ਰੂਪਨਗਰ, (ਵਿਜੇ)- ਸਫਾਈ ਕਰਮਚਾਰੀ ਨਾਲ ਭੱਦਾ ਸਲੂਕ ਕਰਨ ਦੇ ਮਾਮਲੇ 'ਚ ਕੌਂਸਲ ਦੇ ਸਫਾਈ ਸੇਵਕਾਂ ਨੇ ਸਵੇਰੇ 7 ਵਜੇ ਤੋਂ ਲੈ ਕੇ 11 ਵਜੇ ਤੱਕ ਹੜਤਾਲ ਕੀਤੀ।
ਸ਼ਹਿਰ ਦੇ ਹਵੇਲੀ ਕਲਾਂ (ਵਾਰਡ ਨੰ. 1) 'ਚ ਸਤਲੁਜ ਕਾਲੋਨੀ ਗਲੀ ਨੰ. 3 'ਚ ਰਹਿੰਦੇ ਇਕ ਸੇਵਾ ਮੁਕਤ ਫੌਜੀ ਨੇ ਸਫਾਈ ਕਰਮਚਾਰੀ ਨਾਲ ਭੱਦਾ ਸਲੂਕ ਕੀਤਾ, ਜਿਸ ਨੂੰ ਸਫਾਈ ਕਰਮਚਾਰੀ ਨੇ ਘਰ ਦਾ ਕੂੜਾ ਕੂੜੇਦਾਨ 'ਚ ਸੁੱਟਣ ਲਈ ਕਿਹਾ ਸੀ। ਇਸ 'ਤੇ ਸਬੰਧਤ ਵਿਅਕਤੀ ਨੇ ਉਥੇ ਮੌਜੂਦ ਸਫਾਈ ਕਰਮਚਾਰੀ, ਜਿਸ ਨਾਲ ਮਹਿਲਾ ਕਰਮਚਾਰੀ ਵੀ ਸੀ, ਨਾਲ ਗਾਲੀ-ਗਲੋਚ ਕੀਤੀ। ਉਕਤ ਮਾਮਲਾ ਕੌਂਸਲ ਪ੍ਰਧਾਨ ਪਰਮਜੀਤ ਸਿੰਘ ਮਾਕੜ ਤੇ ਈ. ਓ. ਦੇ ਧਿਆਨ 'ਚ ਲਿਆਂਦਾ ਗਿਆ। ਦੂਜੇ ਪਾਸੇ, ਸਬੰਧਤ ਵਿਅਕਤੀ ਤੋਂ ਮੁਆਫੀ ਮੰਗੇ ਜਾਣ ਤੋਂ ਬਾਅਦ ਉਕਤ ਹੜਤਾਲ ਸਮਾਪਤ ਕਰ ਦਿੱਤੀ ਗਈ ਤੇ ਸਫਾਈ ਕਰਮਚਾਰੀ ਆਪਣੇ ਕੰਮ
'ਤੇ ਪਰਤੇ।
ਜ਼ਿਕਰਯੋਗ ਹੈ ਕਿ ਬੀਤੇ ਦਿਨ ਵੀ ਇਕ ਬਿੱਲ ਦੀ ਰਿਕਵਰੀ ਦੇ ਮਾਮਲੇ 'ਚ ਕੌਂਸਲ ਮੁਲਾਜ਼ਮ ਹੜਤਾਲ 'ਤੇ ਚਲੇ ਗਏ ਸੀ ਤੇ ਇਹ ਮਾਮਲਾ ਥਾਣੇ 'ਚ ਜਾ ਕੇ ਨਿਪਟਾਇਆ ਗਿਆ ਸੀ। ਇਸ ਮੌਕੇ ਸੰਪਰਕ ਕਰਨ 'ਤੇ ਕੌਂਸਲ ਪ੍ਰਧਾਨ ਪਰਮਜੀਤ ਸਿੰਘ ਮਾਕੜ ਨੇ ਕਿਹਾ ਕਿ ਇਸ ਮਾਮਲੇ 'ਚ ਸਬੰਧਤ ਵਿਅਕਤੀ ਨੇ ਉਨ੍ਹਾਂ ਦੇ ਸਾਹਮਣੇ ਸਫਾਈ ਕਰਮਚਾਰੀਆਂ ਤੋਂ ਮੁਆਫੀ ਮੰਗ ਲਈ ਹੈ ਤੇ ਕਰਮਚਾਰੀਆਂ ਨੇ ਹੜਤਾਲ ਸਮਾਪਤ ਕਰ ਦਿੱਤੀ। ਇਸ ਮੌਕੇ ਜੁਆਇੰਟ ਐਕਸ਼ਨ ਕਮੇਟੀ ਤੇ ਜਲ ਸਪਲਾਈ ਯੂਨੀਅਨ ਦੇ ਅਹੁਦੇਦਾਰ ਮੌਜੂਦ ਸਨ।
ਪਾਵਰ ਕਾਮ ਮੈਨੇਜਮੈਂਟ ਖਿਲਾਫ ਕੀਤੀ ਨਾਅਰੇਬਾਜ਼ੀ
NEXT STORY