ਜਲੰਧਰ (ਧਵਨ) - ਪੰਜਾਬ ਵਿਚ ਉਦਯੋਗਿਕ ਨਿਵੇਸ਼ ਨੂੰ ਚਾਲੂ ਵਿੱਤੀ ਸਾਲ ਦੀ ਪਹਿਲੀ ਤਿਮਾਹੀ ਵਿਚ ਭਾਰੀ ਉਤਸ਼ਾਹ ਮਿਲਿਆ ਹੈ ਅਤੇ ਵੱਖ-ਵੱਖ ਉਦਯੋਗਿਕ ਪ੍ਰਾਜੈਕਟਾਂ ਦੇ ਪ੍ਰਸਤਾਵਾਂ ਵਿਚ 50 ਫੀਸਦੀ ਤਕ ਦਾ ਵਾਧਾ ਦਰਜ ਕੀਤਾ ਹੈ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਨੇ ਉਦਯੋਗਿਕ ਨਿਵੇਸ਼ ਨੂੰ ਲੈ ਕੇ ਅੱਜ ਅੰਕੜੇ ਜਾਰੀ ਕੀਤੇ ਹਨ। ਸਰਕਾਰੀ ਬੁਲਾਰੇ ਨੇ ਦੱਸਿਆ ਕਿ ਪੰਜਾਬ ਬਿਊਰੋ ਆਫ ਇੰਡਸਟ੍ਰੀਅਲ ਪ੍ਰਮੋਸ਼ਨ ਨੂੰ 1 ਅਪ੍ਰੈਲ 2017 ਤੋਂ 30 ਜੂਨ 2018 ਤਕ ਪ੍ਰਸਤਾਵਿਤ ਨਿਵੇਸ਼ ਦੇ 161 ਪ੍ਰਾਜੈਕਟਾਂ ਲਈ 8644 ਕਰੋੜ ਦਾ ਪੂੰਜੀ ਨਿਵੇਸ਼ ਕਰਨ ਦੇ ਪ੍ਰਸਤਾਵ ਹਾਸਲ ਹੋਏ। 2018-19 ਵਿਚ ਹੀ ਬਿਊਰੋ ਨੂੰ 45 ਪ੍ਰਸਤਾਵ ਮਿਲੇ, ਜਿਨ੍ਹਾਂ ਵਿਚ 3112 ਕਰੋੜ ਰੁਪਏ ਦਾ ਪੂੰਜੀ ਨਿਵੇਸ਼ ਹੋਣਾ ਹੈ। ਔਸਤਨ ਪ੍ਰਤੀ ਮਹੀਨੇ ਪੂੰਜੀ ਨਿਵੇਸ਼ ਲਈ 1037 ਕਰੋੜ ਦੇ ਪ੍ਰਸਤਾਵ ਬਿਊਰੋ ਦੇ ਕੋਲ ਪਹੁੰਚੇ। ਇਸ ਤਰ੍ਹਾਂ 2017-18 ਵਿਚ ਕੁਲ 116 ਪ੍ਰਾਜੈਕਟਾਂ ਲਈ 5532 ਕਰੋੜ ਦੇ ਪ੍ਰਸਤਾਵ ਬਿਊਰੋ ਕੋਲ ਪਹੁੰਚੇ।
ਸਰਕਾਰੀ ਬੁਲਾਰੇ ਨੇ ਦੱਸਿਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬਿਊਰੋ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਹਨ ਕਿ ਨਿਵੇਸ਼ਕਾਂ ਅਤੇ ਉਦਯੋਗਾਂ ਦੇ ਪੂੰਜੀ ਨਿਵੇਸ਼ ਪ੍ਰਸਤਾਵਾਂ ਵਿਚ ਕੋਈ ਅੜਚਨ ਨਹੀਂ ਆਉਣੀ ਚਾਹੀਦੀ ਅਤੇ ਕਾਰੋਬਾਰ ਕਰਨ ਨੂੰ ਆਸਾਨ ਬਣਾਇਆ ਜਾਣਾ ਚਾਹੀਦਾ ਹੈ। ਸੂਬੇ ਵਿਚ ਪੂੰਜੀ ਨਿਵੇਸ਼ ਲਈ ਆਉਣ ਵਾਲੇ ਨਵੇਂ ਉਦਯੋਗਾਂ ਦਾ ਸਵਾਗਤ ਕਰਨ ਦੇ ਬਿਊਰੋ ਨੂੰ ਨਿਰਦੇਸ਼ ਦਿੱਤੇ ਗਏ। ਅਪ੍ਰੈਲ 2017 ਤੋਂ ਬਾਅਦ ਮੈਨੂਫੈਕਚਰਿੰਗ ਸੈਕਟਰ ਤੋਂ 2946 ਕਰੋੜ ਨਿਵੇਸ਼ ਕਰਨ ਦੇ 61 ਪ੍ਰਸਤਾਵ, ਖੇਤੀ ਅਤੇ ਫੂਡ ਪ੍ਰੋਸੈਸਿੰਗ ਖੇਤਰ ਵਿਚ 1977 ਕਰੋੜ ਦੇ 37 ਪ੍ਰਾਜੈਕਟ, ਸੈਰ-ਸਪਾਟੇ ਦੇ 9046 ਕਰੋੜ ਦੇ 23 ਪ੍ਰਾਜੈਕਟ, ਮੁਢਲੇ ਢਾਂਚੇ ਵਿਚ ਨਿਵੇਸ਼ ਦੇ 7038 ਕਰੋੜ ਦੇ 12 ਪ੍ਰਾਜੈਕਟ, ਸਿੱਖਿਆ ਖੇਤਰ ਵਿਚ 1056 ਕਰੋੜ ਦੇ ਨਿਵੇਸ਼ ਲਈ 9 ਪ੍ਰਾਜੈਕਟ, ਸੂਚਨਾ ਤਕਨੀਕ ਵਿਚ 1050 ਕਰੋੜ ਦੇ ਨਿਵੇਸ਼ ਦੇ 7 ਪ੍ਰਾਜੈਕਟ ਸਿਹਤ ਅਤੇ ਬਾਇਓ ਸਾਇੰਸ ਵਿਚ 1 ਕਰੋੜ ਦੇ ਨਿਵਾਸ਼ ਲਈ 1 ਪ੍ਰਾਜੈਕਟ ਅਤੇ 59 ਕਰੋੜ ਦੇ 4 ਹੋਰ ਪ੍ਰਾਜੈਕਟ ਹਾਸਲ ਹੋਏ। ਇਸੇ ਤਰ੍ਹਾਂ ਨਵੀਂ ਅਤੇ ਨਵਿਆਉਣਯੋਗ ਊਰਜਾ ਲਈ 1701 ਕਰੋੜ ਦੇ 7 ਪ੍ਰਾਜੈਕਟ ਹਾਸਲ ਹੋਏ।
ਜ਼ਿਲੇਵਾਰ ਜੇਕਰ ਪ੍ਰਾਜੈਕਟ ਪ੍ਰਸਤਾਵਾਂ ਨੂੰ ਵੇਖਿਆ ਜਾਏ ਤਾਂ ਮੋਹਾਲੀ ਵਿਚ 1277 ਕਰੋੜ ਦੇ 44 ਪ੍ਰਾਜੈਕਟ, ਲੁਧਿਆਣਾ ਵਿਚ 1485 ਕਰੋੜ ਦੇ 30 ਪ੍ਰਾਜੈਕਟ ਬਿਊਰੋ ਦੇ ਕੋਲ ਪਹੁੰਚੇ ਹਨ। ਚਾਲੂ ਵਿੱਤੀ ਸਾਲ ਦੀ ਪਹਿਲੀ ਤਿਮਾਹੀ ਵਿਚ ਵਰੁਣ ਬੇਵਰੀਜ਼ਿਜ਼ ਨੇ 799 ਕਰੋੜ ,ਸੀ. ਆਰ. ਐੱਮ. ਸਰਵਿਸਿਜ਼ ਇੰਡੀਆ ਨੇ 53 ਕਰੋੜ, ਹਿੰਦੋਸਤਾਨ ਯੂਨੀਲਿਵਰ ਨੇ 84.66 ਕਰੋੜ, ਜਰਮਨੀ ਦੀ ਕੰਪਨੀ ਨੇ 71.68 ਕਰੋੜ, ਅਰੋੜਾ ਆਇਰਨ ਐਂਡ ਸਟੀਲ ਰੋਲਿੰਗ ਮਿਲਜ਼ ਨੇ 148 ਕਰੋੜ, ਯੂਨਾਈਟਿਡ ਬਾਇਓਟੈੱਕ ਪ੍ਰਾਈਵੇਟ ਲਿਮ. ਨੇ 100 ਕਰੋੜ, ਆਈ. ਓ. ਐੱਲ. ਕੈਮੀਕਲਜ਼ ਐਂਡ ਫਾਰਮਾਸਿਊਟੀਕਲਜ਼ ਨੇ 231.22 ਕਰੋੜ, ਮਾਧਵ ਐਰਾਈਜ਼ ਨੇ 152.34 ਕਰੋੜ, ਨਿਊ ਵੇ ਰੀਨਿਊਏਬਲ ਐਨਰਜੀ ਨੇ 20 ਕਰੋੜ ਅਤੇ ਇਨਫਰਾਸਟਰਕਚਰ ਕੰਪਨੀ ਨੇ 652 ਕਰੋੜ ਦੇ ਪ੍ਰਾਜੈਕਟ ਚਾਲੂ ਵਿੱਤੀ ਸਾਲ ਦੀ ਪਹਿਲੀ ਤਿਮਾਹੀ ਵਿਚ ਸਰਕਾਰ ਦੇ ਸਾਹਮਣੇ ਰੱਖੇ। ਕੈਪਟਨ ਅਮਰਿੰਦਰ ਸਿੰਘ ਸਰਕਾਰ ਬਣਨ ਤੋਂ ਬਾਅਦ ਕੁਲ 177 ਐੱਮ. ਓ. ਯੂ. 'ਤੇ ਦਸਤਖਤ ਹੋਏ, ਜਿਨ੍ਹਾਂ ਦੇ ਤਹਿਤ ਜੁਲਾਈ 2017 ਤੋਂ ਜੁਲਾਈ 2018 ਵਿਚਾਲੇ 47 ਹਜ਼ਾਰ 116 ਕਰੋੜ ਰੁਪਏ ਦਾ ਨਿਵੇਸ਼ ਹੋਵੇਗਾ। ਇਸ ਦੇ ਉਲਟ ਪਿਛਲੀ ਸਰਕਾਰ ਦੇ ਕਾਰਜਕਾਲ ਵਿਚ ਜੁਲਾਈ 2016 ਤੋਂ ਜੁਲਾਈ 2017 ਵਿਚਾਲੇ ਸਿਰਫ 8500 ਕਰੋੜ ਦੀਆਂ 157 ਅਰਜ਼ੀਆਂ ਹਾਸਲ ਹੋਈਆਂ ਸਨ।
ਬਲਾਕ ਸੰਮਤੀ, ਜ਼ਿਲਾ ਪ੍ਰੀਸ਼ਦ ਤੇ ਪੰਚਾਇਤੀ ਚੋਣਾਂ 'ਚ ਕਾਂਗਰਸ ਦੀ ਇਤਿਹਾਸਕ ਜਿੱਤ ਹੋਵੇਗੀ
NEXT STORY