ਚੰਡੀਗੜ੍ਹ (ਦੀਪੇਂਦਰ) : ਇੰਪੋਰਟਡ ਸਿਗਰਟ ਦੇ ਸੱਤ ਬੈਗਾਂ ਨਾਲ ਏਅਰਪੋਰਟ ਦੀ ਟ੍ਰੈਫਿਕ ਪੁਲਸ ਸਟਾਫ ਨੇ ਬੁੱਧਵਾਰ ਨੂੰ ਚਾਰ ਲੋਕਾਂ ਨੂੰ ਫੜ੍ਹਨ 'ਚ ਕਾਮਯਾਬੀ ਤਾਂ ਹਾਸਲ ਕਰ ਲਈ ਪਰ ਗੈਰ-ਕਾਨੂਨੀ ਤਰੀਕੇ ਨਾਲ ਹੋ ਰਹੀ ਇਸ ਸਮੱਗਲਿੰਗ ਨੇ ਏਅਰਪੋਰਟ ਦੇ ਅੰਦਰ ਦੀ ਸੁਰੱਖਿਆ ਵਿਵਸਥਾ 'ਤੇ ਸਵਾਲੀਆ ਨਿਸ਼ਾਨ ਖੜ੍ਹੇ ਕਰ ਦਿੱਤੇ। ਜਾਣਕਾਰੀ ਅਨੁਸਾਰ ਮੋਹਾਲੀ ਏਅਰਪੋਰਟ 'ਚ ਤਾਇਨਾਤ ਦੋ ਟ੍ਰੈਫਿਕ ਪੁਲਸ ਕਰਮਚਾਰੀਆਂ ਹਰਵਿੰਦਰ ਸਿੰਘ ਤੇ ਭਵਨਦੀਪ ਸਿੰਘ ਨੇ ਟੈਕਸੀ ਡਰਾਈਵਰਾਂ ਤੋਂ ਮਿਲੀ ਸੂਚਨਾ ਦੇ ਆਧਾਰ 'ਤੇ ਦੋ ਵਾਹਨਾਂ ਨੂੰ ਰੋਕਿਆ। ਪਾਰਕਿੰਗ ਏਰੀਆ 'ਚ ਖੜ੍ਹੀ ਮਹਿੰਦਰਾ ਮਰਾਜੋ ਅਤੇ ਟੋਇਟਾ ਇਨੋਵਾ ਦੀ ਚੈਕਿੰਗ ਦੌਰਾਨ ਸੱਤ ਬੈਗ ਜ਼ਬਤ ਕੀਤੇ ਗਏ। ਇਨ੍ਹਾਂ 'ਚੋਂ ਪਾਈਨ ਤੇ ਡਨਹਿਲ ਕੰਪਨੀ ਦੀਆਂ ਇੰਪੋਰਟਡ ਸਿਗਰਟਾਂ ਦੇ ਕਾਰਟਨ ਬਰਾਮਦ ਕੀਤੇ ਗਏ। ਇਨ੍ਹਾਂ ਦੋਵਾਂ ਵਾਹਨਾਂ 'ਚ ਸਵਾਰ ਚਾਰ ਵਿਅਕਤੀਆਂ ਨੂੰ ਮੌਕੇ 'ਤੇ ਹੀ ਫੜ੍ਹ ਲਿਆ ਗਿਆ। ਇਨ੍ਹਾਂ 'ਚੋਂ ਇਕ ਵਿਅਕਤੀ ਸਹਾਰਨਪੁਰ, ਦੂਜਾ ਦਿੱਲੀ ਤੇ ਤੀਜਾ ਵਿਅਕਤੀ ਫਰੁਖਾਬਾਦ ਯੂ. ਪੀ. ਦਾ ਦੱਸਿਆ ਜਾ ਰਿਹਾ ਹੈ, ਜਦੋਂ ਕਿ ਇਨ੍ਹਾਂ ਨਾਲ ਦਿੱਲੀ ਦੀ ਹੀ ਇਕ ਔਰਤ ਵੀ ਸ਼ਾਮਲ ਸੀ, ਜਿਨ੍ਹਾਂ ਨੂੰ ਬਾਅਦ 'ਚ ਏਅਰਪੋਰਟ ਮੋਹਾਲੀ ਦੇ ਪੁਲਸ ਸਟੇਸ਼ਨ 'ਚ ਭੇਜ ਦਿੱਤਾ। ਮਾਮਲੇ ਦੀ ਜਾਂਚ ਕਰਨ 'ਤੇ ਪਤਾ ਲੱਗਾ ਕਿ ਚਾਰੇ ਯਾਤਰੀ ਮੋਹਾਲੀ ਏਅਰਪੋਰਟ 'ਤੇ ਦੁਬਈ ਤੋਂ ਆਏ ਸਨ।
ਦੁਬਈ ਤੋਂ ਆਏ ਚਾਰੇ
ਇਹ ਚਾਰੇ ਯਾਤਰੀ ਇੰਡੀਗੋ ਦੀ ਫਲਾਈਟ ਨੰਬਰ-6 ਈ. 1324 'ਤੇ ਸਵਾਰ ਸਨ, ਜੋ ਸਵੇਰੇ 11:10 ਵਜੇ ਲੈਂਡ ਹੋਈ ਸੀ। ਜਾਂਚ ਕੀਤੀ ਗਈ ਤਾਂ ਹੈਰਾਨ ਕਰਨ ਵਾਲੀ ਗੱਲ ਸਾਹਮਣੇ ਆਈ ਕਿ ਦੁਬਈ ਤੋਂ ਮੋਹਾਲੀ ਤਕ ਇਨ੍ਹਾਂ ਇੰਪੋਰਟਡ ਸਿਗਰੇਟਸ ਨੂੰ ਲਿਆਉਣ ਲਈ ਚਾਰੇ ਵਿਅਕਤੀਆਂ ਕੋਲ ਕੋਈ ਵੀ ਸਹੀ ਦਸਤਾਵੇਜ਼ ਮੌਜੂਦ ਨਹੀਂ ਸੀ। ਇਹੀ ਨਹੀਂ, ਕਸਟਮ ਸਟਾਫ ਨੇ ਕਿਸ ਤਰ੍ਹਾਂ ਚਾਰੇ ਵਿਅਕੀਆਂ ਨੂੰ ਬਿਨਾਂ ਚੈਕਿੰਗ ਦੇ ਏਅਰਪੋਰਟ ਤੋਂ ਬਾਹਰ ਆਉਣ ਦਿੱਤਾ ਇਸ 'ਤੇ ਵੀ ਸਵਾਲ ਉੱਠਣ ਲੱਗੇ ਹਨ। ਸੂਤਰਾਂ ਦੀ ਮੰਨੀਏ ਤਾਂ ਇਹ ਪੂਰੀ ਘਟਨਾ ਏਅਰਪੋਰਟ ਅਤੇ ਪੁਲਸ ਸਟੇਸ਼ਨ ਦੇ ਸੀ. ਸੀ. ਟੀ. ਵੀ. ਕੈਮਰੇ 'ਚ ਵੀ ਕੈਦ ਹੋ ਚੁੱਕੀ ਹੈ। ਉਥੇ ਹੀ ਇਸ ਮਾਮਲੇ 'ਚ ਐੱਸ. ਐੱਚ. ਓ. ਏਅਰਪੋਰਟ ਰਣਦੀਪ ਕੁਮਾਰ ਨਾਲ ਸੰਪਰਕ ਕਰਨ ਦੀ ਵੀ ਕੋਸ਼ਿਸ਼ ਕੀਤੀ ਗਈ ਪਰ ਉਨ੍ਹਾਂ ਦਾ ਨੰਬਰ ਪਹੁੰਚ ਤੋਂ ਬਾਹਰ ਆਇਆ। ਮੈਸੇਜ ਵੀ ਕੀਤਾ ਗਿਆ ਪਰ ਕੋਈ ਰਿਪਲਾਈ ਨਹੀਂ ਮਿਲਿਆ।
ਕਸਟਮ ਸਕੈਨਿੰਗ ਏਰੀਆ 'ਚੋਂ ਕਿਵੇਂ ਨਿਕਲੇ ਚਾਰੇ
ਏਅਰਪੋਰਟ 'ਚ ਆਉਣ ਵਾਲੇ ਯਾਤਰੀਆਂ ਦੀ ਤਲਾਸ਼ੀ ਲਈ ਹਾਈਟੈੱਕ ਸਮੱਗਰੀ ਤਾਂ ਮੌਜੂਦ ਹੈ, ਬਾਵਜੂਦ ਇਸ ਦੇ ਕਸਟਮ ਸਕੈਨਿੰਗ ਏਰੀਆ ਤੋਂ ਚਾਰੇ ਵਿਅਕਤੀ ਆਪਣੇ ਸੱਤ ਬੈਗ ਕੱਢਣ 'ਚ ਕਾਮਯਾਬ ਹੋ ਗਏ, ਜੋ ਕਸਟਮ ਸਟਾਫ ਤੇ ਇਨ੍ਹਾਂ ਯਾਤਰੀਆਂ ਦੀ ਮਿਲੀਭੁਗਤ ਵੱਲ ਇਸ਼ਾਰਾ ਕਰਦਾ ਹੈ ਕਿਉਂਕਿ ਬਿਨਾਂ ਸਹੀ ਦਸਤਾਵੇਜ਼ਾਂ ਦੇ ਚਾਰੇ ਵਿਅਕਤੀ ਏਅਰਪੋਰਟ ਤੋਂ ਬਾਹਰ ਆ ਗਏ ਪਰ ਕਸਟਮ ਸਟਾਫ ਨੇ ਕੋਈ ਐਕਸ਼ਨ ਨਹੀਂ ਲਿਆ। ਇਹੀ ਨਹੀਂ, ਕਸਟਮ ਸਟਾਫ ਵਲੋਂ ਕਿਸੇ ਵੀ ਤਰ੍ਹਾਂ ਦੀ ਪੈਨਲਟੀ ਤਕ ਨਹੀਂ ਲਗਾਈ ਗਈ।
ਡੀ. ਡੀ. ਆਰ. ਵੀ ਨਹੀਂ ਹੋਈ ਦਰਜ
ਸੂਤਰਾਂ ਅਨੁਸਾਰ ਕਸਟਮ ਸਟਾਫ ਦੇ ਦੋ ਕਰਮਚਾਰੀ ਪੁਲਸ ਸਟੇਸ਼ਨ ਪੁੱਜੇ। ਇਹੀ ਨਹੀਂ, ਕਰਮਚਾਰੀਆਂ ਨੇ ਕਿਹਾ ਕਿ ਜੇਕਰ ਇਸ ਗਲਤੀ ਦੀ ਜਾਣਕਾਰੀ ਉੱਚ ਅਧਿਕਾਰੀਆਂ ਤਕ ਪਹੁੰਚ ਗਈ ਤਾਂ ਉਨ੍ਹਾਂ ਦੀ ਨੌਕਰੀ ਨੂੰ ਖਤਰਾ ਪੈਦਾ ਹੋ ਜਾਏਗਾ। ਇਸ ਲਈ ਕਸਟਮ ਅਫ਼ਸਰਾਂ ਦੀ ਨੌਕਰੀ ਬਚਾਉਣ ਲਈ ਏਅਰਪੋਰਟ ਪੁਲਸ ਸਟੇਸ਼ਨ ਦੇ ਸਟਾਫ ਨੇ ਡੀ. ਡੀ. ਆਰ. ਤਕ ਰਜਿਸਟਰ ਨਹੀਂ ਕੀਤੀ। ਮਾਮਲੇ 'ਚ ਜ਼ਬਤ ਕੀਤੇ ਗਏ ਦੋ ਵਾਹਨਾਂ ਨੂੰ ਵੀ ਇਸ ਕੇਸ ਤੋਂ ਬਾਹਰ ਰੱਖਿਆ ਗਿਆ।
ਇਹ ਰਚੀ ਗਈ ਨਵੀਂ ਕਹਾਣੀ
ਕਸਟਮ ਸਟਾਫ ਦੀ ਨੌਕਰੀ ਬਚਾਉਣ ਲਈ ਏਅਰਪੋਰਟ ਪੁਲਸ ਸਟੇਸ਼ਨ ਦੀ ਟੀਮ ਨੇ ਵੱਖਰੀ ਹੀ ਕਹਾਣੀ ਰਚੀ, ਜਿਸ ਤਹਿਤ ਕਸਟਮ ਸਟਾਫ ਨੇ ਏਅਰਪੋਰਟ ਪੁਲਸ ਸਟੇਸ਼ਨ ਦੀ ਟੀਮ ਦੀ ਮਦਦ ਨਾਲ ਚਾਰੇ ਵਿਅਕਤੀਆਂ ਨੂੰ ਦਬੋਚ ਲਿਆ। ਇਸ ਤੋਂ ਬਾਅਦ ਅੱਗੇ ਦੀ ਜਾਂਚ ਲਈ ਚਾਰੇ ਵਿਅਕਤੀਆਂ ਤੇ ਬੈਗਸ ਨੂੰ ਕਸਟਮ ਸਟਾਫ ਦੇ ਹਵਾਲੇ ਕਰ ਦਿੱਤਾ ਗਿਆ। ਇਕ ਟ੍ਰੈਫਿਕ ਪੁਲਸ ਕਰਮਚਾਰੀ ਨੇ ਇਹ ਸੂਚਨਾ ਐਕਸਾਈਜ਼ ਐਂਡ ਟੈਕਸੇਸ਼ਨ ਅਫ਼ਸਰ ਨੂੰ ਵੀ ਦਿੱਤੀ ਪਰ ਪੁਲਸ ਸਟੇਸ਼ਨ ਸਟਾਫ ਵਲੋਂ ਸਚਾਈ ਇਥੇ ਵੀ ਲੁਕਾ ਲਈ ਗਈ।
ਸ੍ਰੀ ਆਨੰਦਪੁਰ ਸਾਹਿਬ ਤੇ ਪਟਿਆਲਾ ਲਈ ਜ਼ਿਲੇ 'ਚ ਕੁੱਲ 749 ਪੋਲਿੰਗ ਸਟੇਸ਼ਨ ਬਣਾਏ : ਡਿਪਟੀ ਕਮਿਸ਼ਨਰ
NEXT STORY