ਖਰੜ (ਅਮਰਦੀਪ, ਰਣਬੀਰ) – ਨਗਰ ਕੌਂਸਲ ਖਰੜ ਵਲੋਂ ਨਾਜਾਇਜ਼ ਕਬਜ਼ਿਆਂ ਨੂੰ ਚੁਕਵਾਉਣ ਦੀ ਸ਼ੁਰੂ ਕੀਤੀ ਗਈ ਮੁਹਿੰਮ ਤਹਿਤ ਹਸਪਤਾਲ ਰੋਡ 'ਤੇ ਦੁਕਾਨਦਾਰਾਂ ਵਲੋਂ ਕੀਤੇ ਨਾਜਾਇਜ਼ ਕਬਜ਼ਿਆਂ ਨੂੰ ਚੁਕਵਾਇਆ ਗਿਆ। ਅੱਜ ਸਵੇਰੇ ਨਗਰ ਕੌਂਸਲ ਦੇ ਈ. ਓ. ਸੰਦੀਪ ਤਿਵਾੜੀ, ਐੱਸ. ਓ. ਮੋਹਣਪਾਲ ਸਿੰਘ, ਐੱਸ. ਓ. ਸੁਖਜਿੰਦਰ ਸਿੰਘ, ਚੀਫ ਸੈਨੇਟਰੀ ਇੰਸਪੈਕਟਰ ਰਾਜੇਸ਼ ਕੁਮਾਰ, ਸੈਨੇਟਰੀ ਇੰਸਪੈਕਟਰ ਹਰਦਰਸ਼ਨ ਸਿੰਘ, ਐੱਸ. ਐੱਚ. ਓ. ਇੰਸਪੈਕਟਰ ਸਤਨਾਮ ਸਿੰਘ, ਏ. ਐੱਸ. ਆਈ. ਸਿਕੰਦਰ ਸਿੰਘ ਤੇ ਹੋਰ ਪੁਲਸ ਅਧਿਕਾਰੀਆਂ ਦੀ ਟੀਮ ਹਸਪਤਾਲ ਰੋਡ 'ਤੇ ਪੁੱਜੀ ਤੇ ਦੁਕਾਨਦਾਰਾਂ ਵਲੋਂ ਕੀਤੇ ਨਾਜਾਇਜ਼ ਕਬਜ਼ਿਆਂ ਨੂੰ ਹਟਵਾਉਣ ਲਈ ਕਿਹਾ ਪਰ ਦੁਕਾਨਦਾਰਾਂ ਨੇ ਜਦੋਂ ਨਾਜਾਇਜ਼ ਕਬਜ਼ੇ ਨਾ ਹਟਵਾਏ ਤਾਂ ਨਗਰ ਕੌਂਸਲ ਦੀ ਟੀਮ ਨੇ ਜੇ. ਸੀ. ਬੀ. ਮਸ਼ੀਨ ਰਾਹੀਂ ਕੀਤੇ ਨਾਜਾਇਜ਼ ਕਬਜ਼ੇ ਚੁੱਕੇ।
ਔਰਤ ਨੇ ਕੌਂਸਲ ਮੁਲਾਜ਼ਮ ਦੇ ਮਾਰਿਆ ਥੱਪੜ
ਜਦੋਂ ਨਗਰ ਕੌਂਸਲ ਦੀ ਟੀਮ ਦੁਕਾਨਾਂ ਅੱਗੇ ਕੀਤੇ ਨਾਜਾਇਜ਼ ਕਬਜ਼ਿਆਂ ਨੂੰ ਹਟਵਾ ਰਹੀ ਸੀ ਤਾਂ ਇਕ ਗਿਫਟ ਸ਼ਾਪ ਦੀ ਮਹਿਲਾ ਦੁਕਾਨਦਾਰ ਨੇ ਕੌਂਸਲ ਮੁਲਾਜ਼ਮ ਦੇ ਥੱਪੜ ਮਾਰਿਆ ਤੇ ਖੁਦ ਜੇ. ਸੀ. ਬੀ. ਮਸ਼ੀਨ ਅੱਗੇ ਖੜ੍ਹੀ ਹੋ ਗਈ ਤੇ ਨਾਜਾਇਜ਼ ਉਸਾਰੀ ਨੂੰ ਢਾਹੁਣ ਦਾ ਵਿਰੋਧ ਕਰਦਿਆਂ ਉਸਨੇ ਕਿਹਾ ਕਿ ਦੁਕਾਨਾਂ ਦੇ ਅੱਗੇ ਉਨ੍ਹਾਂ ਆਪਣੀ ਜਗ੍ਹਾ ਛੱਡੀ ਹੋਈ ਹੈ ਤੇ ਨਕਸ਼ੇ 'ਚ ਵੀ ਇਹ ਜਗ੍ਹਾ ਉਨ੍ਹਾਂ ਦੇ ਨਾਂ ਬੋਲਦੀ ਹੈ, ਉਹ ਇਸ ਜਗ੍ਹਾ 'ਤੇ ਪਾਈਆਂ ਟੀਨਾਂ ਨੂੰ ਨਹੀਂ ਤੋੜ ਸਕਦੇ।
ਜਦੋਂ ਲੇਡੀਜ਼ ਪੁਲਸ ਨੇ ਦੁਕਾਨਦਾਰ ਮਹਿਲਾ ਨੂੰ ਜੇ. ਸੀ. ਬੀ. ਮਸ਼ੀਨ ਅੱਗੋਂ ਹਟਣ ਲਈ ਕਿਹਾ ਤਾਂ ਉਸਨੇ ਕਾਫੀ ਧੱਕਾ-ਮੁੱਕੀ ਕੀਤੀ ਪਰ ਉਸਦੇ ਬਾਵਜੂਦ ਵੀ ਟੀਮ ਨੇ ਮਹਿਲਾ ਦੁਕਾਨਦਾਰ ਵਲੋਂ ਕੀਤੀ ਗਈ ਨਾਜਾਇਜ਼ ਉਸਾਰੀ ਢਾਹ ਦਿੱਤੀ। ਕਈ ਦੁਕਾਨਦਾਰਾਂ ਨੇ ਨਗਰ ਕੌਂਸਲ ਅਧਿਕਾਰੀਆਂ ਨਾਲ ਨਾਜਾਇਜ਼ ਕਬਜ਼ੇ ਤੋੜਨ 'ਤੇ ਹੱਥੋਪਾਈ ਕੀਤੀ। ਪੁਲਸ ਦੀ ਦਖਲਅੰਦਾਜ਼ੀ ਤੋਂ ਬਾਅਦ ਸਾਰੀਆਂ ਨਾਜਾਇਜ਼ ਉਸਾਰੀਆਂ ਤੋੜੀਆਂ ਗਈਆਂ।
ਲੇਡੀਜ਼ ਪੁਲਸ ਦੀ ਰਹੀ ਘਾਟ
ਥਾਣਾ ਸਿਟੀ ਖਰੜ 'ਚ ਕੋਈ ਵੀ ਲੇਡੀਜ਼ ਪੁਲਸ ਮੁਲਾਜ਼ਮ ਨਾ ਹੋਣ 'ਤੇ ਸਿਟੀ ਪੁਲਸ ਖਰੜ ਨੂੰ ਥਾਣਾ ਕੁਰਾਲੀ ਤੋਂ ਇਕ ਮਹਿਲਾ ਪੁਲਸ ਅਧਿਕਾਰੀ ਬੁਲਾਉਣੀ ਪਈ, ਜਿਸਨੇ ਮਹਿਲਾ ਦੁਕਾਨਦਾਰ ਨੂੰ ਵਿਰੋਧ ਕਰਦਿਆਂ ਕਾਬੂ ਕੀਤਾ।
ਸਾਰੇ ਨਾਜਾਇਜ਼ ਕਬਜ਼ੇ ਹਟਵਾਏ ਜਾਣਗੇ
ਨਗਰ ਕੌਂਸਲ ਖਰੜ ਦੇ ਕਾਰਜਸਾਧਕ ਅਫਸਰ ਸੰਦੀਪ ਤਿਵਾੜੀ ਨੇ ਆਖਿਆ ਕਿ ਸ਼ਹਿਰ 'ਚ ਹੋਏ ਸਮੂਹ ਨਾਜਾਇਜ਼ ਕਬਜ਼ੇ ਹਟਵਾਏ ਜਾਣਗੇ, ਕਿਸੇ ਵੀ ਦੁਕਾਨਦਾਰ ਨੂੰ ਨਾਜਾਇਜ਼ ਕਬਜ਼ੇ ਨਹੀਂ ਕਰਨ ਦਿੱਤੇ ਜਾਣਗੇ। ਉਨ੍ਹਾਂ ਦੁਕਾਨਦਾਰਾਂ ਨੂੰ ਆਖਿਆ ਕਿ ਉਹ ਨਾਜਾਇਜ਼ ਕਬਜ਼ੇ ਨਾ ਕਰਨ।
ਲੋਕਾਂ ਨੇ ਰਾਤ ਨੂੰ ਬਿਜਲੀ ਬੋਰਡ ਦੇ ਸਾਹਮਣੇ ਦਿੱਤਾ ਧਰਨਾ
NEXT STORY