾਨਾਂ 'ਤੇ ਤਾਂ ਕੰਡਿਆਲੀ ਤਾਰ ਪਹਿਲਾਂ ਹੀ ਦਰਿਆ 'ਚ ਵਿਛਾਈ ਹੋਈ ਹੈ ਅਤੇ ਕੁਝ ਸਥਾਨਾਂ 'ਤੇ ਦਰਿਆ ਦਾ ਪਾਣੀ ਆ ਜਾਣ ਦੇ ਕਾਰਨ ਤਾਰ ਪਾਣੀ 'ਚ ਡੁੱਬ ਜਾਂਦੀ ਹੈ। ਅਜਿਹੇ ਸਥਾਨਾਂ ਦੀ ਪਛਾਣ ਸੁਰੱਖਿਆ ਬਲ ਦੇ ਜਵਾਨ ਕਰ ਕੇ ਰੱਖਦੇ ਹਨ ਅਤੇ ਇਨ੍ਹਾਂ ਸਥਾਨਾਂ 'ਤੇ ਵਾਧੂ ਫੋਰਸ ਤਾਇਨਾਤ ਕਰ ਦਿੱਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਗੁਰਦਾਸਪੁਰ ਸੈਕਟਰ 'ਚ ਪੈਦੀ ਅੰਤਰਰਾਸ਼ਟਰੀ ਸਰਹੱਦ 'ਤੇ ਘੁਸਪੈਠ ਨੂੰ ਰੋਕਣ ਲਈ ਕਈ ਪ੍ਰਬੰਧ ਕੀਤੇ ਜਾ ਚੁੱਕੇ ਹਨ ਅਤੇ ਪਾਕਿਸਤਾਨ ਤੋਂ ਹੋਣ ਵਾਲੀ ਕਿਸੇ ਵੀ ਤਰ੍ਹਾਂ ਦੀ ਘੁਸਪੈਠ ਨੂੰ ਸਫਲ ਨਹੀਂ ਹੋਣ ਦਿੱਤਾ ਜਾਵੇਗਾ।
ਸਾਈਡ ਨਾ ਦੇਣ ਕਾਰਨ 2 ਵਾਹਨ ਚਾਲਕਾਂ ਵਿਚਾਲੇ ਹੋਇਆ ਵਿਵਾਦ
NEXT STORY