ਤਲਵੰਡੀ ਭਾਈ (ਬੇਦੀ) : ਸਥਾਨਕ ਸ਼ਹਿਰ ਤਲਵੰਡੀ ਭਾਈ ’ਚ ਪਿਛਲੇ ਕੁੱਝ ਸਮੇਂ ਤੋਂ ਮੰਗਤਿਆਂ ਦੀ ਵੱਧ ਰਹੀ ਗਿਣਤੀ ਚਿੰਤਾ ਦਾ ਵਿਸ਼ਾ ਬਣੀ ਹੋਈ ਹੈ। ਜ਼ਿਕਰਯੋਗ ਹੈ ਕਿ ਇੱਕ ਪਾਸੇ ਜਿੱਥੇ ਸਰਕਾਰ ਵੱਲੋਂ ਭਿਖਾਰੀਆਂ ਦੇ ਡੀ. ਐੱਨ. ਏ. ਟੈਸਟ ਕਰਵਾਉਣ ਦੀ ਪ੍ਰਕਿਰਿਆ ਸ਼ੁਰੂ ਕੀਤੀ ਗਈ ਹੈ ਅਤੇ ਸਰਕਾਰ ਦੇ ਇਸ ਕਦਮ ਨੂੰ ਸ਼ਲਾਘਾਯੋਗ ਮੰਨਿਆ ਜਾ ਰਿਹਾ ਹੈ, ਓੱਥੇ ਹੀ ਤਲਵੰਡੀ ਭਾਈ ਖੇਤਰ ’ਚ ਭਿਖਾਰੀਆਂ ਦੀ ਵੱਧਦੀ ਗਿਣਤੀ ਨੇ ਸਭ ਨੂੰ ਚਿੰਤਾਂ ’ਚ ਪਾਇਆ ਹੋਇਆ ਹੈ। ਆਲਮ ਇਹ ਹੈ ਕਿ ਜਿੱਥੇ ਸਾਰਾ ਦਿਨ ਬਾਜ਼ਾਰ ’ਚ ਵੱਖ-ਵੱਖ ਧਾਰਮਿਕ ਸਥਾਨਾਂ ਦੇ ਬਾਹਰ ਭਿਖਾਰੀਆਂ ਦੀਆਂ ਟੋਲੀਆਂ ਵੇਖਣ ਨੂੰ ਮਿਲਦੀਆਂ ਹਨ, ਓੱਥੇ ਹੀ ਲੋਕਾਂ ਦੇ ਘਰਾਂ, ਦੁਕਾਨਾਂ, ਖਾਣ ਪੀਣ ਵਾਲੀਆਂ ਰੇਹੜੀਆਂ ਦੇ ਨਜ਼ਦੀਕ ਛੋਟੇ-ਛੋਟੇ ਬੱਚੇ ਦਾਨ ਦਾ ਪੈਸਾ ਹਾਸਲ ਕਰਨ ਲਈ ਹਰ ਕਿਸੇ ਦੀ ਪੇਂਟ ਜਾਂ ਕਮੀਜ਼ ਖਿੱਚਦੇ ਨਜ਼ਰੀਂ ਪੈ ਹੀ ਜਾਂਦੇ ਹਨ ਜਾਂ ਫਿਰ ਕਿਸੇ ਔਰਤ ਨੇ ਕੋਈ ਬੱਚਾ ਚੁੱਕਿਆ ਹੋਵੇਗਾ।
ਵੇਖਣ ’ਚ ਆਇਆ ਹੈ ਕਿ ਇਸ ਤਰ੍ਹਾਂ ਦੇ ਲੋਕ ਜ਼ਿਆਦਾਤਰ ਵੱਖ-ਵੱਖ ਸੂਬਿਆਂ ਤੋਂ ਆਏ ਹੋਏ ਪਰਵਾਸੀ ਹੀਂ ਹੁੰਦੇ ਹਨ। ਜਦੋਂ ਇਨ੍ਹਾਂ ਨੂੰ ਦੁਕਾਨਦਾਰ ਆਦਿ ਖ਼ਾਲੀ ਮੋੜ ਦੇਣ ਤਾਂ ਕਈ ਮੰਗਤੇ ਮਾੜਾ-ਚੰਗਾ ਬੋਲਣ ਤੋਂ ਵੀ ਨਹੀਂ ਟਲਦੇ। ਸ਼ਹਿਰ ਦੇ ਬੁੱਧੀਜੀਵੀਆਂ ਦਾ ਕਹਿਣਾ ਹੈ ਕਿ ਸਾਰਾ ਦਿਨ ਗਲੀਆਂ ’ਚ ਘੁੰਮਦੇ ਰਹਿਣ ਵਾਲੇ ਇਸ ਤਰ੍ਹਾਂ ਦੇ ਕਈ ਲੋਕ ਚੋਰੀ ਆਦਿ ਦੀਆਂ ਵਾਰਦਾਤਾਂ ਨੂੰ ਵੀ ਅੰਜ਼ਾਮ ਦੇ ਦਿੰਦੇ ਹਨ, ਜੋ ਕਿ ਸਭ ਤੋਂ ਵੱਧ ਚਿੰਤਾਂ ਦਾ ਵਿਸ਼ਾ ਹੈ ਤੇ ਕਿਸੇ ਘਰ ’ਚ ਇਕੱਲੀ ਬਜ਼ੁਰਗ ਔਰਤ ਆਦਿ ਹੋਣ ਦੀ ਸੂਰਤ ’ਚ ਅਣਸੁਖਾਵੀਂ ਘਟਨਾਂ ਨੂੰ ਅੰਜਾਮ ਦੇਣ ਤੋਂ ਵੀ ਗੁਰੇਜ਼ ਨਹੀਂ ਕਰਦੇ।
ਇਲਾਕੇ ਦੀਆਂ ਸਮਾਜਸੇਵੀ ਸੰਸਥਾਵਾਂ ਦੇ ਆਗੂਆਂ ਅਤੇ ਬੁੱਧੀਜੀਵੀਆਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਇਨ੍ਹਾਂ ’ਤੇ ਠੱਲ ਪਾਈ ਜਾਵੇ ਅਤੇ ਇਨ੍ਹਾਂ ਦੇ ਪਿਛੋਕੜ, ਵਰਤਮਾਨ ਰਿਹਾਇਸ਼, ਪਰਿਵਾਰ ਆਦਿ ਬਾਰੇ ਪੁਖ਼ਤਾ ਜਾਣਕਾਰੀ ਹਾਸਲ ਕੀਤੀ ਜਾਵੇ, ਤਾਂ ਜੋ ਦਾਨ ਮੰਗਣ ਦੀ ਆੜ ’ਚ ਚੱਲਣ ਵਾਲੇ ਵੱਖ-ਵੱਖ ਤਰ੍ਹਾਂ ਦੇ ਗਿਰੋਹ ਆਦਿ ਦਾ ਪਰਦਾਫਾਸ਼ ਹੋ ਸਕੇ ਅਤੇ ਮੰਗਤਿਆਂ ਦੀ ਵਧਦੀ ਗਿਣਤੀ ’ਤੇ ਰੋਕ ਲੱਗ ਸਕੇ।
ਘਰ ’ਚ ਵੜ ਕੇ ਕੀਤਾ ਹਮਲਾ, ਚੱਲੀਆਂ ਗੋਲੀਆਂ
NEXT STORY