ਚੰਡੀਗੜ੍ਹ: (ਰਮਨਜੀਤ)- ਬੇਅਦਬੀ ਘਟਨਾਵਾਂ ਬਾਅਦ ਪ੍ਰਦਰਸ਼ਨਾਂ ਦੌਰਾਨ ਬਹਿਬਲਕਲਾਂ ਅਤੇ ਕੋਟਕਪੂਰਾ 'ਚ ਹੋਏ ਗੋਲੀਕਾਂਡ 'ਚ ਮੁਲਜ਼ਿਮ ਦੇ ਤੌਰ 'ਤੇ ਗ੍ਰਿਫਤਾਰ ਕੀਤੇ ਗਏ ਆਈ.ਜੀ. ਪਰਮਰਾਜ ਸਿੰਘ ਉਮਰਾਨੰਗਲ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ। ਰਾਜ ਦੇ ਗ੍ਰਹਿ ਵਿਭਾਗ ਵਲੋਂ ਇਸ ਸਬੰਧੀ ਵੀਰਵਾਰ ਨੂੰ ਹੁਕਮ ਜਾਰੀ ਕੀਤੇ ਗਏ। ਪੁਲਸ ਅਧਿਕਾਰੀ ਦੇ ਗ੍ਰਿਫਤਾਰ ਹੋਣ ਤੇ ਜੇਲ੍ਹ ਜਾਣ ਦੀ ਸੂਚਨਾ ਮਿਲਣ ਤੋਂ ਬਾਅਦ ਇਹ ਰਸਮੀ ਕਾਰਵਾਈ ਕੀਤੀ ਗਈ ਹੈ।
ਜਾਣਕਾਰੀ ਮੁਤਾਬਿਕ ਆਈ.ਜੀ. ਉਮਰਾਨੰਗਲ ਨੂੰ ਬਹਿਬਲਕਲਾਂ ਮਾਮਲੇ 'ਚ ਗ੍ਰਿਫਤਾਰ ਕੀਤੇ ਜਾਣ ਅਤੇ ਹੁਣ ਕਾਨੂੰਨੀ ਹਿਰਾਸਤ 'ਚ ਹੋਣ ਸਬੰਧੀ ਰਸਮੀ ਸੂਚਨਾ ਇਸ ਹਫ਼ਤੇ ਪ੍ਰਾਪਰ ਚੈਨਲ ਰਾਹੀਂ ਪਹੁੰਚੀ ਸੀ। ਸਾਰੀਆਂ ਰਸਮਾਂ ਪੂਰੀਆਂ ਕਰਨ ਤੋਂ ਬਾਅਦ ਗ੍ਰਹਿ ਵਿਭਾਗ ਵਲੋਂ ਆਈ.ਜੀ. ਉਮਰਾਨੰਗਲ ਨੂੰ ਸਸਪੈਂਡ ਕਰਨ ਦਾ ਹੁਕਮ ਜਾਰੀ ਕਰ ਦਿੱਤਾ ਗਿਆ।
ਉੱਧਰ, ਬਹਿਬਲਕਲਾਂ ਗੋਲੀਕਾਂਡ ਦੀ ਜਾਂਚ ਕਰ ਰਹੀ ਸਪੈਸ਼ਲ ਇੰਵੈਸਟੀਗੇਸ਼ਨ ਟੀਮ ਵਲੋਂ ਗ੍ਰਿਫਤਾਰ ਕਰਨ ਤੇ ਪੁਲਸ ਰਿਮਾਂਡ ਖਤਮ ਹੋਣ ਤੋਂ ਬਾਅਦ ਪਟਿਆਲਾ ਸਥਿਤ ਕੇਂਦਰੀ ਜੇਲ੍ਹ 'ਚ ਬੰਦ ਆਈ.ਜੀ. ਉਮਰਾਨੰਗਲ ਵਲੋਂ ਆਪਣੀ ਜ਼ਮਾਨਤ ਲਈ ਵੀ ਅਦਾਲਤ 'ਚ ਪਟੀਸ਼ਨ ਦਾਖਲ ਕੀਤੀ ਗਈ ਹੈ। ਧਿਆਨ ਰਹੇ ਕਿ ਆਈ.ਜੀ. ਉਮਰਾਨੰਗਲ ਨੂੰ ਐਸ.ਆਈ.ਟੀ. ਵਲੋਂ ਬੀਤੀ 18 ਫਰਵਰੀ ਨੂੰ ਚੰਡੀਗੜ੍ਹ ਦੇ ਸੈਕਟਰ-9 ਸਥਿਤ ਪੁਲਸ ਹੈਡਕੁਆਟਰ 'ਚ ਇਕ ਮੀਟਿੰਗ ਤੋਂ ਬਾਅਦ ਗ੍ਰਿਫਤਾਰ ਕੀਤਾ ਗਿਆ ਸੀ। ਜਿਸ ਸਮੇਂ ਬਹਿਬਲਕਲਾਂ ਅਤੇ ਕੋਟਕਪੂਰਾ 'ਚ ਉਕਤ ਘਟਨਾਵਾਂ ਹੋਈਆਂ ਸਨ, ਉਸ ਸਮੇਂ ਤਤਕਾਲੀ ਕਮਿਸ਼ਨਰ ਆਫ ਪੁਲਸ ਲੁਧਿਆਣਾ ਦੇ ਤੌਰ 'ਤੇ ਤਾਇਨਾਤ ਉਮਰਾਨੰਗਲ ਫਰੀਦਕੋਟ 'ਚ ਹੀ ਮੌਜੂਦ ਸਨ। ਇਸ ਗੱਲ ਦੀ ਪੁਸ਼ਟੀ ਹਾਲ ਹੀ 'ਚ ਸਾਬਕਾ ਡੀ.ਜੀ.ਪੀ. ਸੁਮੇਧ ਸਿੰਘ ਸੈਣੀ ਵਲੋਂ ਵੀ ਐਸ.ਆਈ.ਟੀ. ਨੂੰ ਦਿੱਤੇ ਆਪਣੇ ਬਿਆਨ 'ਚ ਕੀਤੀ ਗਈ ਹੈ।
ਪੰਜਾਬ ਸਰਕਾਰ ਵਲੋਂ 6 PPS ਅਫਸਰਾਂ ਦਾ ਤਬਾਦਲਾ
NEXT STORY