ਮੋਗਾ (ਕਸ਼ਿਸ਼ ਸਿੰਗਲਾ) : ਜ਼ਿਲ੍ਹਾ ਸੈਸ਼ਨ ਜੱਜ ਮੈਡਮ ਨੀਲਮ ਅਰੋੜਾ ਦੀ ਅਦਾਲਤ ਨੇ ਲਗਭਗ 3 ਸਾਲ ਪਹਿਲਾਂ ਨੌਜਵਾਨ ਦਾ ਕਤਲ ਕਰਕੇ ਲਾਸ਼ ਨੂੰ ਖੁਰਦ-ਬੁਰਦ ਕਰਨ ਦੇ ਮਾਮਲੇ ਵਿਚ ਪੁਲਸ ਵੱਲੋਂ ਨਾਮਜ਼ਦ ਕੀਤੇ ਗਏ ਦੋ ਦੋਸ਼ੀਆਂ ਨੂੰ ਉਮਰ ਕੈਦ ਦੀ ਸਜ਼ਾ ਅਤੇ ਇੱਕ-ਇੱਕ ਲੱਖ ਰੁਪਏ ਜੁਰਮਾਨਾ ਭਰਨ ਦੇ ਹੁਕਮ ਦਿੱਤੇ ਹਨ। ਅਦਾਲਤ ਦੇ ਹੁਕਮਾਂ ਅਨੁਸਾਰ ਜੇਕਰ ਜੁਰਮਾਨਾ ਅਦਾ ਨਾ ਕੀਤਾ ਗਿਆ ਤਾਂ ਦੋਸ਼ੀਆਂ ਨੂੰ ਇੱਕ-ਇੱਕ ਸਾਲ ਦੀ ਵਾਧੂ ਕੈਦ ਵੀ ਕੱਟਣੀ ਪਵੇਗੀ। ਇਸ ਮਾਮਲੇ ਵਿਚ ਪੀੜਤ ਪੱਖ ਵੱਲੋਂ ਸਰਕਾਰੀ ਵਕੀਲ ਐਡਵੋਕੇਟ ਕੁਲਦੀਪ ਸਾਹਨੀ ਨੇ ਸੁਣਵਾਈ ਦੌਰਾਨ ਮਾਨਯੋਗ ਅਦਾਲਤ ਵਿਚ ਪੱਕੇ ਸਬੂਤ ਅਤੇ ਗਵਾਹ ਪੇਸ਼ ਕੀਤੇ।
ਇਸ ਸਬੰਧੀ 2 ਅਪ੍ਰੈਲ 2023 ਨੂੰ ਥਾਣਾ ਧਰਮਕੋਟ ਪੁਲਸ ਨੂੰ ਦਿੱਤੀ ਗਈ ਸ਼ਿਕਾਇਤ ਵਿਚ ਮ੍ਰਿਤਕ ਰਛਪਾਲ ਸਿੰਘ ਉਰਫ਼ ਸਾਜਨ ਦੇ ਪਿਤਾ ਜਗਸੀਰ ਸਿੰਘ ਉਰਫ਼ ਜੱਗਾ ਨੇ ਆਪਣੇ ਬਿਆਨ ਦਰਜ ਕਰਵਾਉਂਦੇ ਹੋਏ ਦੱਸਿਆ ਸੀ ਕਿ ਉਸ ਦੇ ਪੁੱਤਰ ਰਛਪਾਲ ਸਿੰਘ ਉਰਫ਼ ਸਾਜਨ ਨੂੰ ਪਿੰਡ ਦੇ ਹੀ ਤੋਤਾ ਸਿੰਘ ਦੇ ਪੁੱਤਰ ਗੁਰਤੇਜ ਸਿੰਘ ਉਰਫ਼ ਕੱਦੂ ਅਤੇ ਉਸ ਦੇ ਭਰਾ ਛਿੰਦਾ ਸਿੰਘ ਵੱਲੋਂ ਸਾਜ਼ਿਸ਼ ਤਹਿਤ ਘਟਨਾ ਤੋਂ ਪਹਿਲਾਂ ਦੀ ਰਾਤ ਫੋਨ ਕਰਕੇ ਆਪਣੇ ਘਰ ਬੁਲਾਇਆ ਗਿਆ ਸੀ। ਇਸ ਬਾਰੇ ਰਛਪਾਲ ਸਿੰਘ ਨੇ ਆਪਣੇ ਪਿੰਡ ਦੇ ਹੀ ਇੱਕ ਦੋਸਤ ਨੂੰ ਵੀ ਦੱਸਿਆ ਸੀ।
ਇਸ ਤੋਂ ਬਾਅਦ ਰਛਪਾਲ ਸਿੰਘ ਘਰ ਵਾਪਸ ਨਹੀਂ ਆਇਆ। ਖੋਜ ਕਰਨ ਉਪਰੰਤ ਪਰਿਵਾਰ ਵੱਲੋਂ ਪੁਲਸ ਨੂੰ ਸੂਚਿਤ ਕੀਤਾ ਗਿਆ। ਪੁਲਸ ਨੇ ਘਟਨਾ ਤੋਂ ਇਕ ਦਿਨ ਬਾਅਦ ਰਛਪਾਲ ਸਿੰਘ ਦੀ ਲਾਸ਼ ਨਜ਼ਦੀਕੀ ਨਹਿਰ ਵਿਚੋਂ ਬਰਾਮਦ ਕੀਤੀ। ਮਾਮਲੇ ਦੀ ਮੁੱਢਲੀ ਜਾਂਚ ਤੋਂ ਬਾਅਦ ਪੁਲਸ ਵੱਲੋਂ ਗੁਰਤੇਜ ਸਿੰਘ ਉਰਫ਼ ਕੱਦੂ ਪੁੱਤਰ ਤੋਤਾ ਸਿੰਘ ਅਤੇ ਉਸ ਦੇ ਭਰਾ ਛਿੰਦਾ ਸਿੰਘ ਪੁੱਤਰ ਤੋਤਾ ਸਿੰਘ ਖ਼ਿਲਾਫ਼ ਕਤਲ ਅਤੇ ਲਾਸ਼ ਨੂੰ ਖੁਰਦ-ਬੁਰਦ ਕਰਨ ਸਮੇਤ ਵੱਖ-ਵੱਖ ਧਾਰਾਵਾਂ ਅਧੀਨ ਕੇਸ ਦਰਜ ਕੀਤਾ ਗਿਆ ਸੀ।
9 ਸਾਲਾ ਬੱਚਾ ਲਾਪਤਾ, ਪੁਲਸ ਵੱਲੋਂ ਕਾਰਵਾਈ ਨਾ ਕਰਨ 'ਤੇ ਪਰਿਵਾਰ ਨੇ ਜਾਮ ਕੀਤੀ ਸੜਕ
NEXT STORY