ਬਟਾਲਾ/ਡੇਰਾ ਬਾਬਾ ਨਾਨਕ/ਜਲੰਧਰ (ਬੇਰੀ, ਮਾਂਗਟ, ਧਵਨ) : ਪੰਜਾਬ ’ਚ ਭਾਜਪਾ ਨਹੀਂ ਸਗੋਂ ਕੇਂਦਰੀ ਏਜੰਸੀਆਂ ਜਿਨ੍ਹਾਂ ’ਚ ਈ. ਡੀ., ਇਨਕਮ ਟੈਕਸ ਅਤੇ ਸੀ. ਬੀ. ਆਈ. ਸ਼ਾਮਲ ਹਨ, ਚੋਣ ਲੜ ਰਹੀਆਂ ਹਨ, ਕਿਉਂਕਿ ਇਹ ਹੀ ਰੋਜ਼ਾਨਾ ਪ੍ਰੈੱਸ ਨੋਟ ਜਾਰੀ ਕਰ ਰਹੀਆਂ ਹਨ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਬਟਾਲਾ ਅਤੇ ਡੇਰਾ ਬਾਬਾ ਨਾਨਕ ਵਿਖੇ ਚੋਣ ਰੈਲੀਆਂ ਨੂੰ ਸੰਬੋਧਨ ਕਰਨ ਮੌਕੇ ਭਾਜਪਾ ਨੂੰ ਕਰੜੇ ਹੱਥੀ ਲੈਂਦਿਆਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕੀਤਾ। ਉਨ੍ਹਾਂ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਅੱਜ ਹਰ ਤਰੀਕੇ ਨਾਲ ਪੰਜਾਬੀਆਂ ਨੂੰ ਦਬਾਉਣ ਦੀ ਕੋਸ਼ਿਸ਼ ਕਰ ਰਹੀ ਹੈ ਪਰ ਉਹ ਆਪਣੀਆਂ ਚਾਲਾਂ ’ਚ ਸਫਲ ਨਹੀਂ ਹੋਵੇਗੀ। ਉਨ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਫੇਰੀ ਦਾ ਜ਼ਿਕਰ ਕਰਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਨੂੰ ਸੂਬੇ ’ਚ ਕਿਸੇ ਤਰ੍ਹਾਂ ਦਾ ਕੋਈ ਖਤਰਾ ਨਹੀਂ ਸੀ ਪਰ ਉਨ੍ਹਾਂ ਜਾਣਬੁੱਝ ਕੇ ਇਸ ਮੁੱਦੇ ਨੂੰ ਸਿਆਸੀ ਰੰਗਤ ਦਿੱਤੀ, ਜੋ ਕਿ ਬਹੁਤ ਹੀ ਮੰਦਭਾਗੀ ਸੀ। ਇਸ ਦੌਰਾਨ ਚੰਨੀ ਨੇ ਕਿਹਾ ਹੈ ਕਿ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤਾਂ ਅਕਾਲੀ ਨੇਤਾ ਬਿਕਰਮ ਮਜੀਠੀਆ ’ਤੇ ਹੱਥ ਪਾ ਨਹੀਂ ਸਕੇ ਸਨ ਪਰ ਇਹ ਹਿੰਮਤ ਉਪ-ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਦਿਖਾਈ।
ਇਹ ਵੀ ਪੜ੍ਹੋ : ED ਨੇ ਜਿਸ ਮੁੱਖ ਮੰਤਰੀ ਤੇ ਭਾਣਜੇ ਤੋਂ 10 ਕਰੋੜ ਰੁਪਏ ਵਸੂਲੇ, ਉਹ ਗਰੀਬ ਮੁੱਖਮੰਤਰੀ ਨਹੀ ਹੋ ਸਕਦਾ : ਸੁਖਬੀਰ ਬਾਦਲ
ਉਨ੍ਹਾਂ ਕਿਹਾ ਕਿ ਉਪ-ਮੁੱਖ ਮੰਤਰੀ ਰੰਧਾਵਾ ਨੂੰ ਕਈ ਤਰ੍ਹਾਂ ਦੀਆਂ ਧਮਕੀਆਂ ਵੀ ਦਿੱਤੀਆਂ ਗਈਆਂ ਸਨ ਪਰ ਫਿਰ ਵੀ ਉਨ੍ਹਾਂ ਅਤੇ ਉਨ੍ਹਾਂ ਦੀ ਸਰਕਾਰ ਨੇ ਹਿੰਮਤ ਦਿਖਾਉਂਦੇ ਹੋਏ ਮਜੀਠੀਆ ਖ਼ਿਲਾਫ਼ ਕੇਸ ਦਰਜ ਕੀਤਾ। ਚੰਨੀ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਮਜੀਠੀਆ ਪਰਿਵਾਰ ਦੇ ਨਾਲ ਰਿਸ਼ਤੇਦਾਰੀਆਂ ਕੱਢ ਲਈਆਂ ਸਨ। ਉਨ੍ਹਾਂ ਕਿਹਾ ਕਿ ਜਨਤਾ ਨੇ ਜੇਕਰ ਉਨ੍ਹਾਂ ਨੂੰ 5 ਸਾਲਾਂ ਦਾ ਹੋਰ ਮੌਕਾ ਦਿੱਤਾ ਤਾਂ ਉਹ ਹਰ ਤਰ੍ਹਾਂ ਦੇ ਮਾਫੀਆ ਨੂੰ ਸੂਬੇ ਵਿਚੋਂ ਖਤਮ ਕਰ ਦੇਣਗੇ ਅਤੇ ਮਾਫੀਆ ਨੂੰ ਸੁਰੱਖਿਆ ਦੇਣ ਵਾਲੇ ਨੇਤਾਵਾਂ ਖਿਲਾਫ ਵੀ ਕਾਰਵਾਈ ਕਰਨਗੇ। ਉਨ੍ਹਾਂ ਐਲਾਨ ਕੀਤਾ ਕਿ ਚੋਣਾਂ ਤੋਂ ਬਾਅਦ ਜੇਕਰ ਕਾਂਗਰਸ ਨੂੰ ਫਤਵਾ ਮਿਲਿਆ ਤਾਂ ਉਨ੍ਹਾਂ ਦੀ ਸਰਕਾਰ ਵਿਚ ਰੰਧਾਵਾ ਫਿਰ ਤੋਂ ਡਿਪਟੀ ਸੀ. ਐੱਮ. ਬਣਨਗੇ। ਇਸ ਮੌਕੇ ਰੰਧਾਵਾ ਨੇ ਮੁੱਖ ਮੰਤਰੀ ਤੋਂ ਮੰਗ ਕੀਤੀ ਕਿ ਬਾਰਡਰ ਖੇਤਰ ਦੇ ਵਿਕਾਸ ਲਈ ਵਿਸ਼ੇਸ਼ ਪ੍ਰਾਜੈਕਟ ਲਿਆਂਦੇ ਜਾਣ, ਜਿਸ ਨਾਲ ਬੇਰੋਜ਼ਗਾਰੀ ਦੂਰ ਹੋ ਸਕੇ। ਉਨ੍ਹਾਂ 50 ਏਕੜ ਵਿਚ ਸਪੋਰਟਸ ਸਕੂਲ ਬਣਾਉਣ ਦੀ ਵੀ ਮੰਗ ਕੀਤੀ।
ਇਹ ਵੀ ਪੜ੍ਹੋ : ਪਾਰਟੀਆਂ ਤੈਅ ਮਿਆਦ ਤੋਂ ਪਹਿਲਾਂ ਅਪਰਾਧਿਕ ਪਿਛੋਕੜ ਸਬੰਧੀ ਜਾਣਕਾਰੀ ਪ੍ਰਕਾਸ਼ਿਤ ਕਰਵਾਉਣ : ਡਾ. ਰਾਜੂ
ਨੋਟ : ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ
ਪੰਜਾਬ 'ਚ ਤਿੰਨ ਸਾਬਕਾ ਲੋਕਲ ਬਾਡੀਜ਼ ਮੰਤਰੀ ਅਤੇ 2 ਦੇ ਪੁੱਤਰ ਲੜ ਰਹੇ ਵਿਧਾਨ ਸਭਾ ਚੋਣਾਂ
NEXT STORY