ਚੰਡੀਗੜ੍ਹ (ਅੰਕੁਰ): ਪਟਿਆਲਾ ਜ਼ਿਲ੍ਹੇ ਵਿਚ ਕੌਮੀ ਰਾਜਮਾਰਗ ’ਤੇ ਪੁਲ਼ ਢਹਿਣ ਦੀ ਘਟਨਾ ਦਾ ਗੰਭੀਰ ਨੋਟਿਸ ਲੈਂਦਿਆਂ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ.ਟੀ.ਓ. ਨੇ ਸੂਬੇ ਭਰ ਦੇ ਪੁਲਾਂ ਦਾ ਵਿਆਪਕ ਨਿਰੀਖਣ ਕਰਨ ਦੇ ਨਿਰਦੇਸ਼ ਦਿੱਤੇ ਹਨ। ਉਨ੍ਹਾਂ ਵਿਭਾਗ ਦੇ ਸਾਰੇ ਸੀਨੀਅਰ ਫੀਲਡ ਇੰਜੀਨੀਅਰਾਂ ਨੂੰ ਆਪਣੇ ਅਧਿਕਾਰ ਖੇਤਰ ’ਚ ਆਉਂਦੇ ਪੁਲਾਂ ਦੀ ਜਾਂਚ ਕਰਕੇ ਨੀਂਹ, ਖੰਭਿਆਂ, ਡੈੱਕ ਤੇ ਹੋਰ ਅਹਿਮ ਹਿੱਸਿਆਂ ਦੀ ਸਥਿਤੀ ਦਾ ਜਾਇਜ਼ਾ ਲੈਣ ਲਈ ਕਿਹਾ ਹੈ। ਕਿਸੇ ਵੀ ਤਰੇੜ ਜਾਂ ਢਾਂਚਾਗਤ ਖ਼ਰਾਬੀ ਦੀ ਤੁਰੰਤ ਜਾਂਚ ਕਰਕੇ ਲੋੜੀਂਦੇ ਸੁਰੱਖਿਆ ਕਦਮ ਚੁੱਕਣ ਦੇ ਹੁਕਮ ਵੀ ਦਿੱਤੇ ਗਏ ਹਨ।
ਮੰਤਰੀ ਨੇ ਕਿਹਾ ਕਿ ਪੁਰਾਣੇ ਅਤੇ ਕਮਜ਼ੋਰ ਪੁਲਾਂ ਦਾ ਲੋੜ ਪੈਣ ’ਤੇ ਵਿਸ਼ੇਸ਼ ਏਜੰਸੀਆਂ ਜਾਂ ਤਕਨੀਕੀ ਮਾਹਿਰਾਂ ਰਾਹੀਂ ਸੁਰੱਖਿਆ ਆਡਿਟ ਅਤੇ ਨਾਨ-ਡਿਸਟ੍ਰੱਕਟਿਵ ਟੈਸਟਿੰਗ ਕਰਵਾਈ ਜਾਵੇਗੀ। ਨਿਰੀਖਣ ਦੇ ਨਤੀਜਿਆਂ ਦੇ ਆਧਾਰ ’ਤੇ ਮੁਰੰਮਤ, ਮਜ਼ਬੂਤੀ ਅਤੇ ਮੁੜ-ਵਸੇਬੇ ਸਬੰਧੀ ਸਿਫ਼ਾਰਸ਼ਾਂ ਦਰਜ ਕੀਤੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਲੋਕਾਂ ਦੀ ਸੁਰੱਖਿਆ ਸਰਕਾਰ ਦੀ ਪਹਿਲ ਹੈ ਅਤੇ ਕਿਸੇ ਵੀ ਅਣਸੁਖਾਵੀਂ ਘਟਨਾ ਨੂੰ ਰੋਕਣ ਲਈ ਜਾਂਚ ਦਾ ਕੰਮ ਪਹਿਲ ਦੇ ਆਧਾਰ ’ਤੇ ਕੀਤਾ ਜਾਵੇ।
ਮੀਟਿੰਗ ਦੌਰਾਨ ਈ.ਟੀ.ਓ. ਨੇ ਰਾਜ ਮਾਰਗਾਂ ਅਤੇ ਸੰਪਰਕ ਸੜਕਾਂ ਦੇ ਚੱਲ ਰਹੇ ਕੰਮਾਂ ਦੀ ਵੀ ਸਮੀਖਿਆ ਕੀਤੀ। ਉਨ੍ਹਾਂ ਐੱਸ.ਏ.ਐੱਸ.ਸੀ.ਆਈ., ਪੀ.ਐੱਮ.ਜੀ.ਐੱਸ.ਵਾਈ. ਅਤੇ ਨਾਬਾਰਡ ਤਹਿਤ ਚੱਲ ਰਹੇ ਪ੍ਰਾਜੈਕਟ ਨਿਰਧਾਰਤ ਸਮੇਂ ਵਿੱਚ ਪੂਰੇ ਕਰਨ ਦੇ ਨਿਰਦੇਸ਼ ਦਿੱਤੇ। ਸਰਦੀਆਂ ਵਿਚ ਧੁੰਦ ਕਾਰਨ ਹਾਦਸਿਆਂ ਤੋਂ ਬਚਾਅ ਲਈ ਬਾਕੀ ਰਹਿੰਦੀਆਂ ਸੜਕਾਂ ’ਤੇ ਲੇਨ ਮਾਰਕਿੰਗ ਅਤੇ ਹੋਰ ਸੁਰੱਖਿਆ ਉਪਕਰਣ ਲਗਾਉਣ ਲਈ ਵੀ ਕਿਹਾ ਗਿਆ। ਮੰਤਰੀ ਨੇ ਦੱਸਿਆ ਕਿ ਸਰਕਾਰ ਵੱਲੋਂ ਸੂਬੇ ਵਿੱਚ 45 ਹਜ਼ਾਰ ਕਿਲੋਮੀਟਰ ਸੜਕਾਂ ਦੇ ਨਿਰਮਾਣ ਅਤੇ ਨਵੀਨੀਕਰਨ ਦਾ ਕੰਮ ਕਰਵਾਇਆ ਜਾ ਰਿਹਾ ਹੈ।
ਪੰਜਾਬ 'ਚ ਹੋ ਗਿਆ Blackout! ਇਨ੍ਹਾਂ ਇਲਾਕਿਆਂ 'ਚ ਛਾਇਆ ਹਨ੍ਹੇਰਾ, ਲੱਗਾ ਲੰਬਾ Power Cut
NEXT STORY