ਮੋਹਾਲੀ (ਰਣਬੀਰ) : ਪਤੀ ਵੱਲੋਂ ਪਤਨੀ ਨੂੰ ਖ਼ੁਦਕੁਸ਼ੀ ਕਰਨ ਲਈ ਮਜਬੂਰ ਕਰਨ ਦੇ ਮਾਮਲੇ ’ਚ ਵਧੀਕ ਜ਼ਿਲ੍ਹਾ ਸੈਸ਼ਨ ਜੱਜ ਦੀ ਅਦਾਲਤ ਵੱਲੋਂ ਸਤਨਾਮ ਸਿੰਘ ਨਾਂ ਦੇ ਵਿਅਕਤੀ ਨੂੰ ਦੋਸ਼ੀ ਕਰਾਰ ਦਿੰਦਿਆਂ 7 ਸਾਲ ਦੀ ਕੈਦ ਤੇ 5 ਹਜ਼ਾਰ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਗਈ ਹੈ। ਜੁਰਮਾਨਾ ਅਦਾ ਨਾ ਕਰਨ ’ਤੇ 1 ਮਹੀਨੇ ਦੀ ਸਜ਼ਾ ਹੋਰ ਭੁਗਤਣੀ ਪਵੇਗੀ। ਜਾਣਕਾਰੀ ਅਨੁਸਾਰ ਸ਼ਿਕਾਇਤਕਰਤਾ ਮਨਿੰਦਰ ਸਿੰਘ ਵਾਸੀ ਪਿੰਡ ਹਰਦਾਸਪੁਰ ਜ਼ਿਲ੍ਹਾ ਪਟਿਆਲਾ ਨੇ ਥਾਣਾ ਸੋਹਾਣਾ ਦੀ ਪੁਲਸ ਨੂੰ ਦਿੱਤੀ ਸ਼ਿਕਾਇਤ ’ਚ ਦੱਸਿਆ ਸੀ ਕਿ ਉਸ ਦੀ ਭੈਣ ਕਰਮਜੀਤ ਕੌਰ ਦਾ ਵਿਆਹ ਨਵੰਬਰ 2020 ਨੂੰ ਪੂਰੇ ਰੀਤੀ-ਰਿਵਾਜ਼ਾਂ ਨਾਲ ਸਤਨਾਮ ਸਿੰਘ ਵਾਸੀ ਸਿੰਘ ਸੋਹਾਣਾ ਨਾਲ ਹੋਇਆ ਸੀ।
ਵਿਆਹ ਤੋਂ ਬਾਅਦ ਉਸ ਦੀ ਭੈਣ ਨੂੰ ਉਸ ਦਾ ਸਹੁਰਾ ਪਰਿਵਾਰ ਦਾਜ ਲਈ ਤੰਗ-ਪਰੇਸ਼ਾਨ ਕਰ ਰਿਹਾ ਸੀ। ਉਸ ਦੀ ਭੈਣ ਕੋਲ ਡੇਢ ਸਾਲ ਦਾ ਇਕ ਪੁੱਤਰ ਵੀ ਹੈ। ਉਸ ਦੀ ਭੈਣ ਜੋ ਕਿ ਕੁੱਟਮਾਰ ਤੋਂ ਬਾਅਦ ਪੇਕੇ ਘਰ ’ਚ ਹੀ ਸੀ, ਨੇ ਦੱਸਿਆ ਕਿ ਉਸ ਦੇ ਪਤੀ ਤੋਂ ਇਲਾਵਾ ਸੱਸ ਤੇ ਨਨਾਣ ਵੀ ਦਾਜ ਲਈ ਕੁੱਟਮਾਰ ਕਰਦੇ ਸਨ। ਉਨ੍ਹਾਂ ਕਿਹਾ ਕਿ ਸਤਨਾਮ ਸਿੰਘ ਵੱਲੋਂ ਦਾਜ ਲਈ ਜ਼ਿਆਦਾ ਤੰਗ ਕਰਨ ’ਤੇ ਉਸ ਨੂੰ ਮੋਟਰਸਾਈਕਲ ਲੈ ਕੇ ਦੇ ਦਿੱਤਾ ਸੀ ਪਰ ਮੋਟਰਸਾਈਕਲ ਲੈਣ ਤੋਂ ਬਾਅਦ ਸਤਨਾਮ ਸਿੰਘ ਸੋਨੇ ਦੇ ਕੜੇ ਦੀ ਮੰਗ ਕਰ ਰਿਹਾ ਸੀ।
ਜੁਲਾਈ 2023 ਨੂੰ ਉਸ ਦਾ ਜੀਜਾ ਉਨ੍ਹਾਂ ਦੇ ਘਰ ਆਇਆ ਤੇ ਉਸ ਦੀ ਭੈਣ ਨੂੰ ਪਿੰਡ ਸੋਹਾਣਾ ਲੈ ਗਿਆ। ਅਗਲੇ ਦਿਨ ਦੁਪਹਿਰ ਸਮੇਂ ਸਤਨਾਮ ਸਿੰਘ ਨੇ ਉਸ ਨੂੰ ਫੋਨ ਕਰ ਕੇ ਦੱਸਿਆ ਕਿ ਉਸ ਦੀ ਭੈਣ ਕਰਮਜੀਤ ਕੌਰ ਨੇ ਫ਼ਾਹਾ ਲਗਾ ਕੇ ਆਪਣੀ ਜੀਵਨ ਲੀਲਾ ਖ਼ਤਮ ਕਰ ਲਈ ਹੈ। ਸੂਚਨਾ ਮਿਲਦੇ ਹੀ ਕੁੜੀ ਦੇ ਘਰਵਾਲੇ ਮੌਕੇ ’ਤੇ ਪੁੱਜੇ ਅਤੇ ਉਸ ਦੀ ਲਾਸ਼ ਬੈੱਡ ’ਤੇ ਪਈ ਸੀ ਤੇ ਉਸ ਦੀ ਭੈਣ ਦਾ ਸਹੁਰਾ ਪਰਿਵਾਰ ਫ਼ਰਾਰ ਹੋ ਗਿਆ ਸੀ। ਪੁਲਸ ਨੇ ਇਸ ਮਾਮਲੇ ’ਚ ਸਤਨਾਮ ਸਿੰਘ ਤੇ ਉਸ ਦੀ ਮਾਂ ਤੇ ਭੈਣ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਸੀ ਤੇ ਬਾਅਦ ’ਚ ਸਤਨਾਮ ਸਿੰਘ ਖ਼ਿਲਾਫ਼ ਅਦਾਲਤ ’ਚ ਚਾਰਜਸ਼ੀਟ ਦਾਖ਼ਲ ਕੀਤੀ ਗਈ।
Punjab: ਹਾਦਸੇ ਨੇ ਦੋ ਘਰਾਂ 'ਚ ਵਿਛਾਏ ਸੱਥਰ, ਮਾਪਿਆਂ ਦੇ ਜਵਾਨ ਪੁੱਤਾਂ ਦੀ ਦਰਦਨਾਕ ਮੌਤ
NEXT STORY