ਬਟਾਲਾ, (ਬੇਰੀ)- ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਦੀ ਤਹਿਸੀਲ ਕਮੇਟੀ ਬਟਾਲਾ ਵੱਲੋਂ ਕੇਂਦਰੀ ਕਮੇਟੀ ਦੇ ਸੱਦੇ 'ਤੇ ਕੇਂਦਰ ਸਰਕਾਰ ਵਿਰੁੱਧ ਰੋਸ ਰੈਲੀ ਅਤੇ ਮੁਜ਼ਾਹਰਾ ਕੀਤਾ ਗਿਆ, ਜਿਸਦੀ ਅਗਵਾਈ ਤਹਿਸੀਲ ਸਕੱਤਰ ਸੰਤੋਖ ਸਿੰਘ ਔਲਖ, ਸੁਰਜੀਤ ਘੁਮਾਣ, ਜਗੀਰ ਸਿੰਘ, ਮਨਜੀਤ ਸਿੰਘ, ਨਰਿੰਦਰ ਨੇ ਸਾਂਝੇ ਤੌਰ 'ਤੇ ਕੀਤੀ। ਉਪਰੰਤ ਆਗੂਆਂ ਨੇ ਮੰਗ ਕੀਤੀ ਕਿ ਕੇਂਦਰ ਸਰਕਾਰ ਸੀ. ਪੀ. ਆਈ. (ਐੱਮ.) ਦੇ ਆਗੂਆਂ ਤੇ ਕਾਰਕੁੰਨਾਂ ਉਪਰ ਕਾਤਲਾਨਾ ਹਮਲੇ ਕਰਨ ਵਾਲਿਆਂ ਵਿਰੁੱਧ ਸਖਤ ਕਾਰਵਾਈ ਕਰੇ। ਮੁਜ਼ਾਹਰੇ ਤੋਂ ਪਹਿਲਾਂ ਰੈਲੀ ਨੂੰ ਸੰਬੋਧਨ ਕਰਦਿਆਂ ਪਾਰਟੀ ਦੀ ਕੇਂਦਰੀ ਕਮੇਟੀ ਦੇ ਮੈਂਬਰ ਕਾਮਰੇਡ ਰਘਬੀਰ ਸਿੰਘ ਪਕੀਵਾ ਤੇ ਕਾਮਰੇਡ ਜਸਵੰਤ ਬੁੱਟਰ, ਕਾਮਰੇਡ ਸ਼ਮਸ਼ੇਰ ਸਿੰਘ ਨਵਾਂ ਪਿੰਡ ਸੂਬਾ ਕਮੇਟੀ ਮੈਂਬਰ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਨੇ ਦਿੱਲੀ 'ਚ ਕੀਤੇ ਰੋਸ ਵਿਖਾਵੇ 'ਚ ਵੀ ਸੀ. ਪੀ. ਆਈ. (ਐੱਮ.) ਲੀਡਰਸ਼ਿਪ ਤੋਂ ਇਹੀ ਮੰਗ ਕੀਤੀ ਸੀ ਕਿ ਉਹ ਖੱਬੇਪੱਖੀ ਏਕਤਾ ਲਈ ਆਪਣੀ ਬਣਦੀ ਇਤਿਹਾਸਿਕ ਜ਼ਿੰਮੇਵਾਰੀ ਨੂੰ ਸਮਝੇ ਅਤੇ ਸਾਰੀਆਂ ਕਮਿਊਨਿਸਟ ਧਿਰਾਂ ਨੂੰ ਇਕਮੁੱਠ ਕਰਨ ਦਾ ਉਪਰਾਲਾ ਕਰੇ। ਉਨ੍ਹਾਂ ਕਿਹਾ ਕਿ ਵਰਕਰਾਂ 'ਤੇ ਹਮਲੇ ਕਰਨੇ, ਉਨ੍ਹਾਂ ਦੇ ਪਰਿਵਾਰਾਂ, ਦਫਤਰਾਂ, ਘਰਾਂ ਅਤੇ ਸ਼ਹੀਦਾਂ ਦੀਆਂ ਯਾਦਗਾਰਾਂ ਨੂੰ ਢਾਹੁਣਾ ਖੱਬੇਪੱਖੀ ਏਕਤਾ ਵਿਰੁੱਧ ਬਹੁਤ ਵੱਡਾ ਗੁਨਾਹ ਹੈ।
ਉਨ੍ਹਾਂ ਤ੍ਰਿਪੁਰਾ 'ਚ ਚੋਣਾਂ ਜਿੱਤਣ ਪਿੱਛੋਂ ਭਾਜਪਾ ਅਤੇ ਆਰ. ਐੱਸ. ਐੱਸ. ਦੇ ਕਾਰਕੁੰਨਾਂ ਵੱਲੋਂ ਆਪਣੀ ਸੂਬਾਈ ਤੇ ਕੇਂਦਰੀ ਲੀਡਰਸ਼ਿਪ ਦੀ ਸ਼ਹਿ 'ਤੇ ਸੀ. ਪੀ. ਆਈ. (ਐੱਮ.) ਦੇ ਆਗੂਆਂ ਤੇ ਕਾਰਕੁੰਨਾਂ ਤੇ ਕੀਤੇ ਗਏ ਕਾਤਲਾਨਾ ਹਮਲਿਆਂ ਅਤੇ ਲੈਨਿਨ ਦੇ ਬੁੱਤ ਨੂੰ ਬੁਲਡੋਜ਼ਰ ਨਾਲ ਢਾਹੁਣ ਦੀ ਪੁਰਜ਼ੋਰ ਨਿਖੇਧੀ ਕੀਤੀ। ਉਕਤ ਆਗੂਆਂ ਨੇ ਕਿਹਾ ਕਿ ਭਾਰਤ ਦੀਆਂ ਸਾਰੀਆਂ ਕਮਿਊਨਿਸਟ ਧਿਰਾਂ ਤੇ ਹੋਰ ਜਮਹੂਰੀ ਸਮਝਦਾਰੀ ਵਾਲੇ ਲੋਕ ਇਸਦਾ ਡਟ ਕੇ ਵਿਰੋਧ ਕਰਨਗੇ। ਉਨ੍ਹਾਂ ਸਮੂਹ ਕਿਰਤੀ ਲੋਕਾਂ ਨੂੰ ਭਾਜਪਾ ਅਤੇ ਸੰਘ ਪਰਿਵਾਰ ਦੀਆਂ ਇਨ੍ਹਾਂ ਧੱਕੇਸ਼ਾਹੀਆਂ ਵਿਰੁੱਧ 14 ਮਾਰਚ ਨੂੰ ਜਲੰਧਰ ਦੇ ਰੋਸ ਮੁਜ਼ਾਹਰੇ 'ਚ ਸ਼ਾਮਲ ਹੋਣ ਦੀ ਅਪੀਲ ਕੀਤੀ।
ਇਸ ਮੌਕੇ ਮਾਨਾ ਮਸੀਹ, ਸਤਨਾਮ ਸਿੰਘ, ਨਿਰਮਲ ਸਿੰਘ, ਵਿਜੇ ਅਗਨੀਹੋਤਰੀ, ਮਨਦੀਪ ਕੌਰ ਸ਼ਕਰੀ, ਵਿਰਗਟ ਖਾਨਫੱਤਾ, ਰਾਮ ਸਿੰਘ ਲੋਧੀਨੰਗਲ, ਤਰਸੇਮ, ਰੋਸ਼ਨ ਸਿੰਘ ਆਦਿ ਹਾਜ਼ਰ ਸਨ।
ਕਾਲੀਆਂ ਚੁੰਨੀਆਂ ਲੈ ਕੇ ਮਨਾਇਆ ਮਹਿਲਾ ਦਿਵਸ
NEXT STORY