ਜਲੰਧਰ (ਗੁਲਸ਼ਨ)–ਸ਼ੁੱਕਰਵਾਰ ਨੂੰ ਜਲੰਧਰ ’ਚ ਵੱਡੀ ਸਿਆਸੀ ਹਲਚਲ ਹੋਈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਾਬਕਾ ਪ੍ਰਧਾਨ ਅਤੇ ਸੀਨੀਅਰ ਅਕਾਲੀ ਆਗੂ ਬੀਬੀ ਜਗੀਰ ਕੌਰ ਨੇ ਜਲੰਧਰ ਲੋਕ ਸਭਾ ਦੀ ਜ਼ਿਮਨੀ ਚੋਣ ’ਚ ਭਾਜਪਾ-ਅਕਾਲੀ ਦਲ (ਸੰਯੁਕਤ) ਦੇ ਉਮੀਦਵਾਰ ਇੰਦਰ ਇਕਬਾਲ ਸਿੰਘ ਅਟਵਾਲ ਨੂੰ ਸਮਰਥਨ ਦੇਣ ਦਾ ਐਲਾਨ ਕੀਤਾ ਹੈ। ਪੰਜਾਬ ਦੀ ਸਿਆਸਤ ’ਚ ਇਹ ਐਲਾਨ ਭਵਿੱਖ ਵਿਚ ਵੀ ਅਹਿਮ ਸਾਬਿਤ ਹੋ ਸਕਦਾ ਹੈ। ਬੀਬੀ ਜਗੀਰ ਕੌਰ ਨੇ ਪੰਜਾਬ ਭਾਜਪਾ ਦੇ ਇੰਚਾਰਜ ਤੇ ਗੁਜਰਾਤ ਦੇ ਸਾਬਕਾ ਮੁੱਖ ਮੰਤਰੀ ਵਿਜੇ ਰੁਪਾਣੀ ਦੀ ਮੌਜੂਦਗੀ ’ਚ 66 ਫੁੱਟੀ ਰੋਡ ’ਤੇ ਆਯੋਜਿਤ ਪ੍ਰੋਗਰਾਮ ’ਚ ਇਹ ਐਲਾਨ ਕੀਤਾ ਹੈ। ਬੀਬੀ ਜਗੀਰ ਕੌਰ ਕਈ ਮੁੱਦਿਆਂ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਬਾਦਲ ਤੋਂ ਵੱਖ ਹੋ ਕੇ ਚੱਲ ਰਹੇ ਸਨ। ਉਨ੍ਹਾਂ ਨੂੰ ਪਾਰਟੀ ਵੱਲੋਂ ਨੋਟਿਸ ਵੀ ਭੇਜਿਆ ਗਿਆ ਸੀ। ਇਕ ਦਿਨ ਪਹਿਲਾਂ ਅਕਾਲੀ ਆਗੂ ਪਰਮਜੀਤ ਸਿੰਘ ਸਰਨਾ ਵੀ ਉਨ੍ਹਾਂ ਨੂੰ ਮਨਾਉਣ ਪੁੱਜੇ ਸਨ ਪਰ ਉਨ੍ਹਾਂ ਕਿਸੇ ਵੀ ਤਰ੍ਹਾਂ ਦੇ ਸਮਝੌਤੇ ਤੋਂ ਨਾਂਹ ਕਰ ਦਿੱਤੀ ਅਤੇ ਕਿਹਾ ਕਿ ਉਹ ਆਪਣੇ ਪੰਥਕ ਏਜੰਡੇ ’ਤੇ ਕੰਮ ਕਰ ਰਹੇ ਹਨ ਤੇ ਬਾਕੀ ਜੀਵਨ ਵੀ ਇਸੇ ’ਤੇ ਲਾਉਣਾ ਹੈ।
ਇਹ ਵੀ ਪੜ੍ਹੋ : ਪਾਕਿਸਤਾਨ ਦੇ ਸਾਬਕਾ ਆਰਮੀ ਚੀਫ਼ ਬਾਜਵਾ ਦੀ ਅਸ਼ਲੀਲ ਵੀਡੀਓ ਨਾਲ ਦੇਸ਼ ’ਚ ਆਇਆ ਭੂਚਾਲ
ਸ਼ੁੱਕਰਵਾਰ ਨੂੰ ਵੱਡੀ ਗਿਣਤੀ ’ਚ ਪਹੁੰਚੇ ਵਰਕਰਾਂ ਅਤੇ ਸਮਰਥਕਾਂ ਵਿਚਕਾਰ ਬੀਬੀ ਜਗੀਰ ਕੌਰ ਨੇ ਕਿਹਾ ਕਿ ਸਿੱਖ ਪੰਥ ਅਤੇ ਵਿਰਾਸਤ ਨਾਲ ਜੁੜੇ ਮੁੱਦਿਆਂ ਨੂੰ ਹੱਲ ਕਰਵਾਉਣ ਦੀ ਲੋੜ ਹੈ ਅਤੇ ਇਹ ਸਭ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿਚ ਹੀ ਸੰਭਵ ਹੋ ਸਕਦਾ ਹੈ, ਇਸ ਲਈ ਉਹ ਸਾਰੇ ਸਮਰਥਕਾਂ ਦੀ ਸਹਿਮਤੀ ਨਾਲ ਭਾਰਤੀ ਜਨਤਾ ਪਾਰਟੀ ਨੂੰ ਸਮਰਥਨ ਦੇਣ ਦਾ ਐਲਾਨ ਕਰਦੇ ਹਨ। ਉਨ੍ਹਾਂ ਕਿਹਾ ਕਿ ਸੁਖਦੇਵ ਸਿੰਘ ਢੀਂਡਸਾ ਸਿੱਖ ਪੰਥ ਨਾਲ ਜੁੜੇ ਵੱਖ-ਵੱਖ ਮੁੱਦਿਆਂ ਨੂੰ ਹੱਲ ਕਰਵਾਉਣ ਲਈ ਕੰਮ ਕਰ ਰਹੇ ਹਨ। ਇਹ ਸਾਰੇ ਭਾਜਪਾ ਦੇ ਸੀਨੀਅਰ ਆਗੂ ਵਿਜੇ ਰੁਪਾਣੀ ਦੇ ਸਾਹਮਣੇ ਰੱਖੇ ਗਏ ਹਨ।
ਇਹ ਵੀ ਪੜ੍ਹੋ : ਬੀਬੀ ਜਗੀਰ ਕੌਰ ਨੇ PM ਮੋਦੀ ਨੂੰ ਲਿਖਿਆ ਪੱਤਰ, ਸਿੱਖਾਂ ਦੇ ਧਾਰਮਿਕ ਮੁੱਦਿਆਂ ਨੂੰ ਲੈ ਕੇ ਕੀਤੀ ਅਪੀਲ
ਵਿਜੇ ਰੁਪਾਣੀ ਨੇ ਕਿਹਾ ਕਿ ਉਹ ਇਨ੍ਹਾਂ ਸਾਰੇ ਮੁੱਦਿਆਂ ਅਤੇ ਬੀਬੀ ਜਗੀਰ ਕੌਰ ਦੀਆਂ ਮੰਗਾਂ ਨੂੰ ਜਾਇਜ਼ ਸਮਝਦੇ ਹਨ। ਉਨ੍ਹਾਂ ਕਿਹਾ ਕਿ ਜਲਦ ਬੀਬੀ ਜਗੀਰ ਕੌਰ ਦੀ ਅਗਵਾਈ ’ਚ 5 ਮੈਂਬਰੀ ਵਫ਼ਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੀਟਿੰਗ ਕਰਵਾਉਣਗੇ। ਉਨ੍ਹਾਂ ਨੂੰ ਪੂਰੀ ਉਮੀਦ ਹੈ ਕਿ ਇਹ ਮੁੱਦੇ ਜਲਦ ਤੋਂ ਜਲਦ ਹੱਲ ਹੋਣਗੇ। ਇਸ ਮੀਟਿੰਗ ਦੌਰਾਨ ਲੋਕ ਸਭਾ ਦੀ ਜ਼ਿਮਨੀ ਚੋਣ ’ਚ ਭਾਜਪਾ-ਅਕਾਲੀ ਦਲ (ਸੰਯੁਕਤ) ਦੇ ਉਮੀਦਵਰ ਇੰਦਰ ਇਕਬਾਲ ਸਿੰਘ ਅਟਵਾਲ ਨੇ ਸਮਰਥਨ ਦੇਣ ਬੀਬੀ ਜਗੀਰ ਕੌਰ ਦਾ ਧੰਨਵਾਦ ਕੀਤਾ। ਇਸ ਮੌਕੇ ਸੀਨੀਅਰ ਭਾਜਪਾ ਆਗੂ ਇਕਬਾਲ ਸਿੰਘ ਲਾਲਪੁਰਾ, ਸਾਬਕਾ ਮੰਤਰੀ ਪਰਮਿੰਦਰ ਸਿੰਘ ਢੀਂਡਸਾ, ਰਾਜੇਸ਼ ਬਾਘਾ, ਜਗਜੀਤ ਸਿੰਘ ਗਾਬਾ, ਸਾਬਕਾ ਵਿਧਾਇਕ ਸਰਬਜੀਤ ਸਿੰਘ ਮੱਕੜ ਸਮੇਤ ਕਈ ਸੀਨੀਅਰ ਆਗੂ ਮੌਜੂਦ ਸਨ।
ਪੰਜਾਬ ਪੁਲਸ ਦੀ ਮਹਿਲਾ ਸਿਪਾਹੀ ਦਾ ਵੱਡਾ ਕਾਰਨਾਮਾ, ਹੋਸ਼ ਉਡਾਉਣ ਵਾਲੀ ਹੈ ਪੂਰੀ ਘਟਨਾ
NEXT STORY