ਜਲੰਧਰ (ਬੁਲੰਦ)—ਜਲੰਧਰ ਸ਼ਹਿਰ ਨਾਜਾਇਜ਼ ਸ਼ਰਾਬ ਦਾ ਗੜ੍ਹ ਬਣ ਚੁੱਕਾ ਹੈ। ਰੋਜ਼ਾਨਾ ਸ਼ਹਿਰ ਦੇ ਕਈ ਇਲਾਕਿਆਂ ਵਿਚ ਬਾਹਰੀ ਸੂਬਿਆਂ ਤੋਂ ਆਉਣ ਵਾਲੀ ਸ਼ਰਾਬ ਛੋਟੀਆਂ ਗੱਡੀਆਂ ਤੇ ਆਟੋਜ਼ ਵਿਚ ਰੱਖ ਕੇ ਸਪਲਾਈ ਕੀਤੀ ਜਾ ਰਹੀ ਹੈ। ਮਾਮਲੇ ਬਾਰੇ ਸ਼ਰਾਬ ਦੇ ਕਾਰੋਬਾਰ ਨਾਲ ਜੁੜੇ ਸੂਤਰਾਂ ਦੀ ਮੰਨੀਏ ਤਾਂ ਸ਼ਹਿਰ ਵਿਚ ਸ਼ਰਾਬ ਦਾ ਕਾਰੋਬਾਰ ਕਰੋੜਾਂ ਰੁਪਏ ਦਾ ਹੈ ਪਰ ਇਸ ਨੂੰ ਰੋਕਣ ਲਈ ਪੁਲਸ ਤੇ ਆਬਕਾਰੀ ਵਿਭਾਗ ਸਖਤੀ ਨਹੀਂ ਦਿਖਾਉਂਦੇ ਕਿਉਂਕਿ ਇਸ ਵਿਚ ਸਿੱਧੇ ਤੌਰ 'ਤੇ ਰਾਜਨੀਤਕ ਦਬਾਅ ਹੈ।
ਨੇਤਾਵਾਂ ਦੇ ਕਰੀਬੀ ਬਾਹੂਬਲੀ ਚਲਾ ਰਹੇ ਸ਼ਰਾਬ ਰੈਕੇਟ
ਸ਼ਰਾਬ ਕਾਰੋਬਾਰ ਨਾਲ ਜੁੜੇ ਲੋਕ ਦੱਸਦੇ ਹਨ ਕਿ ਜਲੰਧਰ ਹੀ ਨਹੀਂ ਪੂਰੇ ਪੰਜਾਬ ਵਿਚ ਨਾਜਾਇਜ਼ ਸ਼ਰਾਬ ਦੇ ਕਾਰੋਬਾਰ ਨੇ ਪੈਰ ਪਸਾਰੇ ਹੋਏ ਹਨ। ਨਸ਼ਾ ਰੋਕਣ ਦੀਆਂ ਗੱਲਾਂ ਕਰਨ ਵਾਲੀਆਂ ਰਾਜਨੀਤਕ ਪਾਰਟੀਆਂ ਦੇ ਆਪਣੇ ਨੇਤਾਵਾਂ ਦੇ ਕਰੀਬੀ ਹੀ ਜਲੰਧਰ ਸਣੇ ਪੰਜਾਬ ਦੇ ਹੋਰ ਜ਼ਿਲਿਆਂ ਵਿਚ ਨਾਜਾਇਜ਼ ਸ਼ਰਾਬ ਦਾ ਕਾਰੋਬਾਰ ਚਲਾ ਰਹੇ ਹਨ। ਜਲੰਧਰ ਵਿਚ ਵੀ ਮੌਜੂਦਾ ਸਰਕਾਰ ਦੇ ਦੋ ਵੱਡੇ ਨੇਤਾਵਾਂ ਦੇ ਕਰੀਬੀ ਬਾਹੂਬਲੀ ਨਾਜਾਇਜ਼ ਸ਼ਰਾਬ ਦਾ ਕਾਰੋਬਾਰ ਧੜੱਲੇ ਨਾਲ ਚਲਾ ਰਹੇ ਹਨ। ਹੈਰਾਨੀ ਵਾਲੀ ਗੱਲ ਹੈ ਕਿ ਪੁਲਸ ਨੂੰ ਉਕਤ ਸਾਰੇ ਰੈਕੇਟ ਦੀ ਪੂਰੀ ਜਾਣਕਾਰੀ ਹੋਣ ਦੇ ਬਾਵਜੂਦ ਨਾਜਾਇਜ਼ ਸ਼ਰਾਬ ਦੇ ਕਾਰੋਬਾਰ ਨੂੰ ਇਸ ਲਈ ਨਹੀਂ ਰੋਕਿਆ ਜਾ ਰਿਹਾ ਕਿਉਂਕਿ ਇਸ ਕਾਰੋਬਾਰ ਨਾਲ ਜੁੜੇ ਬਾਹੂਬਲੀ ਨੇਤਾਵਾਂ ਨੂੰ ਚੋਣਾਂ ਵਿਚ ਪੈਸਾ ਤੇ ਮੈਨਪਾਵਰ ਮੁਹੱਈਆ ਕਰਵਾਉਂਦੇ ਹਨ। ਜਲੰਧਰ ਨਾਰਥ ਹਲਕੇ ਵਿਚ ਤਾਂ ਜਾਣਕਾਰੀ ਅਨੁਸਾਰ ਨਾਜਾਇਜ਼ ਸ਼ਰਾਬ ਦਾ ਸਾਰਾ ਕਾਰੋਬਾਰ ਹੀ ਇਕ ਮੌਜੂਦਾ ਕੌਂਸਲਰ ਨੇ ਸੰਭਾਲਿਆ ਹੋਇਆ ਹੈ। ਸਾਰੀ ਸ਼ਰਾਬ ਦੀ ਕੁਲੈਕਸ਼ਨ ਅਤੇ ਪ੍ਰਾਫਿਟ ਦਾ ਹਿਸਾਬ ਕੌਂਸਲਰ ਹੀ ਦੇਖ ਰਿਹਾ ਹੈ। ਜਿੰਨੇ ਇਲਾਕੇ ਦੇ ਸ਼ਰਾਬ ਵੇਚਣ ਵਾਲੇ ਕਰਿੰਦੇ ਹਨ ਉਹ ਮੌਜੂਦਾ ਕੌਂਸਲਰ ਨੂੰ ਰਿਪੋਰਟ ਕਰਦੇ ਸੁਣੇ ਜਾਂਦੇ ਹਨ।
ਇਸੇ ਤਰ੍ਹਾਂ ਇਕ ਹੋਰ ਸ਼ਰਾਬ ਸਮੱਗਲਰ ਬਾਰੇ ਜਾਣਕਾਰੀ ਮਿਲੀ ਹੈ ਕਿ ਉਹ ਤਾਂ ਸਿੱਧਾ ਹਰਿਆਣਾ ਤੇ ਹੋਰ ਸੂਬਿਆਂ ਤੋਂ ਸ਼ਰਾਬ ਦਾ ਵੱਡਾ ਟਰੱਕ ਭਰ ਕੇ ਲਿਆਉਂਦਾ ਹੈ ਤੇ ਉਸਨੂੰ ਸਟੋਰ ਕਰਨ ਲਈ ਪਠਾਨਕੋਟ ਰੋਡ ਦੇ ਨੇੜੇ ਇਕ ਡੰਪ ਬਣਾਇਆ ਗਿਆ ਹੈ ਜਿਥੋਂ ਇਹ ਛੋਟੀਆਂ ਗੱਡੀਆਂ ਵਿਚ ਭਰ ਕੇ ਜ਼ਿਲੇ ਦੇ ਵੱਖ-ਵੱਖ ਇਲਾਕਿਆਂ ਵਿਚ ਪਹੁੰਚਾਈ ਜਾਂਦੀ ਹੈ। ਉਕਤ ਸਮੱਗਲਰ ਬਾਰੇ ਪਤਾ ਲੱਗਾ ਹੈ ਕਿ ਉਸ ਦੀ ਪੁਲਸ ਵਿਚ ਇਸ ਤਰ੍ਹਾਂ ਸੈਟਿੰਗ ਹੈ ਕਿ ਜਦੋਂ ਉਹ ਆਪ ਥੋੜ੍ਹੇ ਦਿਨਾਂ ਵਿਚ ਪੁਲਸ ਨੂੰ ਆਪਣਾ ਇਕ ਕਰਿੰਦਾ ਅਤੇ ਕੁਝ ਪੇਟੀਆਂ ਸ਼ਰਾਬ ਫੜਵਾ ਦਿੰਦਾ ਹੈ ਤਾਂ ਜੋ ਪੁਲਸ ਵਾਲੇ ਵੀ ਖੁਸ਼ ਰਹਿਣ ਤੇ ਆਪਣਾ ਕੰਮ ਵੀ ਚੱਲਦਾ ਰਹੇ। ਉਕਤ ਸਮੱਗਲਰ ਨੂੰ ਬੀਤੇ ਮਹੀਨੇ ਰੋਪੜ ਦੇ ਨਜ਼ਦੀਕ ਵੱਡੀ ਮਾਤਰਾ ਵਿਚ ਸ਼ਰਾਬ ਨਾਲ ਫੜੇ ਜਾਣ ਦੀ ਅਤੇ ਫਿਰ ਲੱਖਾਂ ਰੁਪਇਆਂ ਵਿਚ ਸੈਟਿੰਗ ਕਰਕੇ ਛੱਡੇ ਜਾਣ ਦੀ ਚਰਚਾ ਵੀ ਖੂਬ ਰਹੀ ਸੀ। ਜਲੰਧਰ ਵਿਚ ਜਦੋਂ ਵੀ ਪੁਲਸ ਉਕਤ ਸਮੱਗਲਰ ਨੂੰ ਗ੍ਰਿਫਤਾਰ ਕਰਦੀ ਹੈ ਤਾਂ ਉਸ ਦੇ ਕਰਿੰਦੇ ਨੂੰ ਹੀ ਫੜਿਆ ਜਾਂਦਾ ਹੈ। ਉਸ ਨੂੰ ਕੋਈ ਹੱਥ ਨਹੀਂ ਲਾਉਂਦਾ।
ਆਬਕਾਰੀ ਵਿਭਾਗ ਟਾਰਗੈੱਟ ਪੂਰੇ ਕਰਨ ਤੱਕ ਸੀਮਤ
ਉਧਰ ਸ਼ਰਾਬ ਦੇ ਕਾਰੋਬਾਰ ਦੇ ਨਜ਼ਰਸਾਨੀ ਲਈ ਆਬਕਾਰੀ ਵਿਭਾਗ ਆਪਣੀ ਜ਼ਿੰਮੇਵਾਰੀ ਸਿਰਫ ਸਰਕਾਰ ਤੋਂ ਮਿਲੇ ਮਾਲੀਆ ਟਾਰਗੈੱਟ ਨੂੰ ਹੀ ਪੂਰਾ ਕਰਨ ਤੱਕ ਹੀ ਨਿਭਾ ਰਿਹਾ ਹੈ। ਜਾਣਕਾਰ ਦੱਸਦੇ ਹਨ ਕਿ ਆਬਕਾਰੀ ਤੇ ਟੈਕਸੇਸ਼ਨ ਵਿਭਾਗ ਨਾ ਤਾਂ ਸ਼ਹਿਰ ਦੇ ਕਲੱਬਾਂ ਤੇ ਪੱਬਾਂ ਦੀ ਚੈਕਿੰਗ ਕਰ ਰਿਹਾ ਹੈ ਜਿਥੇ ਦੇਰ ਰਾਤ ਤੱਕ ਸ਼ਰਾਬ ਪਰੋਸੀ ਜਾਂਦੀ ਹੈ ਤੇ ਨਾ ਹੀ ਨਾਜਾਇਸ਼ ਤਰੀਕੇ ਨਾਲ ਸ਼ਹਿਰ ਵਿਚ ਵਿਕਣ ਵਾਲੀ ਸ਼ਰਾਬ 'ਤੇ ਨਕੇਲ ਕੱਸਣ ਲਈ ਯਤਨਸ਼ੀਲ ਹੈ। ਮਾਮਲੇ ਬਾਰੇ ਆਬਕਾਰੀ ਵਿਭਾਗ ਦੇ ਇਕ ਅਧਿਕਾਰੀ ਨਾਲ ਗੱਲ ਕੀਤੀ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਆਬਕਾਰੀ ਵਿਭਾਗ ਨਾਜਾਇਜ਼ ਸ਼ਰਾਬ ਨੂੰ ਰੋਕਣ ਲਈ ਨਾਕੇ ਲਾਉਂਦਾ ਹੈ ਤੇ ਸ਼ਰਾਬ ਫੜਦਾ ਵੀ ਹੈ ਪਰ ਪੁਲਸ ਦੀ ਮਿਲੀਭੁਗਤ ਕਾਰਨ ਸੂਬੇ ਵਿਚ ਸ਼ਰਾਬ ਮਾਫੀਆ ਪੈਰ ਪਸਾਰ ਰਿਹਾ ਹੈ।
ਉਧਰ ਪੁਲਸ ਕਮਿਸ਼ਨਰੇਟ ਦੇ ਇਕ ਅਧਿਕਾਰੀ ਨਾਲ ਗੱਲ ਕੀਤੀ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਕਮਿਸ਼ਨਰੇਟ ਪੁਲਸ ਨੇ ਜਿੰਨੀ ਨਾਜਾਇਜ਼ ਸ਼ਰਾਬ ਫੜੀ ਹੈ ਕਿਸੇ ਨੇ ਨਹੀਂ ਫੜੀ ਹੋਵੇਗੀ। ਪੁਲਸ ਅਧਿਕਾਰੀ ਦਾ ਕਹਿਣਾ ਹੈ ਕਿ ਜਿੱਥੇ ਕਿਤੇ ਵੀ ਨਾਜਾਇਜ਼ ਸ਼ਰਾਬ ਹੋਣ ਦਾ ਪਤਾ ਲੱਗਦਾ ਹੈ ਅਸੀਂ ਰੇਡ ਕਰ ਕੇ ਸ਼ਰਾਬ ਦੇ ਸਮੱਗਲਰਾਂ 'ਤੇ ਕਾਰਵਾਈ ਕਰਦੇ ਹਾਂ।
ਨਾਜਾਇਜ਼ ਸ਼ਰਾਬ ਨਾਲ ਵੱਧਦਾ ਹੈ ਨਸ਼ੇ ਦਾ ਕਾਰੋਬਾਰ- ਸੰਦੀਪ ਸਿੰਘ
ਮਾਮਲੇ ਬਾਰੇ ਗੱਲਬਾਤ ਕਰਦੇ ਹੋਏ ਸਮਾਜਕ ਕਾਰਜਕਰਤਾ ਸੰਦੀਪ ਸਿੰਘ ਮੱਕੜ ਦਾ ਕਹਿਣਾ ਹੈ ਕਿ ਸਮਾਜ ਵਿਚ ਨਸ਼ਾ ਕਿਸੇ ਵੀ ਤਰ੍ਹਾਂ ਦਾ ਹੋਵੇ ਨੁਕਸਾਨਦੇਹ ਹੁੰਦਾ ਹੈ। ਉਨ੍ਹਾਂ ਕਿਹਾ ਕਿ ਨਾਜਾਇਜ਼ ਸ਼ਰਾਬ ਦਾ ਕਾਰੋਬਾਰ ਕਰਨ ਵਾਲਿਆਂ 'ਤੇ ਨਕੇਲ ਕੱਸਣੀ ਜ਼ਰੂਰੀ ਹੈ ਨਹੀਂ ਤਾਂ ਇਹ ਅੱਗੇ ਜਾ ਕੇ ਹੋਰ ਨਾਜਾਇਜ਼ ਕਾਰੋਬਾਰ ਜਿਵੇਂ ਸਿੰਥੈਟਿਕ ਡਰੱਗਜ਼, ਨਾਜਾਇਜ਼ ਹਥਿਆਰਾਂ ਆਦਿ ਦੀ ਸਮੱਗਲਿੰਗ ਕਰਨ ਲੱਗਦੇ ਹਨ। ਇਸ ਲਈ ਪੁਲਸ ਨੂੰ ਇਸ ਬਾਰੇ ਸਖਤ ਐਕਸ਼ਨ ਲੈਣਾ ਚਾਹੀਦਾ ਹੈ।
'ਅੰਤਰਰਾਸ਼ਟਰੀ ਯੋਗ ਦਿਵਸ' ਅੱਜ, ਪੰਜਾਬੀਆਂ ਨੇ ਦਿਖਾਇਆ ਭਾਰੀ ਉਤਸ਼ਾਹ
NEXT STORY